ਡਾ. ਸਤਬੀਰ ਬੇਦੀ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਨਵਾਂ ਚੇਅਰਮੈਨ ਲਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਫਰਵਰੀ:
ਪੰਜਾਬ ਸਰਕਾਰ ਨੇ ਅੱਜ ਇੱਕ ਅਹਿਮ ਫ਼ੈਸਲਾ ਲੈਂਦਿਆਂ ਡਾ. ਸਤਬੀਰ ਬੇਦੀ ਪੁੱਤਰੀ ਡਾ. ਬੀਐਸ ਬੇਦੀ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਨਵਾਂ ਚੇਅਰਮੈਨ ਨਿਯੁਕਤ ਕਰ ਦਿੱਤਾ ਹੈ। ਉਹ 1986 ਬੈਚ ਦੀ ਆਈਏਐਸ ਹਨ, ਜੋ ਹੁਣ ਸੇਵਾਮੁਕਤ ਹਨ। ਇਹ ਨਿਯੁਕਤੀ ਪੰਜਾਬ ਸਕੂਲ ਸਿੱਖਿਆ ਬੋਰਡ (ਅਮੈਡਮੈਂਟ) ਐਕਟ 2017, ਪ੍ਰਿੰਸੀਪਲ ਐਕਟ (1969) ਦੇ ਸੈਕਸ਼ਨ 4 (2) ਰਾਹੀਂ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਵੱਲੋਂ ਪ੍ਰਸੰਨਤਾ ਪੂਰਵਕ ਹੁਕਮ ਜਾਰੀ ਕੀਤੇ ਗਏ ਹਨ। ਇਸ ਸਬੰਧੀ ਅੱਜ ਤਾਜ਼ਾ ਸਰਕਾਰੀ ਪੱਤਰ ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਜਸਪ੍ਰੀਤ ਤਲਵਾੜ ਨੇ ਬੋਰਡ ਨੂੰ ਜਾਰੀ ਕੀਤਾ।
ਸਰਕਾਰੀ ਪੱਤਰ ਅਨੁਸਾਰ ਇਹ ਨਿਯੁਕਤੀ ਅਧਿਸੂਚਨਾ ਜਾਰੀ ਹੋਣ ਤੋਂ 66 ਸਾਲ ਦੀ ਉਮਰ ਤੱਕ ਜਾਂ ਤਿੰਨ ਸਾਲ ਦੇ ਸਮੇਂ ਲਈ (ਜਿਹੜਾ ਪਹਿਲਾਂ ਹੋਵੇ) ਤੱਕ ਕੀਤੀ ਜਾਂਦੀ ਹੈ। ਡਾ ਬੇਦੀ ਦੀ ਨਿਯੁਕਤੀ ਦੀਆਂ ਟਰਮਜ਼ ਅਤੇ ਕੰਡੀਸ਼ਨਜ਼ ਬਾਅਦ ਵਿੱਚ ਤੈਅ ਕੀਤੀਆਂ ਜਾਣਗੀਆਂ। ਡਾ. ਬੇਦੀ ਇਸ ਤੋਂ ਪਹਿਲਾਂ ਸੈਂਟਰਲ ਸੂਚਨਾ ਕਮਿਸ਼ਨ ਭਾਰਤ ਸਰਕਾਰ ਦੀ ਸਕੱਤਰ, ਨੈਸ਼ਨਲ ਕੌਂਸਲ ਫਾਰ ਟੀਚਰ ਐਜੂਕੇਸ਼ਨ ਦੀ ਚੇਅਰਪਰਸਨ, ਨੈਸ਼ਨਲ ਕਮਿਸ਼ਨ ਫਾਰ ਵਿਮੈਨ ਨਵੀਂ ਦਿੱਲੀ ਦੀ ਮੈਂਬਰ ਸਕੱਤਰ, ਮਨਿਸਟਰੀ ਆਫ਼ ਹਿਊਮਨ ਰਿਸੋਰਸ ਡਿਵੈਲਪਮੈਂਟ ਦੀ ਸੰਯੁਕਤ ਸਕੱਤਰ, ਸੋਸ਼ਲ ਵੈਲਫੇਅਰ ਵਿਮੈਨ ਐਂਡ ਚਾਈਲਡ ਡਿਵੈਲਪਮੈਂਟ ਦੀ ਪ੍ਰਿੰਸੀਪਲ ਸਕੱਤਰ, ਕਿਰਤ ਤੇ ਰੁਜ਼ਗਾਰ ਵਿਭਾਗ ਦੀ ਪਿੰ੍ਰਸੀਪਲ ਸਕੱਤਰ, ਪ੍ਰਿੰਸੀਪਲ ਰੈਜ਼ੀਡੈਂਟ ਕਮਿਸ਼ਨਰ, ਐਗਰੀਕਲਚਰ ਐਂਡ ਐਲੀਡ ਐਕਟੀਵਿਟੀ ਦੀ ਕਮਿਸ਼ਨਰ, ਚੀਫ਼ ਇਲੈਕਟਰਲ ਆਫ਼ੀਸਰ ਦਿੱਲੀ, ਨੈਸ਼ਨਲ ਅਕੈਡਮੀ ਫਾਰ ਟਰੇਨਿੰਗ ਐਂਡ ਰਿਸਰਚ ਇਨ ਸੋਸ਼ਲ ਸਕਿਉਰਿਟੀ ਦੀ ਡਾਇਰੈਕਟਰ, ਪ੍ਰੋਵੀਨਸ਼ੀਅਲ ਇਲੈਕਸ਼ਨ ਆਫ਼ੀਸਰ ਕਪੀਸਾ (ਅਫ਼ਗ਼ਾਨਿਸਤਾਨ), ਕਮਿਊਨਿਟੀ ਡਿਵੈਲਪਮੈਂਟ ਐਂਡ ਲੇਬਰ ਦੀ ਸਕੱਤਰ ਅਤੇ ਰੈਜ਼ੀਡੈਂਟ ਕਮਿਸ਼ਨ ਗੋਆ ਸਰਕਾਰ ਵਿੱਚ ਸ਼ਾਨਦਾਰ ਸੇਵਾਵਾਂ ਨਿਭਾ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਕੁੱਝ ਪਹਿਲਾਂ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੌਜੂਦਾ ਚੇਅਰਮੈਨ ਪ੍ਰੋਫੈਸਰ ਯੋਗਰਾਜ ਨੇ ਅਚਾਨਕ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਪਿਛਲੀ ਕਾਂਗਰਸ ਸਮੇਂ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸ਼ਹਿਰ ਦੇ ਉੱਘੇ ਸਿੱਖਿਆ ਸ਼ਾਸਤਰੀ ਪ੍ਰੋ. ਯੋਗਰਾਜ ਨੂੰ ਸਕੂਲ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਉਸ ਸਮੇਂ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਸਨ। ਉਹ ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਦੇ ਨੇੜਲਿਆਂ ਵਿੱਚ ਗਿਣੇ ਜਾਂਦੇ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਸੱਤਾ ਪਰਿਵਰਤਨ ਤੋਂ ਬਾਅਦ ਕਈ ਬੋਰਡਾਂ ਅਤੇ ਕਾਰਪੋਰੇਸ਼ਨ ਦੇ ਚੇਅਰਮੈਨਾਂ ਨੇ ਆਪੋ-ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ ਸਨ ਪ੍ਰੰਤੂ ਪ੍ਰੋ. ਯੋਗਰਾਜ ਨਿਰੰਤਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਵਜੋਂ ਕੰਮ ਕਰ ਰਹੇ ਸਨ। ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਵਜ਼ਾਰਤ ਸਮੇਂ ਵੀ ਪ੍ਰੋ. ਯੋਗਰਾਜ ਚੇਅਰਮੈਨ ਬਣੇ ਰਹੇ ਅਤੇ ਹੁਣ ਲਗਪਗ ਸਾਲ ਭਰ ਤੋਂ ਆਪ ਸਰਕਾਰ ਦੌਰਾਨ ਵੀ ਉਹ ਪਹਿਲਾਂ ਵਾਂਗ ਚੇਅਰਮੈਨ ਵਜੋਂ ਸੇਵਾਵਾਂ ਨਿਭਾ ਰਹੇ ਸਨ ਲੇਕਿਨ ਹੁਣ ਕੁੱਝ ਦਿਨ ਪਹਿਲਾਂ ਉਨ੍ਹਾਂ ਨੇ ਅਚਾਨਕ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਂਜ ਉਹ ਅਸਤੀਫ਼ਾ ਦੇਣ ਤੋਂ ਬਾਅਦ ਕਾਰਜਕਾਰੀ ਚੇਅਰਮੈਨ ਵਜੋਂ ਦਫ਼ਤਰ ਦਾ ਕੰਮ ਦੇਖ ਰਹੇ ਸਨ ਅਤੇ ਅੱਜ ਵੀ ਸਾਰਾ ਦਿਨ ਉਹ ਦਫ਼ਤਰ ਵਿੱਚ ਮੌਜੂਦ ਰਹੇ ਪ੍ਰੰਤੂ ਸ਼ਾਮ ਨੂੰ ਨਵੇਂ ਚੇਅਰਮੈਨ ਦੇ ਹੁਕਮ ਪਹੁੰਚ ਗਏ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…