
ਡਾ. ਅੰਬੇਦਕਰ ਇੰਸਟੀਚਿਊਟ ਆਫ਼ ਮੈਡੀਕਲ ਕਾਲਜ ਵਿੱਚ ਮਨਾਇਆ ‘ਵਿਸ਼ਵ ਅੰਗ ਵਿਗਿਆਨ ਦਿਵਸ’
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਕਤੂਬਰ:
ਇੱਥੋਂ ਦੇ ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਵਿਖੇ ਵਿਸ਼ਵ ਅੰਗ ਵਿਗਿਆਨ ਦਿਵਸ ਮਨਾਇਆ ਗਿਆ। ਇਹ ਵਿਸ਼ਵ ਅੰਗ ਦਿਵਸ ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਦੀ ਸਰਪ੍ਰਸਤੀ ਹੇਠ ਅਨਾਟਮੀ ਵਿਭਾਗ ਨੇ ਸੁਸਾਇਟੀ ਆਫ਼ ਹਿਊਮਨ ਐਨਾਟੋਮਿਸਟ ਐਂਡ ਰਿਸਰਚਰਸ ਦੇ ਸਹਿਯੋਗ ਨਾਲ ਮਨਾਇਆ ਗਿਆ।
ਡਾ. ਭਵਨੀਤ ਭਾਰਤੀ ਨੇ ਦੱਸਿਆ ਕਿ ਮੈਡੀਕਲ ਕਾਲਜ ਦੇ ਸਰੀਰ ਵਿਗਿਆਨ ਵਿਭਾਗ ਨੂੰ ਪਿਛਲੇ ਸਾਲ 7 ਮਨੁੱਖੀ ਦੇਹਾਂ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਸਵੈ-ਇੱਛਤ ਦਾਨ ਤੋਂ ਪ੍ਰਾਪਤ ਹੋਈਆਂ ਹਨ। ਇਨ੍ਹਾਂ ਪਰਿਵਾਰਾਂ ਨੇ ਮੌਤ ਤੋਂ ਬਾਅਦ ਆਪਣੀਆਂ ਦੇਹਾਂ ਮੈਡੀਕਲ ਕਾਲਜ ਨੂੰ ਦਾਨ ਕਰਨ ਦਾ ਸੰਕਲਪ ਲਿਆ। ਸਰੀਰ ਦਾਨ ਦੇ ਅਜਿਹੇ ਕਾਰਜ ਹੀ ਨੌਜਵਾਨ ਡਾਕਟਰਾਂ ਦੀ ਸਿੱਖਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਡਾਕਟਰਾਂ ਦੇ ਭਵਿੱਖ ਵਿੱਚ ਉਨ੍ਹਾਂ ਨੂੰ ਮਜ਼ਬੂਤ ਬੁਨਿਆਦੀ ਸਹਾਇਤਾ ਪ੍ਰਦਾਨ ਕਰਦੇ ਹਨ। ਪਰਿਵਾਰਾਂ ਵੱਲੋਂ ਸਰੀਰ ਦਾਨ ਦੇ ਅਜਿਹੇ ਫੈਸਲੇ ਸਮਾਜ ਨੂੰ ਮਾਨਵਤਾ ਦੀ ਸੇਵਾ ਲਈ ਦੂਜਿਆਂ ਨੂੰ ਵੀ ਪ੍ਰੇਰਿਤ ਕਰਦੇ ਹਨ। ਇਸ ਮੌਕੇ ਏਮਜ਼ ਮੁਹਾਲੀ ਦੇ ਸਟਾਫ਼ ਵੱਲੋਂ ਸਰੀਰਕ ਦਾਨ ਦੀ ਮਹੱਤਤਾ ਨੂੰ ਦਰਸਾਉਂਦਾ ਨਾਟਕ ਪੇਸ਼ ਕੀਤਾ ਅਤੇ ਐੱਮਬੀਬੀਐੱਸ ਦੀ ਵਿਦਿਆਰਥਣ ਸਰਗਮਪ੍ਰੀਤ ਦੁਆਰਾ ਅਮਰੀਕ ਸ਼ੇਰਾ (ਕਾਲਾ ਚਸ਼ਮਾ ਫੇਮ) ਦੁਆਰਾ ਲਿਖੀ ਗਈ ਸਰੀਰ ਦਾਨ ’ਤੇ ਇੱਕ ਕਵਿਤਾ ਵੀ ਸੁਣਾਈ। ਐਨਾਟੋਮੀ ਦਿਵਸ ਮੌਕੇ ਮਨੁੱਖੀ ਦੇਹ ਦਾਨ ਵਰਗੇ ਪਵਿੱਤਰ ਕਾਰਜ ਵਿੱਚ ਸ਼ਾਮਲ ਪਰਿਵਾਰਾਂ ਨੂੰ ਸਨਮਾਨਿਤ ਕੀਤਾ।
ਐਨਾਟੋਮੀ ਵਿਭਾਗ ਦੀ ਮੁਖੀ ਪ੍ਰੋ. ਡਾ. ਮਨੀਸ਼ਾ ਨੇ ਦੱਸਿਆ ਕਿ ਇਸ ਮੌਕੇ ਕੈਲੀਗ੍ਰਾਫੀ ਵਰਕਸ਼ਾਪ, ਐਨਾਟੋਮੀ ਕਵਿਜ਼ ਅਤੇ ਬਾਡੀ ਪੇਂਟਿੰਗ ਵਰਗੇ ਅੰਤਰ ਕਾਲਜ ਮੁਕਾਬਲੇ ਕਰਵਾਏ ਗਏ। ਬਾਡੀ ਪੇਂਟਿੰਗ ਬਾਰੇ ਫੈਸਲਾ ਲੈਣ ਲਈ ਜੀਐਮਸੀਐਚ ਚੰਡੀਗੜ੍ਹ ਤੋਂ ਡਾ. ਕੰਚਨ ਕਪੂਰ, ਪੀਜੀਆਈਐਮਈਆਰ ਚੰਡੀਗੜ੍ਹ ਤੋਂ ਡਾ. ਤੁਲਿਕਾ, ਸਰਕਾਰੀ ਕਾਲਜ ਆਫ਼ ਆਰਟ ਚੰਡੀਗੜ੍ਹ ਤੋਂ ਡਾ. ਸੁਮੰਗਲ ਰਾਏ ਅਤੇ ਐਸਐਮਐਚਐਸ ਸਰਕਾਰੀ ਕਾਲਜ ਮੁਹਾਲੀ ਤੋਂ ਸ੍ਰੀਮਤੀ ਗਾਇਤਰੀ ਨੂੰ ਸੱਦਾ ਦਿੱਤਾ ਗਿਆ। ਉਨ੍ਹਾਂ ਦੱਸਿਆ ਬਾਡੀ ਪੇਂਟਿੰਗ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਗਿਆਨ ਸਾਗਰ ਮੈਡੀਕਲ ਕਾਲਜ ਬਨੂੜ ਤੋਂ ਜੈਸਮੀਨ, ਦੀਕਸ਼ਾ ਰੰਗਬੁੱਲਾ ਅਤੇ ਦੀਕਸ਼ਾ ਬਾਂਸਲ, ਏਮਜ਼ ਮੁਹਾਲੀ ਤੋਂ ਸਤੀਸ਼, ਸਬਰੀਨਾ ਅਤੇ ਸਾਕਸ਼ੀ ਅਤੇ ਡੀਐਮਸੀ ਲੁਧਿਆਣਾ ਤੋਂ ਹਰਕੀਰਤ, ਦਿਸ਼ਾਂਤ ਅਤੇ ਜੈਸਮੀਨ ਨੇ ਪ੍ਰਾਪਤ ਕੀਤਾ। ਜਦੋਂਕਿ ਐਨਾਟੋਮੀ ਕੁਇਜ਼ ਵਿੱਚ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਤੋਂ ਸੀਰਤ, ਮੰਥਨ ਅਤੇ ਆਰੁਸ਼, ਗਿਆਨ ਸਾਗਰ ਮੈਡੀਕਲ ਕਾਲਜ ਬਨੂੜ ਤੋਂ ਨਿਨਾਦ, ਰਾਘਵ ਅਤੇ ਕਸ਼ਿਸ ਅਤੇ ਸਰਕਾਰੀ ਮੈਡੀਕਲ ਕਾਲਜ਼, ਪਟਿਆਲਾ ਤੋਂ ਦੀਕਸ਼ਿਤ, ਜਸਕੰਵਲ ਸਿੰਘ ਅਤੇ ਸ਼ਰੂਤੀ ਨੇ ਪ੍ਰਾਪਤ ਕੀਤਾ।