ਨਵਜੋਤ ਸਿੱਧੂ ਦੀ ਹਾਜ਼ਰੀ ਵਿੱਚ ਡਾ. ਸੁਰਜੀਤ ਪਾਤਰ ਨੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ

ਡਾ.ਸੁਰਜੀਤ ਪਾਤਰ ਦੀ ਅਗਵਾਈ ਵਿੱਚ ਸੱਭਿਆਚਾਰਕ ਪਾਰਲੀਮੈਂਟ ਬਣਾ ਕੇ ਨੌਜਵਾਨਾਂ ਦੀ ਲੋਕ ਲਹਿਰ ਉਸਾਰੀ ਜਾਵੇਗੀ: ਸਿੱਧੂ

ਡਾ. ਨੀਲਮ ਮਾਨ ਸਿੰਘ ਨੇ ਕਲਾ ਪ੍ਰੀਸ਼ਦ ਦੇ ਸੀਨੀਅਰ ਵਾਈਸ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 7 ਸਤੰਬਰ:
ਮਕਬੂਲ ਸ਼ਾਇਰ ਅਤੇ ਸਾਹਿਤਕ ਜਗਤ ਦੀ ਉਚ ਕੋਟੀ ਦੀ ਸਖਸ਼ੀਅਤ ਡਾ.ਸੁਰਜੀਤ ਪਾਤਰ ਨੇ ਅੱਜ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਦੀ ਹਾਜ਼ਰੀ ਵਿੱਚ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ। ਡਾ. ਨੀਲਮ ਮਾਨ ਸਿੰਘ ਨੇ ਪ੍ਰੀਸ਼ਦ ਦੇ ਸੀਨੀਅਰ ਵਾਈਸ ਚੇਅਰਪਰਸਨ ਵਜੋਂ ਵੀ ਅਹੁਦਾ ਸੰਭਾਲ ਲਿਆ। ਇਥੇ ਸੈਕਟਰ 16 ਸਥਿਤ ਪੰਜਾਬ ਕਲਾ ਭਵਨ ਵਿਖੇ ਹੋਏ ਸਾਦੇ ਤੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ, ਸ੍ਰੀ ਭਾਰਤ ਭੂਸ਼ਣ ਆਸ਼ੂ, ਸ. ਬਲਬੀਰ ਸਿੰਘ ਸਿੱਧੂ, ਡਾ.ਰਾਜ ਕੁਮਾਰ ਵੇਰਕਾ, ਸ. ਪਰਮਿੰਦਰ ਸਿੰਘ ਪਿੰਕੀ, ਸ. ਪਰਗਟ ਸਿੰਘ, ਸ. ਕੁਲਬੀਰ ਸਿੰਘ ਜ਼ੀਰਾ, ਸ੍ਰੀ ਅਮਿਤ ਵਿੱਜ ਤੇ ਸ੍ਰੀ ਸੰਜੀਵ ਤਲਵਾੜ (ਸਾਰੇ ਵਿਧਾਇਕ) ਤੇ ਸੈਰ ਸਪਾਟਾ ਤੇ ਸੱਭਿਆਚਾਰ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਜਸਪਾਲ ਸਿੰਘ ਵੀ ਹਾਜ਼ਰ ਹੋਏ।
ਮੀਡੀਆ ਨਾਲ ਗੱਲਬਾਤ ਕਰਦਿਆਂ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਸ. ਸਿੱਧੂ ਨੇ ਕਿਹਾ ਕਿ ਅੱਜ ਪੰਜਾਬ ਲਈ ਇਤਿਹਾਸਕ ਦਿਨ ਹੈ ਜਦੋਂ ਸਾਹਿਤ, ਸੱਭਿਆਚਾਰ, ਮਾਂ ਬੋਲੀ ਤੇ ਵਿਰਸੇ ਦੀ ਸਾਂਭ ਸੰਭਾਲ ਲਈ ਕੰਮ ਕਰਦੀ ਸੰਸਥਾ ਪੰਜਾਬ ਕਲਾ ਪ੍ਰੀਸ਼ਦ ਦੀ ਅਗਵਾਈ ਪੰਜਾਬੀ ਸਾਹਿਤ ਦੀ ਉੱਚ ਕੋਟੀ ਦੀ ਸਖਸ਼ੀਅਤ ਡਾ.ਸੁਰਜੀਤ ਪਾਤਰ ਨੇ ਸੰਭਾਲੀ ਹੈ। ਉਨ੍ਹਾਂ ਕਿਹਾ ਕਿ ਇਹ ਇਸ ਸੰਸਥਾ ਅਤੇ ਪੰਜਾਬ ਸਰਕਾਰ ਲਈ ਮਾਣ ਵਾਲੀ ਗੱਲ ਹੈ ਕਿ ਡਾ.ਪਾਤਰ ਜਿਹੀ ਅਜੋਕੇ ਦੌਰ ਦੀ ਸਿਰਮੌਰ ਸਾਹਿਤਕ ਹਸਤੀ ਨੇ ਇਸ ਸੰਸਥਾ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਨਿਭਾਉਣ ਦੀ ਪੇਸ਼ਕਸ਼ ਨੂੰ ਕਬੂਲਿਆ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਤਹਿ ਦਿਲੋਂ ਧੰਨਵਾਦੀ ਹੈ ਜਿਨ੍ਹਾਂ ਡਾ.ਸੁਰਜੀਤ ਪਾਤਰ ਦੀ ਨਾਮਜ਼ਦਗੀ ਕਰ ਕੇ ਪੰਜਾਬ ਦੇ ਸੱਭਿਆਚਾਰ ਨੂੰ ਨਵੀਂ ਦਿਸ਼ਾ ਦਿੱਤੀ ਹੈ।
ਸ੍ਰੀ ਸਿੱਧੂ ਨੇ ਵਿਸ਼ਵਾਸ ਪ੍ਰਗਟਾਇਆ ਕਿ ਡਾ. ਪਾਤਰ ਦੀ ਅਗਵਾਈ ਵਿੱਚ ਸੂਬੇ ਵਿੱਚ ਸੱਭਿਆਚਾਰਕ ਪਾਰਲੀਮੈਂਟ ਬਣਾ ਕੇ ਨੌਜਵਾਨਾਂ ਲਈ ਅਜਿਹੀ ਲੋਕ ਲਹਿਰ ਉਸਾਰੀ ਜਾਵੇਗੀ ਜਿਸ ਨਾਲ ਆਉਣ ਵਾਲੀ ਪੀੜ੍ਹੀ ਨੂੰ ਪੰਜਾਬ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਨਾਲ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਲਾ ਪ੍ਰੀਸ਼ਦ ਦੀਆਂ ਗਤੀਵਿਧੀਆਂ ਨੂੰ ਜ਼ਿਲਾ, ਤਹਿਸੀਲ ਅਤੇ ਫੇਰ ਪਿੰਡ ਪੱਧਰ ਤੱਕ ਲਿਜਾਣ ਦਾ ਕੰਮ ਕੀਤਾ ਜਾਵੇਗਾ ਜਿਸ ਲਈ ਡਾ.ਪਾਤਰ ਦੀ ਅਗਵਾਈ ਬਹੁਤ ਕੰਮ ਆਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਭਰ ਵਿੱਚ ਮਨੀਪੁਰ ਤੋਂ ਬਾਅਦ ਦੂਜਾ ਸੂਬਾ ਹੈ ਜਿਸ ਨੇ ਸੱਭਿਆਚਾਰਕ ਨੀਤੀ ਬਣਾਈ ਹੈ ਅਤੇ ਇਸ ਨੂੰ ਅਮਲੀ ਜਾਮਾ ਪਹਿਨਾਉਣ ਵਿੱਚ ਕਲਾ ਪ੍ਰੀਸ਼ਦ ਦਾ ਅਹਿਮ ਯੋਗਦਾਨ ਹੋਵੇਗਾ। ਉਨ੍ਹਾਂ ਡਾ.ਪਾਤਰ ਨੂੰ ਸ਼ੁਭ ਇੱਛਾਵਾਂ ਦਿੰਦਿਆਂ ਸਰਕਾਰ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਬੋਲਦਿਆਂ ਡਾ.ਸੁਰਜੀਤ ਪਾਤਰ ਨੇ ਪੰਜਾਬ ਸਰਕਾਰ ਵੱਲੋਂ ਦਿੱਤੇ ਇਸ ਮਾਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਪੰਜਾਬੀ ਮਾਂ ਬੋਲੀ, ਸਾਹਿਤ, ਸੱਭਿਆਚਾਰ ਤੇ ਅਮੀਰ ਵਿਰਸੇ ਦੀ ਪ੍ਰਫੁੱਲਤ ਕਰਨ ਨੂੰ ਮੁੱਖ ਤਰਜੀਹ ਦੇਣਗੇ। ਉਨ੍ਹਾਂ ਕਿਹਾ ਕਿ ਕਲਾ ਪ੍ਰੀਸ਼ਦ ਦਾ ਮੁੱਖ ਮਕਸਦ ਨੀਵੀਂ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਅਤੇ ਇਤਿਹਾਸਕ ਵਿਰਾਸਤ ਨਾਲ ਜੋੜਨਾ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰਾਂ ਬਾਰੇ ਵਿਦਿਆਰਥੀਆਂ ਵਿੱਚ ਮੁਕਾਬਲੇ ਕਰਵਾਏ ਜਾਣਗੇ ਤਾਂ ਜੋ ਨਵੀਂ ਪੀੜ੍ਹੀ ਸਾਹਿਤ ਨਾਲ ਜੁੜ ਸਕੇ।
ਇਸ ਤੋਂ ਪਹਿਲਾਂ ਅੱਜ ਪੰਜਾਬ ਕਲਾ ਭਵਨ ਵਿਖੇ ਪੰਜਾਬ ਕਲਾ ਪ੍ਰੀਸ਼ਦ ਦੀ ਜਨਰਲ ਕੌਂਸਲ ਦੀ ਮੀਟਿੰਗ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਜਸਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਸਕੱਤਰ ਜਨਰਲ ਸ੍ਰੀ ਲਖਵਿੰਦਰ ਜੌਹਲ ਨੇ ਚਲਾਈ। ਮੀਟਿੰਗ ਵਿੱਚ ਸਰਵਸੰਮਤੀ ਨਾਲ ਡਾ.ਸੁਰਜੀਤ ਪਾਤਰ ਨੂੰ ਚੇਅਰਮੈਨ ਅਤੇ ਡਾ.ਨੀਲਮ ਮਾਨ ਸਿੰਘ ਨੂੰ ਸਰਵਸੰਮਤੀ ਨਾਲ ਸੀਨੀਅਰ ਵਾਈਸ ਚੇਅਰਮੈਨ ਵਜੋਂ ਚੁਣਿਆ ਗਿਆ। ਮੀਟਿੰਗ ਵਿੱਚ ਸ੍ਰੀ ਟੀ.ਕੇ.ਗੋਇਲ, ਡਾ.ਨਿਰਮਲ ਜੌੜਾ, ਡਾ.ਸਤੀਸ਼ ਵਰਮਾ, ਡਾ.ਸਰਬਜੀਤ ਕੌਰ ਸੋਹਲ, ਦੀਵਾਨ ਮੰਨਾ, ਸ੍ਰੀ ਕੇਵਲ ਧਾਲੀਵਾਲ, ਪ੍ਰੋ. ਰਾਜਪਾਲ ਸਿੰਘ, ਸ੍ਰੀ ਪ੍ਰੀਤਮ ਰੁਪਾਲ, ਹਰਵਿੰਦਰ ਸਿੰਘ ਖਾਲਸਾ, ਸ੍ਰੀ ਗੁਰਮੀਤ ਜੌੜਾ, ਡਾ. ਯੋਗਰਾਜ ਸਿੰਘ ਅਤੇ ਵੱਖ-ਵੱਖ ਯੂਨੀਵਰਸਿਟੀਆਂ, ਸਾਹਿਤਕ ਤੇ ਸੱਭਿਆਚਾਰਕ ਸੰਸਥਾਵਾਂ ਅਤੇ ਅਕੈਡਮੀਆਂ ਦੇ ਨੁਮਾਇੰਦਿਆਂ ਨੇ ਵੀ ਹਿੱਸਾ ਲਿਆ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…