ਜਲ ਨਿਕਾਸੀ: ਝਿਊਰਹੇੜੀ ਟੋਭੇ ਵਿੱਚ ਡਿੱਗੀ ਜੇਸੀਬੀ ਮਸ਼ੀਨ, ਦੋ ਬੱਚੇ ਤੇ ਚਾਲਕ ਦੀ ਹਾਲਤ ਗੰਭੀਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਸਤੰਬਰ:
ਇੱਥੋਂ ਦੇ ਨਜ਼ਦੀਕੀ ਪਿੰਡ ਝਿਊਰਹੇੜੀ ਦੇ ਗੰਦੇ ਪਾਣੀ ਦੀ ਨਿਕਾਸੀ ਦੌਰਾਨ ਅੱਜ ਜੇਸੀਬੀ ਮਸ਼ੀਨ ਟੋਭੇ ਵਿੱਚ ਡਿੱਗ ਗਈ। ਜਿਸ ਕਾਰਨ ਜੇਸੀਬੀ ਦੇ ਚਾਲਕ ਸਮੇਤ ਦੋ ਨਾਬਾਲਗ ਲੜਕੇ ਪਾਣੀ ਵਿੱਚ ਡੁੱਬ ਗਏ। ਹਾਲਾਂਕਿ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਬਾਹਰ ਤਾਂ ਕੱਢ ਲਿਆ ਗਿਆ। ਦੋਵੇਂ ਬੱਚਿਆਂ ਰਮਨਪ੍ਰੀਤ ਸਿੰਘ (11) ਅਤੇ ਪ੍ਰਭਲੀਨ ਸਿੰਘ (8) ਨੂੰ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਦੋਂਕਿ ਚਾਲਕ ਮੈਕਸ ਹਸਪਤਾਲ ਵਿੱਚ ਜੇਰੇ ਇਲਾਜ ਹੈ। ਦੋਵੇਂ ਬੱਚਿਆਂ ਦੀ ਹਾਲਤ ਕਾਫ਼ੀ ਗੰਭੀਰ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਪਿੰਡ ਝਿਊਰਹੇੜੀ ਵਿੱਚ ਗੰਦੇ ਪਾਣੀ ਦੀ ਨਿਕਾਸੀ ਦਾ ਉਚਿੱਤ ਪ੍ਰਬੰਧ ਨਹੀਂ ਹੈ। ਮੀਂਹ ਪੈਣ ਕਾਰਨ ਟੋਭੇ ਦਾ ਗੰਦਾ ਪਾਣੀ ਓਵਰਫਲੋ ਹੋ ਕੇ ਕਈ ਲੋਕਾਂ ਦੇ ਘਰਾਂ ਵਿੱਚ ਜਾਣਾ ਸ਼ੁਰੂ ਹੋ ਗਿਆ ਸੀ। ਪਿੰਡ ਕਾਸੀ ਕਾਫ਼ੀ ਸਮੇਂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਨ। ਪਿੰਡ ਵਾਸੀ ਨਰਾਤਾ ਸਿੰਘ ਅਤੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਗਰਾਮ ਪੰਚਾਇਤ ਦੀ ਕਥਿਤ ਨਾਲਾਇਕੀ ਕਾਰਨ ਵਾਪਰਿਆ ਹੈ ਅਤੇ ਠੇਕੇਦਾਰ ਵੀ ਬਰਾਬਰ ਦਾ ਜ਼ਿੰਮੇਵਾਰ ਹੈ। ਉਨ੍ਹਾਂ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਪਾਣੀ ਦੀ ਨਿਕਾਸੀ ਵਾਲੀ ਪੁਲੀ ਬੰਦ ਕਰ ਦਿੱਤੀ ਗਈ ਹੈ ਅਤੇ ਹੁਣ ਕੋਈ ਕਿਸਾਨ ਖੇਤਾਂ ’ਚੋਂ ਗੰਦਾ ਪਾਣੀ ਵੀ ਲੰਘਣ ਨਹੀਂ ਦਿੰਦਾ ਹੈ। ਜਿਸ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੋ ਰਹੀ ਹੈ।
ਅੱਜ ਜੇਸੀਬੀ ਮਸ਼ੀਨ ਲਗਾ ਕੇ ਗੰਦੇ ਪਾਣੀ ਦੀ ਨਿਕਾਸੀ ਦਾ ਆਰਜ਼ੀ ਪ੍ਰਬੰਧ ਕੀਤਾ ਜਾ ਰਿਹਾ ਸੀ ਕਿ ਅਚਾਨਕ ਜੇਸੀਬੀ ਮਸ਼ੀਨ ਗੰਦੇ ਪਾਣੀ ਦੇ ਟੋਭੇ ਵਿੱਚ ਡਿੱਗ ਗਈ। ਜੇਸੀਬੀ ਦੇ ਚਾਲਕ ਨਾਲ ਸਾਈਡ ’ਤੇ ਬੈਠੇ ਦੋ ਬੱਚੇ ਵੀ ਪਾਣੀ ਵਿੱਚ ਡੁੱਬ ਗਏ। ਜਿਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਟੋਭੇ ’ਚੋਂ ਬਾਹਰ ਕੱਢ ਕੇ ਹਸਪਤਾਲ ਵਿੱਚ ਪਹੁੰਚਾਇਆ ਗਿਆ। ਜਿੱਥੇ ਦੋਵੇਂ ਬੱਚਿਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਇਸ ਸਬੰਧੀ ਸੰਪਰਕ ਕਰਨ ’ਤੇ ਸੋਹਾਣਾ ਥਾਣਾ ਦੇ ਐਸਐਚਓ ਭਗਵੰਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਪ੍ਰੰਤੂ ਹਾਲੇ ਤੱਕ ਪੀੜਤ ਪਰਿਵਾਰ ਜਾਂ ਹੋਰ ਕਿਸੇ ਵਿਅਕਤੀ ਕਿਸੇ ਵਿਰੁੱਧ ਕੋਈ ਸ਼ਿਕਾਇਤ ਨਹੀਂ ਦਿੱਤੀ ਹੈ।
ਉਧਰ, ਦੂਜੇ ਪਾਸੇ ਇਸ ਹਾਦਸੇ ਸਬੰਧੀ ਸੰਪਰਕ ਕਰਨ ’ਤੇ ਝਿਊਰਹੇੜੀ ਦੇ ਸਰਪੰਚ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਗਰਾਮ ਪੰਚਾਇਤ ਵੱਲੋਂ ਟੋਭਿਆਂ ਦੀ ਸਾਫ਼ ਸਫ਼ਾਈ ਲਈ ਸੰਤ ਸੀਚੇਵਾਲ ਮਾਡਲ ਅਪਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਜਿੰਮ ਲਗਾਉਣ ਲਈ ਖੁਦਾਈ ਦਾ ਕੰਮ ਕੀਤਾ ਜਾ ਰਿਹਾ ਸੀ ਕਿ ਅਚਾਨਕ ਮੀਂਹ ਪੈਣ ਕਾਰਨ ਖੱਡਿਆਂ ਵਿੱਚ ਪਾਣੀ ਭਰ ਗਿਆ। ਅੱਜ ਜੇਸੀਬੀ ਮਸ਼ੀਨ ਲਗਾ ਕੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾ ਰਿਹਾ ਸੀ ਕਿ ਇਸ ਦੌਰਾਨ ਅਚਾਨਕ ਜੇਸੀਬੀ ਮਸ਼ੀਨ ਟੋਭੇ ਵਿੱਚ ਡਿੱਗ ਪਈ ਅਤੇ ਚਾਲਕ ਨਾਲ ਸਾਈਡ ’ਤੇ ਬੈਠੇ ਦੋਵੇਂ ਬੱਚੇ ਵੀ ਪਾਣੀ ਵਿੱਚ ਡਿੱਗ ਪਏ। ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

Load More Related Articles
Load More By Nabaz-e-Punjab
Load More In Accident

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…