ਡਾ. ਹਰਬੰਸ ਕੌਰ ਗਿੱਲ ਦੇ ਗ਼ਜ਼ਲ-ਸੰਗ੍ਰਹਿ ‘ਰੂਹ ਦੇ ਰੰਗ’ ਦਾ ਲੋਕ-ਅਰਪਣ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 11 ਜੁਲਾਈ:
ਲੋਕਮੰਚ ਪੰਜਾਬ ਅਤੇ ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਡਾ. ਹਰਬੰਸ ਕੌਰ ਗਿੱਲ ਦੇ ਗ਼ਜ਼ਲ-ਸੰਗ੍ਰਹਿ ‘ਰੂਹ ਦੇ ਰੰਗ’ ਦੇ ਲੋਕ ਅਰਪਣ ਸਬੰਧੀ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਮੁੱਖ ਮਹਿਮਾਨ ਸਨ ਜਦੋਂਕਿ ਸਮਾਗਮ ਦੀ ਪ੍ਰਧਾਨਗੀ ਡਾ. ਲਖਵਿੰਦਰ ਸਿੰਘ ਜੌਹਲ, ਪ੍ਰਧਾਨ ਪੰਜਾਬੀ ਸਾਹਿਤ ਅਕੈਡਮੀ ਨੇ ਕੀਤੀ। ਬੀਰ ਦਵਿੰਦਰ ਸਿੰਘ ਨੇ ਡਾ. ਗਿੱਲ ਦੇ ਗ਼ਜ਼ਲ ਸੰਗ੍ਰਹਿ ’ਰੂਹ ਦੇ ਰੰਗ’ ਨੂੰ ਲੋਕ ਅਰਪਣ ਕਰਦਿਆਂ ਕਿਹਾ ਕਿ ਬੇਝਿਜਕ ਹੋ ਕੇ ਕਹਿਣ ਨੂੰ ਦਿਲ ਕਰਦਾ ਹੈ ਕਿ ਡਾ. ਗਿੱਲ ਵੱਲੋਂ ਵਰਤੇ ਗਏ ਚਿੰਨ੍ਹ, ਪ੍ਰਤੀਕ ਵਿਲੱਖਣ ਆਭਾ ਵਾਲੇ ਹਨ। ਪੰਜਾਬੀ ਸੱਭਿਆਚਾਰ, ਬੋਲੀ ਅਤੇ ਪੰਜਾਬ ਦਾ ਦਰਦ ਇਹਨਾਂ ਦੀਆਂ ਗ਼ਜ਼ਲਾਂ ਵਿੱਚੋੱ ਹਉੱਕੇ ਭਰਦਾ ਸੁਣਾਈ ਦਿੰਦਾ ਹੈ।
ਸਾਹਿਤ ਵਿਗਿਆਨ ਕੇਂਦਰ ਦੀ ਪ੍ਰਧਾਨ ਸੈਵੀ ਰਾਇਤ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਪ੍ਰੋ. ਗੁਰਦੇਵ ਸਿੰਘ ਗਿੱਲ ਨੇ ਪ੍ਰਧਾਨਗੀ ਮੰਡਲ ਨਾਲ ਜਾਣ-ਪਹਿਚਾਣ ਕਰਵਾਈ। ਪ੍ਰੋਗਰਾਮ ਦੀ ਸ਼ੁਰੂਆਤ ਗਾਇਕਾ ਦਵਿੰਦਰ ਕੌਰ ਢਿੱਲੋਂ ਵੱਲੋਂ ‘ਰੂਹ ਦੇ ਰੰਗ’ ਗ਼ਜ਼ਲ-ਸੰਗ੍ਰਹਿ ਦੀ ਪਹਿਲੀ ਧਾਰਮਿਕ ਰੰਗ ਵਾਲੀ ਗ਼ਜ਼ਲ ਗਾ ਕੇ ਕੀਤਾ ਗਿਆ। ਪੁਸਤਕ ਬਾਰੇ ਬਲਕਾਰ ਸਿੱਧੂ ਅਤੇ ਪ੍ਰੋ. ਅਵਤਾਰ ਸਿੰਘ ਪਤੰਗ ਵੱਲੋਂ ਖੋਜ ਪੱਤਰ ਪੇਸ਼ ਕੀਤੇ ਗਏ ਜਿਸ ਵਿੱਚ ਉਨ੍ਹਾਂ ਡਾ. ਗਿੱਲ ਦੀਆਂ ਗ਼ਜ਼ਲਾਂ ਦੀ ਛਾਣ-ਬੀਣ ਕਰਦਿਆਂ, ਉਨ੍ਹਾਂ ਨੂੰ ਉੱਚ ਦਰਜੇ ਦੀਆਂ ਦੱਸਿਆ।
ਪ੍ਰਧਾਨਗੀ ਭਾਸ਼ਣ ਵਿੱਚ ਡਾ. ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ‘ਰੂਹ ਦੇ ਰੰਗ’ ਦੀ ਲੇਖਕਾ ਡਾ. ਹਰਬੰਸ ਕੌਰ ਗਿੱਲ ਦੀ ਇਹ 19ਵੀਂ ਪੁਸਤਕ ਹੈ। ਇਸ ਵਿੱਚ ਜ਼ਿੰਦਗੀ ਦੇ ਸਾਰੇ ਰੰਗ ਹਨ। ਵਿਸ਼ੇਸ਼ ਮਹਿਮਾਨ ਡਾ. ਰਾਜਿੰਦਰਪਾਲ ਸਿੰਘ ਬਰਾੜ, ਡੀਨ ਲੈਂਗੁਏਜਿਜ (ਪੰਜਾਬੀ ਯੂਨੀਵਰਸਿਟੀ ਪਟਿਆਲਾ) ਨੇ ਕਿਹਾ ਕਿ ਡਾ. ਗਿੱਲ ਵਿੱਚ ਸੰਵੇਦਨਾ ਤੇ ਸਹਿਜ ਦੋਵੇਂ ਹੀ ਫੁੱਲ ਤੇ ਖੁਸ਼ਬੂ ਵਾਂਗ ਹਨ। ਹਰ ਸ਼ਿਅਰ ਵਿਹਾਰੀ ਹੈ ਜੋ ਦਿਲ ਦੀ ਤਹਿ ਤੱਕ ਉਤਰਨ ਦੀ ਸਮਰੱਥਾ ਰੱਖਦਾ ਹੈ।
ਇਸ ਮੌਕੇ ਸੁਲੱਖਣ ਸਰਹੱਦੀ ਅਤੇ ਕੇਂਦਰੀ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਦਰਸ਼ਨ ਸਿੰਘ ਬੁੱਟਰ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਸ਼੍ਰੀ ਦੀਪਕ ਚਨਾਰਥਲ ਨੇ ਨਿਭਾਈ। ਇਸ ਮੌਕੇ ਸਵਰਨ ਸਿੰਘ,ਨਵਨੀਤ ਕੌਰ,ਦਵਿੰਦਰ ਢਿੱਲੋੱ ਅਤੇ ਸਿਮਰਜੀਤ ਕੌਰ ਨੇ ਡਾ.ਗਿੱਲ ਦੀਆਂ ਗ਼ਜ਼ਲਾਂ ਗਾਈਆਂ।
ਸਮਾਗਮ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਚੇਅਰਮੈਨ ਡਾ. ਦਲਬੀਰ ਸਿੰਘ ਢਿੱਲੋਂ, ਡਾ. ਸੁਖਨਿੰਦਰ ਕੌਰ, ਪ੍ਰੋ. ਰਾਜੇਸ਼ ਗਿੱਲ (ਪੰਜਾਬ ਯੂਨੀਵਰਸਿਟੀ) ਜੈਸਿਕਾ ਸੰਧਾਵਾਲੀਆ, ਨਰਿੰਦਰ ਕੌਰ ਨਸਰੀਨ, ਅਜੀਤ ਸਿੰਘ ਸੰਧੂ, ਸਰਦਾਰਾ ਸਿੰਘ ਚੀਮਾ, ਮਨਜੀਤ ਕੌਰ ਸੇਠੀ, ਪਾਲੀ ਗੁਲਾਟੀ, ਇੰਦਰਜੀਤ ਕੌਰ, ਮਨਜੀਤ ਕੌਰ ਮੀਤ, ਹਰੀਸ਼ ਜੈਨ, ਦਰਸ਼ਨ ਤਿਉਣਾ, ਗੁਰਦਰਸ਼ਨ ਸਿੰਘ ਮਾਵੀ, ਡਾ. ਸੁਰਿੰਦਰ ਗਿੱਲ, ਗੁਰਦਾਸ ਸਿੰਘ ਦਾਸ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…