ਡਾ. ਅੰਬੇਦਕਰ ਦਾ ਜੀਵਨ ਸੰਘਰਸ਼ ਤੇ ਸਫ਼ਲਤਾ ਦੀ ਅਦੁੱਤੀ ਮਿਸਾਲ: ਡੀਸੀ ਸ੍ਰੀਮਤੀ ਸਪਰਾ

ਜ਼ਿਲ੍ਹਾ ਪ੍ਰਸ਼ਾਸਨ ਨੇ ਸਮਾਜਿਕ ਨਿਆਂ ਦਿਵਸ ਵਜੋਂ ਮਨਾਇਆ ਡਾ. ਬੀ.ਆਰ.ਅੰਬੇਦਕਰ ਦਾ ਜਨਮ ਦਿਵਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਪਰੈਲ:
ਭਾਰਤ ਰਤਨ ਡਾ. ਬੀ.ਆਰ.ਅੰਬੇਦਕਰ ਦੇ ਜਨਮ ਦਿਵਸ ਨੂੰ ਸਮਾਜਿਕ ਨਿਆਂ ਦਿਵਸ ਵਜੋਂ ਮਨਾਉਂਦਿਆਂ ਜ਼ਿਲ੍ਹਾ ਪੱਧਰੀ ਸਮਾਗਮ ਇੱਥੋਂ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਰਵਾਇਆ ਗਿਆ, ਜਿਸ ਦੇ ਨਾਲ ਹੀ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਚ 14 ਅਪ੍ਰੈਲ ਤੋਂ 5 ਮਈ ਤੱਕ ਚਲਾਏ ਜਾਣ ਵਾਲੇ ਗਰਾਮ ਸਵਰਾਜ ਅਭਿਆਨ ਦੀ ਸ਼ੁਰੂਆਤ ਹੋਈ। ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਡਾ. ਬੀ.ਆਰ.ਅੰਬੇਦਕਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਨੇ ਡਾ. ਅੰਬੇਦਕਰ ਦੇ ਜੀਵਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਬਾ ਸਾਹਿਬ ਦੇ ਨਾਂ ਨਾਲ ਜਾਣੇ ਜਾਂਦੇ ਡਾ. ਅੰਬੇਦਕਰ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਸਨ ਤੇ ਉਨ੍ਹਾਂ ਦਾ ਜੀਵਨ ਸੰਗਰਸ਼ ਅਤੇ ਸਫ਼ਲਤਾ ਦੀ ਅਜਿਹੀ ਅਦੁੱਤੀ ਮਿਸਾਲ ਹੈ, ਜੋ ਸ਼ਇਦ ਹੀ ਕਿਤੇ ਹੋਰ ਦੇਖਣ ਨੂੰ ਮਿਲੇ। ਉਨ੍ਹਾਂ ਨੇ ਭਾਰਤੀਆਂ ਨੂੰ ਇੱਕ ਨਵੀਂ ਪਛਾਣ ਦਿੱਤੀ ਤੇ ਗਿਆਨ ਦੀ ਰੌਸ਼ਨੀ ਵਿਖਾਈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡਾ. ਅੰਬੇਦਕਰ ਇੱਕ ਮਹਾਨ ਕਾਨੂੰਨਸਾਜ਼, ਅਰਥਸ਼ਾਸਤਰੀ, ਰਾਜਨੀਤਕ ਅਤੇ ਸਮਾਜ ਸੁਧਾਰਕ ਸਨ ਤੇ ਉਨ੍ਹਾਂ ਨੇ ਸਮਾਜਿਕ ਅਸਮਾਨਤਾ ਖ਼ਿਲਾਫ਼ ਵੱਡੇ ਪੱਧਰ ’ਤੇ ਜਦੋਜਹਿਦ ਕੀਤੀ। ਸ੍ਰੀਮਤੀ ਸਪਰਾ ਨੇ ਕਿਹਾ ਕਿ ਸਮਾਜ ਦੀ ਬਿਹਤਰੀ ਲਈ ਸਿੱਖਿਆ ਉਤੇ ਵਿਸ਼ੇਸ਼ ਤੌਰ ’ਤੇ ਧਿਆਨ ਕੇਂਦਰਿਤ ਕੀਤਾ ਜਾਣਾ ਲਾਜ਼ਮੀ ਹੈ। ਸਿੱਖਿਆ ਦੇ ਨਾਲ ਹੀ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਚ 5 ਮਈ ਤੱਕ ਗਰਾਮ ਸਵਰਾਜ ਅਭਿਆਨ ਚਲਾਇਆ ਜਾਵੇਗਾ। ਇਸ ਅਭਿਆਨ ਦਾ ਟਿੱਚਾ ਸਮਾਜਿਕ ਸਦਭਾਵਨਾ ਨੂੰ ਉਤਸ਼ਾਹਿਤ ਕਰਨਾ, ਚੱਲ ਰਹੇ ਸਰਕਾਰੀ ਪ੍ਰੋਗਰਾਮਾਂ ਬਾਰੇ ਸੁਝਾਅ ਲੈਣਾ, ਨਵੀਆਂ ਪਹਿਲ ਕਦਮੀਆਂ ਵਿਚ ਲੋਕਾਂ ਦੀ ਸ਼ਮੂਲੀਅਤ ਵਧਾਉਣਾ, ਕਿਸਾਨਾਂ ਦੀ ਆਮਦਨ ਵਧਾਉਣਾ, ਰੋਜ਼ੀ ਰੋਟੀ ਦੇ ਮੌਕਿਆਂ ਵਿਚ ਵਾਧਾ ਕਰਨਾ, ਕੌਮੀ ਤਰਜੀਹਾਂ ਜਿਵੇਂ ਕਿ ਸਵੱਛਤਾ ਅਭਿਆਨ ਉੱਤੇ ਮੁੜ ਜ਼ੋਰ ਦੇਣਾ ਅਤੇ ਪੰਚਾਇਤੀ ਰਾਜ ਸੰਸਥਾਵਾਂ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਦੱÎਸਿਆ ਕਿ ਇਸ ਅਭਿਆਨ ਤਹਿਤ ਇਹ ਯਕੀਨੀ ਬਣਾਇਆ ਜਾਵੇਗਾ ਕਿ ਮੁੱਖ ਤੌਰ ’ਤੇ 7 ਸਕੀਮਾਂ, ਉਜਾਲਾ ਯੋਜਨਾ, ਪ੍ਰਧਾਨ ਮੰਤਰੀ ਉਜਵਲਾ ਯੋਜਨਾ, ਸਹਿਜ ਬਿਜਲੀ ਹਰ ਘਰ ਯੋਜਨਾ -ਸੌਭਾਗਿਆ, ਪ੍ਰਧਾਨ ਮੰਤਰੀ ਜਨ ਧਨ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ, ਪ੍ਰਧਾਨ ਮੰਤਰੀ ਸੁਰੱਕਸ਼ਾ ਬੀਮਾ ਯੋਜਨਾ ਅਤੇ ਮਿਸ਼ਨ ਇੰਦਰਧਨੁਸ਼ ਤਹਿਤ ਕੋਈ ਵੀ ਲੋੜਵੰਦ ਵਿਅਕਤੀ ਸਕੀਮਾਂ ਦੀ ਪਾਤਰਤਾ ਅਤੇ ਲਾਭ ਤੋਂ ਵਾਂਝਾ ਨਾ ਰਹੇ। ਇਸ ਮੁਹਿੰਮ ਦਾ ਇਕ ਖਾਸ ਪੱਖ ਇਹ ਵੀ ਹੋਵੇਗਾ ਕਿ ਗਰਾਮ ਪੰਚਾਇਤਾਂ ਦੇ ਫੰਡਾਂ ਅਤੇ ਗਰਾਮ ਪੰਚਾਇਤਾਂ ਦੁਆਰਾ ਸਬੰਧਤ ਵਿਭਾਗਾਂ ਦੀਆਂ ਸਕੀਮਾਂ ਨੂੰ ਚਲਾਉਣ ਲਈ ਕੀਤੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਜਨਤਕ ਕੀਤੀ ਜਾਵੇਗੀ। ਇਸ ਕੰਮ ਲਈ ਪੰਚਾਇਤੀ ਖੇਤਰ ਵਿਚ ਕੰਧ ’ਤੇ ਪੈਟਿੰਗ ਬਣਾਉਣ ਜਾਂ ਫਲੈਕਸ ਦੀ ਮਦਦ ਲਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਗਰਾਮ ਸਵਰਾਜ ਅਭਿਆਨ ਤਹਿਤ ਜ਼ਿਲ੍ਹਾ ਪੱਧਰ ’ਤੇ ਸਮਾਜਿਕ ਨਿਆਂ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ ਹੈ ਤੇ 18 ਅਪ੍ਰੈਲ ਨੂੰ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਲੋਂ ਪ੍ਰੋਗਰਾਮ ਕਰਵਾਇਆ ਜਾਵੇਗਾ ਅਤੇ ਸਾਰੀਆਂ ਗਰਾਮ ਪੰਚਾਇਤਾਂ ਵਿਚ ਵੀ ਸਵੱਛ ਭਾਰਤ ਦਿਵਸ ਮਨਾਇਆ ਜਾਵੇਗਾ ਤੇ ਸਵੱਛਤਾ ਸਬੰਧੀ ਜਾਗਰੂਕ ਕਰਨ ਲਈ ਰੈਲੀਆਂ ਵੀ ਕੱਢੀਆਂ ਜਾਣਗੀਆਂ। ਇਸੇ ਤਰ੍ਹਾਂ 20 ਅਪ੍ਰੈਲ ਨੂੰ ਉਜਵਲਾ ਦਿਵਸ ਮਨਾਇਆ ਜਾਵੇਗਾ, ਜਿਸ ਤਹਿਤ ਪੰਚਾਇਤਾਂ ਦੀਆਂ ਵਿਸ਼ੇਸ਼ ਮੀਟਿੰਗਾਂ ਕਰਵਾਉਣ ਦੇ ਨਾਲ-ਨਾਲ ਉਜਵਲਾ ਲਾਭਪਾਤਰੀਆਂ ਨੂੰ ਐਲ.ਪੀ.ਜੀ. ਗੈਸ ਸਿਲੰਡਰ ਵੰਡਣ ਦੇ ਨਾਲ-ਨਾਲ ਐਲ.ਪੀ.ਜੀ. ਸਬੰਧੀ ਸੁਰੱਖਿਆ ਅਤੇ ਵਰਤੋਂ ਬਾਰੇ ਜਾਗਰੂਕ ਕੀਤਾ ਜਾਵੇਗਾ।
ਸਵਰਾਜ ਅਭਿਆਨ ਤਹਿਤ 24 ਅਪ੍ਰੈਲ ਨੂੰ ਰਾਸ਼ਟਰੀ ਪੰਚਾਇਤੀ ਰਾਜ ਦਿਵਸ 2018 ਮਨਾਉਣ ਲਈ ਰਾਸ਼ਟਰੀ ਪੱਧਰ ’ਤੇ ਸਮਾਗਮ ਕਰਵਾਇਆ ਜਾਣਾ ਹੈ। ਉਸ ਦਿਨ ਪ੍ਰਧਾਨ ਮੰਤਰੀ ਵਲੋਂ ਚੰਗੀ ਕਾਰਗੁਜ਼ਾਰੀ ਵਾਲੀਆਂ ਪੰਚਾਇਤਾਂ ਨੂੰ ਈ-ਪੰਚਾਇਤ ਪੁਰਸਕਾਰ, ਦੀਨ ਦਿਆਲ ਉਪਾਧਿਆ ਪੰਚਾਇਤ ਸਸ਼ਕਤੀਕਰਨ ਪੁਰਸਕਾਰ, ਨਾਨਾ ਜੀ ਦੇਸ਼ਮੁੱਖ ਰਾਸ਼ਟਰੀ ਗੌਰਵ ਸਭਾ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਦਿਨ ਗਰਾਮ ਪੰਚਾਇਤਾਂ ਵਲੋਂ ਵਿਸ਼ੇਸ਼ ਗਰਾਮ ਸਭਾ ਦਾ ਆਯੋਜਨ ਵੀ ਕੀਤਾ ਜਾਵੇਗਾ, ਜਿਸ ਵਿਚ ਟੀਕਾਕਰਨ ਅਤੇ ਸਿਹਤ, ਅੌਰਤਾਂ ਦਾ ਸਸ਼ਕਤੀਕਰਨ ਅਤੇ ਸਮਾਜ ਵਿਕਾਸ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਬਾਲ ਪੰਚਾਇਤਾਂ ਵਿਚ ਡਰਾਇੰਗ/ਪੇਟਿੰਗ ਅਤੇ ਲੇਖ ਲਿਖਣ ਦੇ ਮੁਕਾਬਲੇ ਵੀ ਕਰਵਾਏ ਜਾਣਗੇ।
ਸ੍ਰੀਮਤੀ ਸਪਰਾ ਨੇ ਦੱਸਿਆ ਕਿ 28 ਅਪ੍ਰੈਲ ਨੂੰ ਗਰਾਮ ਸਵਰਾਜ ਦਿਵਸ ਸਬੰਧੀ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਜਾਵੇਗਾ, ਜਿਸ ਵਿਚ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗਰਾਮੀਣ ਅਤੇ ਪ੍ਰਧਾਨ ਮੰਤਰੀ ਸਹਿਜ ਬਿਜਲੀ ਹਰ ਘਰ ਯੋਜਨਾ-ਸੌਭਾਗਿਆ ਅਤੇ ਸਰਕਾਰ ਦੀਆਂ ਹੋਰ ਸਕੀਮਾਂ ਦੇ ਲਾਭਪਾਤਰੀਆਂ ਨੂੰ ਸੱਦ ਕੇ ਉਨ੍ਹਾਂ ਨੂੰ ਪਾਤਰਤਾ ਦਿੱਤੀ ਜਾਵੇਗੀ। ਇਸ ਦੇ ਨਾਲ-ਨਾਲ ਵੱਖੋ-ਵੱਖ ਸਕੀਮਾਂ ਨੂੰ ਸੁਚੱਜੇ ਢੰਗ ਨਾਲ ਚਲਾਉਣ ਵਾਲੇ ਅਧਿਕਾਰੀਆਂ ਦਾ ਸਨਮਾਨ ਵੀ ਕੀਤਾ ਜਾਵੇਗਾ। ਜਿਹੜੇ ਬਲਾਕ ਜਾਂ ਗਰਾਮ ਪੰਚਾਇਤਾਂ ਨੇ ਵੱਖੋ-ਵੱਖਰੇ ਪ੍ਰੋਗਰਾਮਾਂ ਨੂੰ ਵਧੀਆ ਢੰਗ ਨਾਲ ਲਾਗੂ ਕੀਤਾ ਹੈ, ਉਨ੍ਹਾਂ ਦਾ ਵੀ ਸਨਮਾਨ ਕੀਤਾ ਜਾਵੇਗਾ। 30 ਅਪ੍ਰੈਲ ਨੂੰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂ ਆਯੂਸ਼ਮਾਨ ਭਾਰਤ ਦਿਵਸ ਮਨਾਇਆ ਜਾਵੇਗਾ ਅਤੇ ਗਰਾਮ ਪੰਚਾਇਤ ਪੱਧਰ ’ਤੇ ਮੈਡੀਕਲ ਬੀਮਾ/ਆਯੂਸ਼ਮਾਨ ਭਾਰਤ ਸਕੀਮ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
2 ਮਈ ਨੂੰ ਖੇਤੀਬਾੜੀ ਵਿਭਾਗ ਵਲੋਂ ਕਿਸਾਨ ਕਲਿਆਣ ਦਿਵਸ ਮਨਾਇਆ ਜਾਵੇਗਾ ਤੇ ਇਸੇ ਤਰ੍ਹਾਂ 5 ਮਈ ਨੂੰ ਆਜੀਵਿਕਾ ਦਿਵਸ ਮਨਾਇਆ ਜਾਵੇਗਾ। ਸਮਾਗਮ ਵਿੱਚ ਕਮਿਸ਼ਨਰ ਨਗਰ ਨਿਗਮ ਸੰਦੀਪ ਹੰਸ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਚਰਨਦੇਵ ਸਿੰਘ ਮਾਨ, ਐਸ.ਡੀ.ਐਮ.ਮੋਹਾਲੀ ਡਾ. ਆਰ.ਪੀ. ਸਿੰਘ , ਸਹਾਇਕ ਕਮਿਸ਼ਨਰ (ਜਨਰਲ) ਜਸਬੀਰ ਸਿੰਘ, ਸਿਵਲ ਸਰਜਨ ਡਾ. ਰੀਟਾ ਭਾਰਦਵਾਜ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਡੀ.ਕੇ. ਸਾਲਦੀ, ਡੀ.ਐਫ.ਐਸ.ਈ. ਸੁਖਵਿੰਦਰ ਸਿੰਘ, ਬੀ.ਡੀ.ਪੀ.ਓ. ਡੇਰਾਬੱਸੀ ਬਲਜਿੰਦਰ ਸਿੰਘ ਗਰੇਵਾਲ, ਬੀ.ਡੀ.ਪੀ.ਓ. ਖਰੜ ਰਾਣਾ ਪ੍ਰਤਾਪ ਸਿੰਘ, ਬੀ.ਡੀ.ਪੀ.ਓ. ਮਾਜਰੀ ਦਿਲਾਵਰ ਕੌਰ, ਦਫਤਰ ਤਹਿਸੀਲ ਭਲਾਈ ਅਫ਼ਸਰ ਤੋਂ ਅਤਿੰਦਰ ਪਾਲ ਸਿੰਘ ਅਤੇ ਅਵਤਾਰ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਸ਼ਾਮਲ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …