
ਕਾਂਗਰਸ ਝਟਕਾ: ਡਾ. ਰਵੀ ਕਾਂਤ ਆਪਣੇ ਸਾਥੀ ਕਾਂਗਰਸੀ ਪਰਿਵਾਰਾਂ ਸਮੇਤ ਅਕਾਲੀ ਦਲ ਵਿੱਚ ਸ਼ਾਮਲ
ਕਿਹਾ ਅਕਾਲੀ ਦਲ ਦੀਆਂ ਵਿਕਾਸ ਪੱਖੀ ਨੀਤੀਆਂ ਨੂੰ ਦੇਖ ਕੇ ਅਕਾਲੀ ਦਲ ’ਚ ਸ਼ਾਮਲ ਹੋਣ ਦਾ ਮਨ ਬਣਾਇਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਫਰਵਰੀ:
ਮੁਹਾਲੀ ਤੋਂ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਪਰਵਿੰਦਰ ਸਿੰਘ ਬੈਦਵਾਨ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਕਾਂਗਰਸ ਆਗੂ ਡਾ. ਰਵੀ ਕਾਂਤ ਗੀਗੇਮਾਜਰਾ ਪਾਰਟੀ ਛੱਡ ਕੇ ਆਪਣੇ ਸਾਥੀ ਕਾਂਗਰਸੀ ਪਰਿਵਾਰਾਂ ਸਮੇਤ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਪਰਵਿੰਦਰ ਬੈਦਵਾਨ ਨੇ ਡਾ. ਰਵੀਕਾਂਤ ਤੇ ਹੋਰਨਾਂ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ।
ਅਕਾਲੀ ਆਗੂ ਬੈਦਵਾਨ ਨੇ ਕਿਹਾ ਕਿ ਰੋਜ਼ਾਨਾ ਹੀ ਚੋਣ ਪ੍ਰਚਾਰ ਦੌਰਾਨ ਵੱਡੀ ਗਿਣਤੀ ਵਿੱਚ ਵੱਖ-ਵੱਖ ਪਾਰਟੀਆਂ ਦੇ ਪ੍ਰਭਾਵਸ਼ਾਲੀ ਵਿਅਕਤੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ ਕਿਉਂਕਿ ਉਹ ਭਲੀਭਾਂਤ ਜਾਣਦੇ ਹਨ ਕਿ ਇਲਾਕੇ ਦਾ ਵਿਕਾਸ ਪਹਿਲਾਂ ਵੀ ਅਕਾਲੀ ਸਰਕਾਰ ਨੇ ਹੀ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਵਾਰ ਸੂਬੇ ਦੇ ਲੋਕ ਪੰਜਾਬ ਵਿੱਚ ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਲਿਆਉਣ ਲਈ ਉਤਾਵਲੇ ਦਿਖਾਈ ਦੇ ਰਹੇ ਹਨ ਕਉਂਕਿ ਕਾਂਗਰਸ ਸਰਕਾਰ ਨੇ ਪਿਛਲੇ ਪੰਜ ਸਾਲਾਂ ਵਿੱਚ ਵਿਕਾਸ ਦੀ ਥਾਂ ਇਲਾਕੇ ਦਾ ਵਿਨਾਸ਼ ਕੀਤਾ ਹੈ ਅਤੇ ਕੇਜਰੀਵਾਲ ਦਾ ਦਿੱਲੀ ਵਿਕਾਸ ਮਾਡਲ ਵੀ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਇਆ ਹੈ। ਇਸ ਲਈ ਹੁਣ ਲੋਕ ਕਾਂਗਰਸ ਅਤੇ ਆਪ ਦੇ ਝੂਠੇ ਲਾਰਿਆਂ ਅਤੇ ਗੁਮਰਾਹਕੁਨ ਪ੍ਰਚਾਰ ਵਿੱਚ ਨਹੀਂ ਫਸਣ ਵਾਲੇ ਨਹੀਂ ਹਨ।
ਇਸ ਮੌਕੇ ਡਾ ਰਵੀ ਕਾਂਤ ਨੇ ਕਿਹਾ ਕਿ ਉਹ ਅਕਾਲੀ ਦਲ ਦੀਆਂ ਵਿਕਾਸ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਲੀਡਰਸ਼ਿਪ ਲੋਕਾਂ ਵਿੱਚ ਆਪਣਾ ਆਧਾਰ ਖੋਹ ਚੁੱਕੀ ਹੈ। ਕਾਂਗਰਸ ਆਗੂ ਝੂਠੀਆਂ ਸਹੁੰ ਚੁੱਕ ਕੇ ਆਪਣੇ ਵਾਅਦਿਆਂ ਤੋਂ ਮੁੱਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸ਼ਰਾਬ ਦਾ ਕਾਰੋਬਾਰ ਅਤੇ ਰੇਤ ਤੇ ਭੂ-ਮਾਫ਼ੀਆ ਕਾਂਗਰਸੀ ਚਲਾ ਰਹੇ ਹਨ।