
ਰਾਜਪੁਰਾ ਆਈਟੀਆਈ ਚੌਕ ’ਤੇ ਡਾ. ਭੀਮ ਰਾਓ ਅੰਬੇਦਕਰ ਸਾਹਿਬ ਦਾ ਬੁੱਤ ਸਥਾਪਿਤ
ਮੁਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਬੁੱਤ ਤੋਂ ਹਟਾਇਆ ਪਰਦਾ, ਸਮਾਜ ਨੂੰ ਇਕਜੁੱਟ ਹੋਣ ਦੀ ਅਪੀਲ
ਨਬਜ਼-ਏ-ਪੰਜਾਬ ਬਿਊਰੋ, ਰਾਜਪੁਰਾ, 10 ਅਕਤੂਬਰ:
ਜੁਆਇੰਟ ਐਕਸ਼ਨ ਕਮੇਟੀ ਅਤੇ ਸਮੂਹ ਐਸਸੀ, ਸਮਾਜ ਰਾਜਪੁਰਾ ਵੱਲੋਂ ਸਥਾਨਕ ਆਈਟੀਆਈ ਚੌਕ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਦੀ 10 ਫੁੱਟ ਉੱਚਾ ਬੁੱਤ ਸਥਾਪਿਤ ਕੀਤਾ ਗਿਆ। ਡਾ. ਅੰਬੇਦਕਰ ਜੀ ਦੇ ਬੁੱਤ ਤੋਂ ਪਰਦਾ ਹਟਾਉਣ ਦੀ ਰਸਮ ਮੁਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਨਿਭਾਈ। ਇਸ ਮੌਕੇ ਹਾਜ਼ਰ ਲੋਕਾਂ ਨੇ ਜੈ ਭੀਮ-ਜੈ ਭਾਰਤ ਦੇ ਨਾਅਰੇ ਲਗਾਏ। ਇੱਥੇ ਇਹ ਦੱਸਣਯੋਗ ਹੈ ਕਿ ਸ਼ਰਾਰਤੀ ਅਨਸਰਾਂ ਵੱਲੋਂ ਇਸ ਚੌਕ ’ਤੇ ਲੱਗੀ ਭੀਮ ਰਾਓ ਡਾ. ਅੰਬੇਦਕਰ ਦੇ ਬੁੱਤ ਦੀ 15 ਸਤੰਬਰ 2019 ਅਤੇ 27 ਫਰਵਰੀ 2021 ਨੂੰ ਦੋ ਵਾਰ ਬੇਅਦਬੀ ਕੀਤੀ ਜਾ ਚੁੱਕੀ ਹੈ। ਪ੍ਰਬੰਧਕਾਂ ਵੱਲੋਂ ਸਮਾਜ ਸੇਵੀ ਆਗੂ ਅਤੇ ਜਨਤਾਲੈਂਡ ਪ੍ਰਮੋਟੋਰਜ਼ ਦੇ ਐਮਡੀ ਕੁਲਵੰਤ ਸਿੰਘ ਅਤੇ ਸਮਾਜ ਦੇ ਉੱਦਮੀ ਵਿਅਕਤੀਆਂ ਦੇ ਸਹਿਯੋਗ ਨਾਲ ਇਹ ਤੀਜੀ ਮੂਰਤੀ ਤਿਆਰ ਕਰਵਾ ਕੇ ਸਥਾਪਿਤ ਕੀਤੀ ਗਈ ਹੈ।
ਇਸ ਮੌਕੇ ਸ੍ਰ. ਕੁਲਵੰਤ ਸਿੰਘ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਦਕਰ ਨੂੰ ਲੋਕ ਕੇਵਲ ਐੱਸਸੀ ਸਮਾਜ ਦਾ ਹੀ ਮਸੀਹਾ ਸਮਝਦੇ ਹਨ ਜਦੋਂਕਿ ਸਚਾਈ ਇਹ ਹੈ ਕਿ ਸੰਵਿਧਾਨ ਵਿੱਚ ਉਨ੍ਹਾਂ ਨੇ ਸਮਾਜ ਦੇ ਹਰੇਕ ਵਰਗ ਨੂੰ ਬਣਦਾ ਮਾਣ ਸਨਮਾਨ ਦਿੱਤਾ ਹੈ। ਉਨ੍ਹਾਂ ਨੇ ਅੌਰਤਾਂ ਲਈ ਰਾਖਵਾਂਕਰਨ, ਨਾਬਾਲਗ ਬੱਚਿਆਂ ਅਤੇ ਫੈਕਟਰੀ ਮਜ਼ਦੂਰਾਂ ਦੇ ਹੱਕਾਂ ਲਈ ਕਾਨੂੰਨ ਬਣਾਏ। ਉਹ ਜਨਰਲ ਵਰਗ ਦੇ ਗ਼ਰੀਬ ਲੋਕਾਂ ਲਈ ਰਾਖਵਾਂਕਰਨ ਰੱਖਣਾ ਚਾਹੁੰਦੇ ਸਨ ਜੋ ਕਿ ਕਿਸੇ ਕਾਰਨਾਂ ਕਰਕੇ ਸਿਰੇ ਨਾ ਚੜ੍ਹ ਸਕਿਆ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦੀ ਸਭ ਤੋਂ ਵੱਡੀ ਦੇਣ ਦੱਬੇ ਕੁਚਲੇ ਲੋਕਾਂ ਨੂੰ ਹੈ। ਜਿਨ੍ਹਾਂ ਦੇ ਹੱਕਾਂ ਦੀ ਰਾਖੀ ਕਰਦੇ ਕਾਨੂੰਨ ਬਣਾ ਕੇ ਉਨ੍ਹਾਂ ਨੂੰ ਸਵੈਮਾਣ ਨਾਲ ਜੀਵਨ ਜਿਊਣ ਦਾ ਫ਼ਲਸਫ਼ਾ ਦਿੱਤਾ। ਪ੍ਰਬੰਧਕਾਂ ਵੱਲੋਂ ਸ੍ਰ. ਕੁਲਵੰਤ ਸਿੰਘ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਾਬਕਾ ਮੇਅਰ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।
ਇਸ ਮੌਕੇ ਡਾਕਟਰ ਅੰਬੇਦਕਰ ਮੈਮੋਰੀਅਲ ਟਰੱਸਟ ਪੰਜਾਬ ਦੇ ਚੇਅਰਮੈਨ ਦਰਸ਼ਨ ਸਿੰਘ ਸੋਢੀ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਸਮਾਜ ਦੇ ਲੋਕਾਂ ਨੂੰ ਡਾ. ਅੰਬੇਦਕਰ ਸਾਹਿਬ ਦੀ ਸੋਚ ਨੂੰ ਅਪਨਾਉਣ ਦਾ ਸੱਦਾ ਦਿੰਦਿਆਂ ਆਟਾ ਦਾਲ ਲਈ ਸਿਆਸੀ ਆਗੂਆਂ ਦੇ ਅੱਗੇ ਪਿੱਛੇ ਭੱਜਣ ਦੀ ਥਾਂ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਮੁਹੱਈਆ ਕਰਵਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਗਰੀਬ ਲੋਕਾਂ ਦੇ ਬੱਚੇ ਪੜ੍ਹ ਲਿਖ ਕੇ ਉੱਚੇ ਅਹੁਦਿਆਂ ’ਤੇ ਬਿਰਾਜਮਾਨ ਹੋਣਗੇ ਤੱਕ ਹੀ ਡਾਕਟਰ ਸਾਹਿਬ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਜਾ ਸਕੇਗਾ। ਸ੍ਰੀ ਸੋਢੀ ਨੇ ਜੁਆਇੰਟ ਐਕਸ਼ਨ ਕਮੇਟੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਹ ਮੌਕੇ ਕੌਂਸਲਰ ਐਡਵੋਕੇਟ ਰਵਿੰਦਰ ਸਿੰਘ, ਐਡਵੋਕੇਟ ਸੰਜੇ ਬਾਲੀ, ਸਫ਼ਾਈ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਹੰਸ ਰਾਜ, ਦਲਿਤ ਆਗੂ ਸੁਖਜਿੰਦਰ ਸੁੱਖੀ, ਕ੍ਰਿਸਚੀਅਨ ਆਗੂ ਸ਼ਿਵ ਸ਼ਰਨ ਅੰਗੋਰਾ, ਭੁਪਿੰਦਰ ਚੋਪੜਾ, ਚੇਅਰਮੈਨ ਜੋਗਿੰਦਰ ਟਾਈਗਰ, ਤਹਿਸੀਲ ਪ੍ਰਧਾਨ ਰਾਜਿੰਦਰ ਵਾਲਮੀਕਨ, ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਦਰਸ਼ਨ ਸਿੰਘ ਮਿੱਠਾ, ਰਜਿੰਦਰ ਸਿੰਘ, ਰਜਿੰਦਰ ਸਿੰਘ ਚੱਪੜ, ਸਤਪਾਲ ਪ੍ਰਧਾਨ, ਸ਼ਿਵ ਕੁਮਾਰ ਮੋਨੀ ਤੋ ਇਲਾਵਾ ਹੋਰ ਸ਼ਖ਼ਸੀਅਤਾਂ ਨੇ ਵੀ ਸੰਬੋਧਨ ਕੀਤਾ। ਸਮਾਗਮ ਦੇ ਅੰਤ ਵਿੱਚ ਕਮੇਟੀ ਮੈਂਬਰਾਂ ਨੇ ਕੁਲਵੰਤ ਸਿੰਘ ਅਤੇ ਉਨ੍ਹਾਂ ਨਾਲ ਆਏ ਹੋਏ ਮਹਿਮਾਨਾਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਆਈ ਹੋਈ ਸੰਗਤ ਲਈ ਕੜੀ ਚਾਵਲ ਦੇ ਲੰਗਰ ਲਾਇਆ ਗਿਆ। ਮੰਚ ਸੰਚਾਲਕ ਦੀ ਸੇਵਾ ਐਡਵੋਕੇਟ ਸੰਜੇ ਕੁਮਾਰ ਬਾਲੀ ਨੇ ਬਾਖ਼ੂਬੀ ਨਿਭਾਈ।