nabaz-e-punjab.com

ਮੁਹਾਲੀ ਵਿੱਚ ਮੂਸਲਾਧਾਰ ਬਾਰਸ਼ ਨੇ ਖੋਲ੍ਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਜਲ ਨਿਕਾਸੀ ਪ੍ਰਬੰਧਾਂ ਦੀ ਪੋਲ

ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਦੇ ਘਰਾਂ ਵਿੱਚ ਵੜਿਆ ਪਾਣੀ, ਸੜਕਾਂ ਤੇ ਲੰਮੇ ਜਾਮ, ਘਰੇਲੂ ਸਾਮਾਨ ਪਾਣੀ ਵਿੱਚ ਡੁੱਬਿਆ

ਫੇਜ਼-5 ਦੇ ਵਸਨੀਕਾਂ ਨੇ ਭਾਜਪਾ ਆਗੂ ਅਰੁਣ ਸ਼ਰਮਾ ਦੀ ਅਗਵਾਈ ਵਿੱਚ ਲਾਇਆ ਸੜਕ ’ਤੇ ਜਾਮ, ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ

ਆਪ ਪਾਰਟੀ ਨੇ ਵਿਜੀਲੈਂਸ ਤੋਂ ਜਾਂਚ ਮੰਗੀ, ਯੂਥ ਅਕਾਲੀ ਆਗੂ ਨੇ ਮੰਤਰੀ, ਡਾਇਰੈਕਟਰ ਤੇ ਕਮਿਸ਼ਨਰ ਨੂੰ ਭੇਜਿਆ ਕਾਨੂੰਨੀ ਨੋਟਿਸ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਗਸਤ:
ਅੱਜ ਸਵੇਰੇ ਹੋਈ ਭਰਵੀਂ ਬਰਸਾਤ ਨੇ ਐਸਏਐਸ ਨਗਰ, ਮੁਹਾਲੀ ਦੇ ਵਸਨੀਕਾਂ ਦੇ ਸਾਹ ਸੂਤ ਕੇ ਰੱਖ ਦਿੱਤੇ। ਇਸ ਦੌਰਾਨ ਪਾਣੀ ਦੀ ਨਿਕਾਸੀ ਦੇ ਅੱਧੇ ਅਧੂਰੇ ਪ੍ਰਬੰਧਾਂ ਕਾਰਨ ਸ਼ਹਿਰ ਦਾ ਵੱਡਾ ਹਿੱਸਾ ਘੰਟਿਆਂ ਬੱਧੀ ਪਾਣੀ ਵਿੱਚ ਡੁੱਬਿਆ ਰਿਹਾ ਅਤੇ ਲੋਕਾਂ ਦੇ ਘਰਾਂ ਵਿੱਚ ਦਾਖਿਲ ਹੋਏ ਪਾਣੀ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਹੱਥ ਪੈਰ ਮਾਰਦੇ ਨਜ਼ਰ ਆਏ। ਇਸ ਦੇ ਨਾਲ ਨਾਲ ਬਰਸਾਤ ਕਾਰਨ ਸੜਕਾਂ ਤੇ ਪਾਣੀ ਭਰ ਜਾਣ ਨਾਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਅਤੇ ਲੋਕ ਘੰਟਆਂ ਬੱਧੀ ਲੱਗੇ ਜਾਮ ਵਿੱਚ ਫਸ ਕੇ ਪ੍ਰਸ਼ਾਸਨ ਦੇ ਪ੍ਰਬੰਧਾਂ ਨੂੰ ਕੋਸਦੇ ਨਜ਼ਰ ਆਏ।
ਅੱਜ ਸਵੇਰੇ 7.30 ਵਜੇ ਦੇ ਆਸ ਪਾਸ ਜਦੋਂ ਬਰਸਾਤ ਆਰੰਭ ਹੋਈ ਉਸ ਵੇਲੇ ਕਿਸੇ ਨੂੰ ਵੀ ਅੰਦਾਜਾ ਨਹੀਂ ਸੀ ਕਿ ਇਸ ਨਾਲ ਹਾਲਾਤ ਇੰਨੇ ਬਦਤਰ ਵੀ ਹੋ ਸਕਦੇ ਹਨ। ਇਸ ਵਾਰ ਦੇ ਸੀਜਨ ਦੀ ਇਸ ਸਭ ਤੋਂ ਤੇਜ ਬਰਸਾਤ ਕਾਰਨ ਹਰ ਪਾਸੇ ਜਲ ਥਲ ਹੋ ਗਈ। ਲਗਾਤਾਰ ਢਾਈ ਘੰਟੇ ਤਕ ਪਏ ਮੀੱਹ ਕਾਰਨ ਜਿੱਥੇ ਸੜਕਾਂ ਤੇ 2-2 ਫੁੱਟ ਤਕ ਪਾਣੀ ਖੜ੍ਹਾ ਹੋ ਗਿਆ ਉੱਥੇ ਸ਼ਹਿਰ ਦੇ ਨੀਵੇੱ ਇਲਾਕਿਆਂ ਵਿੱਚ ਪਾਣੀ ਇਕੱਠਾ ਹੋ ਕੇ ਲੋਕਾਂ ਦੇ ਘਰਾਂ ਵਿੱਚ ਜਾ ਵੜਿਆ ਜਿਸ ਕਾਰਨ ਲੋਕਾਂ ਦਾ ਕੀਮਤੀ ਘਰੇਲੂ ਸਾਮਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਦੌਰਾਨ ਫੇਜ਼ 3 ਬੀ-2, ਫੇਜ਼-5, ਸੈਕਟਰ 71, ਫੇਜ਼ 11 ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਜਿੱਥੇ ਲੋਕਾਂ ਦੇ ਘਰਾਂ ਦੇ ਅੰਦਰ ਬਹੁਤ ਜਿਆਦਾ ਪਾਣੀ ਭਰਿਆ।
ਸਵੇਰ ਸਾਢੇ ਸੱਤ ਵਜੇ ਤੋੱ ਦਸ ਵਜੇ ਤਕ ਚੱਲੀ ਇਸ ਬਰਸਾਤ ਕਾਰਨ ਜਿਥੇ ਹਰ ਪਾਸੇ ਪਾਣੀ ਹੀ ਪਾਣੀ ਹੋ ਗਿਆ, ਉਥੇ ਹੀ ਜਨ ਜੀਵਨ ਅਸਤ ਵਿਅਸਤ ਹੋ ਗਿਆ। ਇਸ ਬਰਸਾਤ ਕਾਰਨ ਮੁਹਾਲੀ ਦੀਆਂ ਸੜਕਾਂ ਨਹਿਰਾਂ ਦਾ ਰੂਪ ਧਾਰ ਗਈਆਂ। ਸਥਾਨਕ ਫੇਜ 3 ਬੀ 2 ਵਿਚ ਸੜਕਾਂ ਤੇ ਤਿੰਨ ਤਿੰਨ ਫੁੱਟ ਪਾਣੀ ਖੜ ਗਿਆ, ਇਸ ਤੋਂ ਇਲਾਵਾ ਇਸ ਇਲਾਕੇ ਦੀਆਂ ਕੋਠੀਆਂ ਵਿਚ ਡੇਢ ਤੋੱ ਦੋ ਫੁੱਟ ਤੱਕ ਪਾਣੀ ਚਲਾ ਗਿਆ। ਇੱਥੋੱ ਦੇ ਵਸਨੀਕ ਅਤੇ ਠੇਕੇਦਾਰ ਯੂਨੀਅਨ ਦੇ ਪ੍ਰਧਾਨ ਸ ਸੂਰਤ ਸਿੰਘ ਕਲਸੀ ਨੇ ਦਸਿਆ ਕਿ ਉਹਨਾਂ ਦੇ ਘਰ ਸਮੇਤ ਵੱਡੀ ਗਿਣਤੀ ਘਰਾਂ ਵਿਚ ਬਰਸਾਤ ਦਾ ਪਾਣੀ ਦਾਖਿਲ ਹੋਇਆ ਹੈ ਜਿਸ ਕਾਰਨ ਲੋਕਾਂ ਦਾ ਕੀਮਤੀ ਸਮਾਨ ਖਰਾਬ ਹੋ ਗਿਆ।
ਇਸ ਦੌਰਾਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਲੋਕ ਇਕ ਤਰ੍ਹਾਂ ਘਰਾਂ ਵਿਚ ਹੀ ਕੈਦ ਹੋ ਕੇ ਰਹਿ ਗਏ। ਉਹਨਾਂ ਕਿਹਾ ਕਿ ਇਸ ਬਰਸਾਤ ਨੇ ਪ੍ਰਸ਼ਾਸਨ ਦੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਦੇ ਸਾਰੇ ਦਾਅਵੇ ਖੋਖਲੇ ਸਿੱਧ ਕਰ ਦਿਤੇ ਹਨ। ਫੇਜ 3 ਬੀ 2 ਵਿਖੇ ਕੌਂਸਲਰ ਕੁਲਜੀਤ ਸਿੰਘ ਬੇਦੀ ਇਸ ਬਰਸਾਤ ਵਿਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਾਲ ਪਾਣੀ ਦੀ ਨਿਕਾਸੀ ਕਰਵਾਉਣ ਦੀ ਕੋਸ਼ਿਸ਼ ਵਿੱਚ ਲੱਗੇ ਰਹੇ ਅਤੇ ਅਖੀਰਕਾਰ ਵਸਨੀਕਾਂ ਵਲੋੱ ਫੇਜ਼ 3 ਬੀ 2 ਅਤੇ ਸੈਕਟਰ 71 ਨੂੰ ਵੰਡਣ ਵਾਲੀ ਸੜਕ ਕਿਨਾਰੇ ਗਮਾਡਾ ਵਲੋੱ ਬਣਾਈਆਂ ਕੰਧਾਂ ਤੋੜ ਕੇ ਪਾਣੀ ਦੀ ਨਿਕਾਸੀ ਕੀਤੀ ਗਈ ਤਾਂ ਇਹ ਪਾਣੀ ਘੱਟ ਹੋਇਆ ਵਰਨਾ ਇੱਥੇ ਹਾਲਾਤ ਹੋਰ ਵੀ ਬਦਤਰ ਹੋਣੇ ਸੀ। ਇਸ ਮੌਕੇ ਸ੍ਰ. ਬੇਦੀ ਨੇ ਕਿਹਾ ਕਿ ਪ੍ਰਸ਼ਾਸਨ ਇਸ ਬਰਸਾਤੀ ਪਾਣੀ ਦੀ ਨਿਕਾਸੀ ਸਹੀ ਤਰੀਕੇ ਨਾਲ ਕਰਵਾਉਣ ਵਿਚ ਬੁਰੀ ਤਰਾਂ ਅਸਫਲ ਹੋ ਗਿਆ ਹੈ।
ਉਹਨਾਂ ਕਿਹਾ ਕਿ ਉਹ ਭਲਕੇ ਪਬਲਿਕ ਹੈਲਥ ਵਿਭਾਗ ਵਿੱਚ ਆਰਟੀਆਈ ਪਾ ਕੇ ਇਸ ਵਿਭਾਗ ਵੱਲੋਂ ਬਰਸਾਤੀ ਪਾਣੀ ਦੇ ਨਿਕਾਸ ਲਈ ਕੀਤੇ ਗਏ ਖਰਚੇ ਦੀ ਜਾਣਕਾਰੀ ਮੰਗਣਗੇ। ਉਹਨਾਂ ਕਿਹਾ ਕਿ ਇਸ ਕੰਮ ਵਿੱਚ ਵੱਡਾ ਘਪਲਾ ਹੋਇਆ ਲੱਗਦਾ ਹੈ ਅਤੇ ਇਸ ਮਾਮਲੇ ਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ।
ਫੇਜ 5 ਵਿਚ ਬਰਸਾਤ ਦੇ ਪਾਣੀ ਕਾਰਨ ਜਨ ਜੀਵਨ ਅਸਤ ਵਿਅਸਤ ਹੋ ਗਿਆ। ਫੇਜ 5 ਵਿੱਚ ਬਰਸਾਤੀ ਪਾਣੀ ਤੋਂ ਡਾਢੇ ਪ੍ਰੇਸ਼ਾਨ ਹੋਏ ਲੋਕਾਂ ਨੇ ਭਾਜਪਾ ਦੇ ਸੀਨੀਅਰ ਕੌਂਸਲਰ ਅਰੁਣ ਸ਼ਰਮਾ ਦੀ ਅਗਵਾਈ ਹੇਠ ਪੀਸੀਐਲ ਤੋਂ ਬਲੌਂਗੀ ਸੜਕ ’ਤੇ ਜਾਮ ਲਗਾ ਕੇ ਮੁਹਾਲੀ ਪ੍ਰਸ਼ਾਸ਼ਨ ਦੇ ਖ਼ਿਲਾਫ਼ ਨਾਅਰੇਬਾਜੀ ਕੀਤੀ। ਕੌਂਸਲਰ ਅਰੁਣ ਸ਼ਰਮਾ ਨੇ ਦੱਸਿਆ ਕਿ ਇਸ ਬਰਸਾਤ ਕਾਰਨ ਸੜਕਾਂ ਉਪਰ ਤਿੰਨ ਫੁੱਟ ਤਕ ਪਾਣੀ ਖੜ ਗਿਆ ਅਤੇ ਲੋਕਾਂ ਦੇ ਘਰਾਂ ਵਿਚ ਵੀ ਪਾਣੀ ਦਾਖਿਲ ਹੋ ਗਿਆ, ਜਿਸ ਕਾਰਨ ਲੋਕਾਂ ਦਾ ਕੀਮਤੀ ਸਮਾਨ ਖਰਾਬ ਹੋ ਗਿਆ। ਉਹਨਾਂ ਕਿਹਾ ਕਿ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਹੀ ਇਸ ਬਰਸਾਤੀ ਪਾਣੀ ਦੀ ਨਿਕਾਸੀ ਨਹੀਂ ਹੋਈ। ਬਾਅਦ ਵਿੱਚ ਮੌਕੇ ’ਤੇ ਪਹੁੰਚੇ ਐਸਡੀਐਮ ਅਤੇ ਕਮਿਸ਼ਨਰ ਨੇ ਲੋਕਾਂ ਦੀ ਮਿੰਨਤ ਕਰਕੇ ਜਾਮ ਖੁਲ੍ਹਵਾਇਆ। ਮੇਅਰ ਕੁਲਵੰਤ ਸਿੰਘ ਨੇ ਜਲ ਨਿਕਾਸੀ ਲਈ ਯੋਗ ਪ੍ਰਬੰਧ ਕਰਨ ਦਾ ਭਰੋਸਾ ਦਿੱਤਾ।
ਇਸੇ ਤਰ੍ਹਾਂ ਬਲਜੀਤ ਕੌਰ ਨੇ ਕਿਹਾ ਕਿ ਬਰਸਾਤੀ ਪਾਣੀ ਕਾਰਨ ਪ੍ਰੇਸ਼ਾਨ ਹੋ ਰਹੇ ਲੋਕਾਂ ਦੀ ਸਾਰ ਲੈਣ ਲਈ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਆਇਆ ਅਤੇ ਕਿਸੇ ਸਰਕਾਰੀ ਅਧਿਕਾਰੀ ਨੇ ਉਹਨਾਂ ਦੀ ਸਾਰ ਨਹੀਂ ਲਈ। ਫੇਜ 1 ਅਤੇ ਮੁਹਾਲੀ ਪਿੰਡ ਵਿੱਚ ਵੀ ਲੋਕਾਂ ਦੇ ਘਰਾਂ ਵਿਚ ਬਰਸਾਤੀ ਪਾਣੀ ਚਲਾ ਗਿਆ, ਜਿਸ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਸੈਕਟਰ 70 ਵਿੱਚ ਵੀ ਮਟੌਰ ਨੇੜੇ ਵੀ ਚਾਰ ਫੁੱਟ ਤਕ ਪਾਣੀ ਜਮ੍ਹਾਂ ਹੋ ਗਿਆ, ਜਿਸ ਕਾਰਨ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਪਿੰਡ ਦੇ ਕੁੱਝ ਨੌਜਵਾਨ ਪਾਣੀ ਵਿੱਚ ਤਾਰੀਆਂ ਲਾਉੱਦੇ ਵੀ ਵੇਖੇ ਗਏ। ਸੜਕ ਤੇ ਇਨਾ ਪਾਣੀ ਸੀ ਕਿ ਸਾਈਕਲ ਦੀ ਸੀਟ ਤਕ ਡੁੱਬੀ ਹੋਈ ਨਜਰ ਆ ਰਹੀ ਸੀ। ਇਸ ਦੌਰਾਨ ਸੈਕਟਰ 71 ਵਿੱਚ 2100 ਤੋਂ 2400 ਨੰਬਰਾਂ ਵਾਲੀਆਂ ਕੋਠੀਆਂ ਵਾਲੇ ਪਾਸੇ ਬਹੁਤ ਜਿਆਦਾ ਪਾਣੀ ਆ ਗਿਆ। ਵਾਰਡ ਦੇ ਕੌਂਸਲਰ ਅਮਰੀਕ ਸਿੰਘ ਸੋਮਲ ਨੇ ਦਸਿਆ ਕਿ ਸੜਕਾਂ ਉਪਰ ਚਾਰ ਚਾਰ ਫੁੱਟ ਪਾਣੀ ਖੜਾ ਸੀ। ਇਸ ਤੋਂ ਇਲਾਵਾ ਇਸ ਇਲਾਕੇ ਦੇ ਲੋਕਾਂ ਦੇ ਘਰਾਂ ਵਿਚ ਵੀ ਪਾਣੀ ਚਲਾ ਗਿਆ। ਉਹਨਾਂ ਕਿਹਾ ਕਿ ਇਹ ਸਭ ਕੁਝ ਪ੍ਰਸ਼ਾਸਨ ਦੀ ਅਣਗਹਿਲੀ ਨਾਲ ਹੋਇਆ ਹੈ।
ਸੈਕਟਰ 71 ਦੇ ਵਸਨੀਕ ਮਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਅੱਜ ਬਰਸਾਤ ਕਾਰਨ ਉਹਨਾਂ ਦੇ ਘਰ ਵਿੱਚ ਪਾਣੀ ਦਾਖਿਲ ਹੋਣ ਨਾਲ ਭਾਰੀ ਨੁਕਸਾਨ ਹੋਇਆ ਹੈ ਅਤੇ ਇਸ ਕਾਰਨ ਉਹ ਅੱਜ ਦਫਤਰ ਵੀ ਨਹੀਂ ਜਾ ਸਕੇ। ਇਸੇ ਦੌਰਾਨ ਸੈਕਟਰ 71 ਵਿੱਚ 1100 ਨੰਬਰ ਵਾਲੀਆਂ ਕੋਠੀਆਂ ਵਿੱਚ ਵੀ ਪਾਣੀ ਦਾਖਿਲ ਹੋ ਗਿਆ। ਇੱਥੋਂ ਦੇ ਵਸਨੀਕ ਐਕਸ ਸਰਵਿਸਮੈਨ ਗ੍ਰੀਵੈਸਿੰਸ ਸੈਲ ਦੇ ਪ੍ਰਧਾਨ ਕਰਨਲ ਐਸ ਐਸ ਸੋਹੀ ਦੇ ਘਰ ਵਿੱਚ ਵੀ ਪਾਣੀ ਦਾਖਿਲ ਹੋ ਗਿਆ। ਫੇਜ਼ 3ਬੀ1 ਦੇ ਐਚ ਐਮ ਕਵਾਟਰ ਵਿੱਚ ਵੀ ਅੱਜ 122 ਵਾਲੀ ਲਾਈਨ ਵਿੱਚ ਕੁੱਝ ਘਰਾਂ ਵਿੱਚ ਪਾਣੀ ਅੰਦਰ ਦਾਖਿਲ ਹੋ ਗਿਆ ਜਿਸ ਕਾਰਨ ਭਾਰੀ ਨੁਕਸਾਨ ਹੋਇਆ।
ਫੇਜ 7 ਦੇ ਐਚ ਈ ਦੇ ਕੁਆਟਰਾਂ ਵਿਚ ਵੀ ਬਰਸਾਤੀ ਪਾਣੀ ਚਲਾ ਗਿਆ। ਅਕਾਲੀ ਦਲ ਜਿਲਾ ਮੁਹਾਲੀ ਦੇ ਜਨਰਲ ਸਕੱਤਰ ਨਰਿੰਦਰ ਸਿੰਘ ਲਾਂਬਾ ਨੇ ਦਸਿਆ ਕਿ ਇਹ ਬਰਸਾਤੀ ਪਾਣੀ ਉਹਨਾਂ ਦੇ ਘਰ ਵਿਚ ਵੀ ਆ ਗਿਆ ਅਤੇ ਇਸਦੇ ਨਾਲ ਹੀ ਇਸ ਇਲਾਕੇ ਦੇ ਹੋਰਨਾਂ ਘਰਾਂ ਦੇ ਅੰਦਰ ਵੀ ਬਰਸਾਤੀ ਪਾਣੀ ਚਲਾ ਗਿਆ,ਜਿਸ ਕਾਰਨ ਲੋਕਾਂ ਦਾ ਕੀਮਤੀ ਸਮਾਨ ਖਰਾਬ ਹੋ ਗਿਆ ਅਤੇ ਲੋਕਾਂ ਨੂੰ ਇਸ ਕਾਰਨ ਬਹੁਤ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਹਨਾਂ ਕਿਹਾ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਹੀ ਇਸ ਇਲਾਕੇ ਵਿਚ ਬਰਸਾਤੀ ਪਾਣੀ ਦੀ ਨਿਕਾਸੀ ਸਹੀ ਤਰੀਕੇ ਨਾਲ ਨਹੀਂ ਹੋ ਸਕੀ, ਜਿਸ ਕਾਰਨ ਇਸ ਇਲਾਕੇ ਦੇ ਘਰਾਂ ਵਿਚ ਬਰਸਾਤੀ ਪਾਣੀ ਚਲਾ ਗਿਆ। ਇਸ ਵਾਰਡ ਦੇ ਕੌਂਸਲਰ ਸ੍ਰੀ ਸੈਹਬੀ ਆਨੰਦ ਨੇ ਕਿਹਾ ਕਿ ਇਸ ਇਲਾਕੇ ਵਿੱਚ ਸੀਵਰੇਜ ਦੇ ਬੈਕ ਮਾਰਨ ਕਾਰਨ ਇਹ ਸਾਰੀ ਸਮੱਸਿਆ ਆ ਰਹੀ ਹੈ ਅਤੇ ਇਸ ਸੰਬੰਧੀ ਉਹਨਾਂ ਵੱਲੋਂ ਕਈ ਵਾਰ ਨਿਗਮ ਵਿੱਚ ਮੰਗ ਕੀਤੀ ਜਾ ਚੁੱਕੀ ਹੈ। ਉਹਨਾਂ ਕਿਹਾ ਕਿ ਐਚ ਈ ਦੇ ਲਗਭਗ 100 ਘਰਾਂ ਦੇ ਵਿੱਚ ਪਾਣੀ ਦਾਖਿਲ ਹੋਇਆ ਜਿਸ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ।
ਫੇਜ਼ 7 ਦੇ ਸੈਕਟਰ 70 ਦੇ ਨਾਲ ਲੱਗਦੇ ਖੇਤਰ ਵਿੱਚ 2600 ਨੰਬਰ ਵਾਲੀਆਂ ਕੋਠੀਆਂ ਵਿੱਚ ਵੀ 25 ਦੇ ਕਰੀਬ ਘਰਾਂ ਵਿੱਚ ਪਾਣੀ ਦਾਖਿਲ ਹੋਣ ਕਾਰਨ ਲੋਕਾਂ ਦਾ ਕਾਫੀ ਨੁਕਸਾਨ ਹੋਇਆ। ਇਸ ਵਾਰਡ ਦੇ ਕੌਂਸਲਰ ਅਤੇ ਅਕਾਲੀ ਦਲ ਜਿਲ੍ਹਾ ਸ਼ਹਿਰੀ ਦੇ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ ਨੇ ਦਸਿਆ ਕਿ ਲੋਕਾਂ ਦੇ ਘਰਾਂ ਵਿੱਚ ਪਾਣੀ ਜਾਣ ਕਾਰਨ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਸ ਇਲਾਕੇ ਵਿਚ ਜੋ ਵਾਟਰ ਸਟੋਰੇਜ ਸਿਸਟਮ ਲਗਾਇਆ ਗਿਆ ਸੀ, ਉਹ ਅੱਜ ਮੌਕੇ ਉਪਰ ਚਲਿਆ ਹੀ ਨਹੀਂ, ਜਿਸ ਕਾਰਨ ਲੋਕਾਂ ਦਾ ਕਾਫੀ ਨੁਕਸਾਨ ਹੋਇਆ। ਉਹਨਾਂ ਕਿਹਾ ਕਿ ਜੇ ਵਾਟਰ ਸਟੋਰੇਜ ਸਿਸਟਮ ਲਗਾਇਆ ਗਿਆ ਹੈ ਤਾਂ ਉਸ ਨੁੰ ਸਹੀ ਤਰੀਕੇ ਨਾਲ ਚਲਾਉਣ ਦੇ ਪ੍ਰਬੰਧ ਕਰਨਾ ਵੀ ਪ੍ਰਸ਼ਾਸਨ ਦੀ ਜਿੰਮੇਵਾਰੀ ਹੈ।
ਸਥਾਨਕ ਫੇਜ 9 ਵਿਚ ਵੀ ਹਰ ਪਾਸੇ ਪਾਣੀ ਹੀ ਪਾਣੀ ਨਜਰ ਆ ਰਿਹਾ ਸੀ। ਇਸ ਦੌਰਾਨ ਚੰਡੀਗੜ੍ਹ ਤੋੱ ਆ ਰਹੇ ਬਰਸਾਤੀ ਪਾਣੀ ਦੇ ਚੋਅ ਦੇ ਉਵਰਫਲੋ ਹੋ ਜਾਣ ਕਾਰਨ ਉਸਦਾ ਪਾਣੀ ਸੜਕਾਂ ਉਪਰ ਆ ਗਿਆ ਅਤੇ ਫੇਜ਼ 9 ਦੀਆਂ ਕੋਠੀਆਂ ਵਿੱਚ ਦਾਖਿਲ ਹੋਇਆ। ਇਸ ਮੌਕੇ ਕੌਸਲਰ ਕੰਵਲਜੀਤ ਸਿੰਘ ਰੂਬੀ ਨੇ ਦਸਿਆ ਕਿ ਨਾਲੇ ਦਾ ਪਾਣੀ ਓਵਰਫਲੋ ਹੋ ਕੇ ਲੋਕਾਂ ਦੇ ਘਰਾਂ ਵਿੱਚ ਦਾਖਿਲ ਹੋਇਆ ਹੈ ਜਿਸ ਕਾਰਨ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਹੈ। ਫੇਜ 11 ਵਿੱਚ ਵੀ ਹਰ ਪਾਸੇ ਹੀ ਬਰਸਾਤ ਪੈਣ ਕਾਰਨ ਗੰਦਾ ਪਾਣੀ ਖੜ ਗਿਆ। ਕੌਂਸਲਰ ਅਮਰੀਕ ਸਿੰਘ ਤਹਿਸੀਲਦਾਰ ਨੇ ਦਸਿਆ ਕਿ ਵਧੇਰੇ ਬਰਸਾਤ ਪੈਣ ਕਾਰਨ ਹਰ ਪਾਸੇ ਹੀ ਪਾਣੀ ਹੀ ਪਾਣੀ ਹੋ ਗਿਆ ਅਤੇ ਇਹ ਗੰਦਾ ਪਾਣੀ ਲੋਕਾਂ ਦੇ ਘਰਾਂ ਦੇ ਅੰਦਰ ਵੀ ਚਲਾ ਗਿਆ, ਜਿਸ ਕਾਰਨ ਲੋਕਾਂ ਦਾ ਕੀਮਤੀ ਸਮਾਨ ਖਰਾਬ ਹੋ ਗਿਆ। ਉਹਨਾਂ ਕਿਹਾ ਕਿ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਹੀ ਬਰਸਾਤੀ ਪਾਣੀ ਦੀ ਨਿਕਾਸੀ ਸਹੀ ਤਰੀਕੇ ਨਾਲ ਨਹੀਂ ਹੋ ਸਕੀ।
ਇਸੇ ਤਰਾਂ ਵਾਈਪੀਐਸ ਚੌਂਕ, ਫੇਜ 7 ਚੌਂਕ, ਕੁੰਭੜਾ ਚੌਂਕ ਅਤੇ ਸੋਹਾਣਾ ਚੌਂਕ ਵਿੱਚ ਲੰਬੇ ਸਮੇੱ ਤਕ ਡੇਢ ਤੋਂ ਦੋ ਫੁੱਟ ਤਕ ਬਰਸਾਤੀ ਪਾਣੀ ਖੜਾ ਹੋਣ ਕਾਰਨ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਵੱਡੀ ਗਿਣਤੀ ਕਾਰਾਂ ਇੰਜਣ ਵਿਚ ਪਾਣੀ ਪੈ ਜਾਣ ਕਾਰਨ ਸੜਕਾਂ ਉਪਰ ਹੀ ਬੰਦ ਹੋ ਕੇ ਖੜ ਗਈਆਂ, ਇਸ ਤੋਂ ਇਲਾਵਾ ਮੋਟਰਸਾਈਕਲ, ਸਕੂਟਰ ਸਵਾਰਾਂ ਨੂੰ ਵੀ ਇਸ ਬਰਸਾਤੀ ਪਾਣੀ ਕਾਰਨ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸੋਹਾਣਾ, ਕੁੰਭੜਾ ਚੌਂਕ ਅਤੇ ਫੇਜ 7 ਵਿਚ ਤਾਂ ਘੰਟਿਆਂ ਬੱਧੀ ਜਾਮ ਲਗਿਆ ਰਿਹਾ, ਜਿਸ ਵਿਚ ਹਜਾਰਾਂ ਲੋਕ ਫਸੇ ਰਹੇ। ਇਸ ਤੋੱ ਇਲਾਵਾ ਪੁਲੀਸ ਮੁਲਾਜਮ ਵੀ ਵੱਖ ਵੱਖ ਥਾਵਾਂ ਉਪਰ ਆਵਾਜਾਈ ਬਹਾਲ ਕਰਨ ਦੇ ਯਤਨ ਕਰਦੇ ਰਹੇ, ਕਈ ਪੁਲੀਸ ਮੁਲਾਜਮ ਤਾਂ ਸਾਦੇ ਕਪੜਿਆਂ ਵਿਚ ਹੀ ਆਵਾਜਾਈ ਬਹਾਲ ਕਰਨ ਵਿਚ ਲੱਗੇ ਹੋਏ ਸਨ। ਫੇਜ 4 ਵਿਖੇ ਵੀ ਬਰਸਾਤੀ ਪਾਣੀ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪਿਆ। ਸਥਾਨਕ ਸਨਾਤਨ ਮੰਦਰ ਵਿਚ ਵੀ ਬਰਸਾਤੀ ਪਾਣੀ ਅੰਦਰ ਚਲਾ ਗਿਆ, ਜਿਸ ਕਾਰਨ ਸ਼ਰਧਾਲੂਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਸ਼ਹਿਰ ਦੇ ਨਾਲ ਲੱਗਦੇ ਪਿੰਡਾਂ ਸੋਹਾਣਾ, ਮਟੌਰ, ਸ਼ਾਹੀ ਮਾਜਰਾ, ਮੁਹਾਲੀ, ਦਾਉੱ, ਬਲੌਂਗੀ ਦਾ ਵੀ ਬਰਸਾਤ ਕਾਰਨ ਬਹੁਤ ਬੁਰਾ ਹਾਲ ਹੋ ਗਿਆ। ਇਹਨਾਂ ਪਿੰਡਾਂ ਦੇ ਵੱਡੀ ਗਿਣਤੀ ਲੋਕਾਂ ਦੇ ਘਰਾਂ ਵਿਚ ਬਰਸਾਤੀ ਪਾਣੀ ਚਲਾ ਗਿਆ, ਜਿਸ ਕਾਰਨ ਲੋਕਾਂ ਦਾ ਕੀਮਤੀ ਸਮਾਨ ਖਰਾਬ ਹੋ ਗਿਆ। ਕੌਂਸਲਰ ਹਰਪਾਲ ਸਿੰਘ ਚੰਨਾ ਨੇ ਦਸਿਆ ਕਿ ਮਟੌਰ ਵਿਚ ਤਾਂ ਬਰਸਾਤੀ ਪਾਣੀ ਕਾਰਨ ਲੋਕਾਂ ਨੂੰ ਬਹੁਤ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਉਹਨਾਂ ਕਿਹਾ ਕਿ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਹੀ ਇਸ ਬਰਸਾਤੀ ਪਾਣੀ ਦੀ ਨਿਕਾਸੀ ਨਹੀਂ ਹੋ ਸਕੀ, ਜਿਸ ਕਾਰਨ ਇਸ ਬਰਸਾਤੀ ਪਾਣੀ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪਿਆ।
ਇਸੇ ਤਰ੍ਹਾਂ ਹੀ ਚੰਡੀਗੜ੍ਹ ਦੇ ਵੱਖ ਵੱਖ ਸੈਕਟਰਾਂ ਵਿੱਚ ਬਰਸਾਤ ਪੈਣ ਕਾਰਨ ਸੜਕਾਂ ਤੇ ਜਮਾਂ ਹੋਏ ਪਾਣੀ ਕਾਰਨ ਘੰਟਿਆ ਬੱਧੀ ਜਾਮ ਲੱਗਿਆ ਰਿਹਾ ਅਤੇ ਲੋਕ ਦੋ ਦੋ ਘੰਟੇ ਤਕ ਜਾਮ ਵਿੱਚ ਫਸ ਕੇ ਖੱਜਲਖੁਆਰ ਹੁੰਦੇ ਰਹੇ। ਇਸ ਦੌਰਾਨ ਪ੍ਰਸ਼ਾਸ਼ਨ ਵੱਲੋਂ ਟਰੈਫ਼ਿਕ ਨੂੰ ਆਮ ਵਾਂਗ ਚਲਦਾ ਰਹਿਣ ਲਈ ਪ੍ਰਬੰਧ ਨਾਂਹ ਦੇ ਬਰਾਬਰ ਨਜਰ ਆਏ ਅਤੇ ਲੋਕ ਜਿਵੇਂ ਕਿਵੇਂ ਜਾਮ ਵਿੱਚ ਗੱਡੀਆਂ ਕੱਢਣ ਵਿੱਚ ਲੱਗੇ ਰਹੇ ਇਸ ਕਾਰਨ ਸਕੂਲ ਕਾਲੇਜ ਜਾਣ ਵਾਲੇ ਵਿਦਿਆਥੀਆਂ ਅਤੇ ਦਫਤਰਾਂ ਵਿੱਚ ਜਾਣ ਵਾਲੇ ਲੋਕ ਸਮੇਂ ਤੇ ਦਫਤਰ ਵੀ ਨਹੀਂ ਪਹੁੰਚ ਪਾਏ। ਚੰਡੀਗੜ੍ਹ ਵਿਚ ਬਰਸਾਤ ਪੈਣ ਕਾਰਨ ਹਰ ਪਾਸੇ ਹੀ ਪਾਣੀ ਖੜਾ ਹੋ ਗਿਆ। ਸੈਕਟਰ 44-45 ਵਿਚ ਵੀ ਬਹੁਤ ਸਾਰਾ ਪਾਣੀ ਸੜਕਾਂ ਉਪਰ ਖੜਾ ਹੋ ਗਿਆ। ਚੰਡੀਗੜ੍ਹ ਦੇ ਕਈ ਇਲਾਕਿਆਂ ਵਿਚ ਤਾਂ ਦੁਪਹਿਰ ਇਕ ਵਜੇ ਤੱਕ ਜਾਮ ਲਗਿਆ ਰਿਹਾ, ਜਿਸ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
(ਬਾਕਸ ਆਈਟਮ 1)
ਆਮ ਆਦਮੀ ਪਾਰਟੀ (ਆਪ) ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਧਾਲੀਵਾਲ ਅਤੇ ਸਰਗਰਮ ਆਗੂ ਪ੍ਰੋ. ਮੇਹਰ ਸਿੰਘ ਮੱਲ੍ਹੀ ਨੇ ਕੈਪਟਨ ਸਰਕਾਰ ਅਤੇ ਮੁਹਾਲੀ ਪ੍ਰਸ਼ਾਸਨ ਨੂੰ ਕੋਸਦੇ ਹੋਏ ਕਿਹਾ ਕਿ ਫੇਜ਼-7 ਅਤੇ ਫੇਜ਼ ਫੇਜ਼ ਫੇਜ਼-3ਬੀ2 ਵਿੱਚ ਲੱਖਾਂ ਰੁਪਏ ਖ਼ਰਚ ਕਰਕੇ ਪ੍ਰਸ਼ਾਸਨ ਨੇ ਬਰਸਾਤੀ ਪਾਣੀ ਇਕੱਠਾ ਕਰਨ ਲਈ ਅੰਡਰ ਗਰਾਉਂਡ ਵੱਡੇ ਵੱਡੇ ਟੈਂਕ ਦੇ ਪਾਣੀ ਬਣਾਏ ਸੀ ਲੇਕਿਨ ਹੁਣ ਤੱਕ ਇਨ੍ਹਾਂ ਨੂੰ ਵਰਤੋਂ ਵਿੱਚ ਨਹੀਂ ਲਿਆਂਦਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸਮੁੱਚੇ ਪ੍ਰਬੰਧਾਂ ਵਿੱਚ ਵੱਡੇ ਪੱਧਰ ’ਤੇ ਹੋਈਆਂ ਬੇਨਿਯਮੀਆਂ ਦੀ ਵਿਜੀਲੈਂਸ ਤੋਂ ਜਾਂਚ ਕਰਵਾਈ ਜਾਵੇ ਅਤੇ ਜ਼ਿੰਮੇਵਾਰ ਅਧਿਕਾਰੀਆਂ ਦੇ ਖ਼ਿਲਾਫ਼ ਫੌਜਦਾਰੀ ਮੁਕੱਦਮੇ ਅਤੇ ਵਿਭਾਗੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਲੋਕਾਂ ਦੇ ਹੋਏ ਨੁਕਸਾਨ ਦੀ ਭਰਪਾਈ ਅਧਿਕਾਰੀਆਂ ਦੀ ਸੈਲਰੀ ’ਚੋਂ ਕੀਤੀ ਜਾਵੇ।
(ਬਾਕਸ ਆਈਟਮ 2)
ਉਧਰ, ਜ਼ਿਲ੍ਹਾ ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਹਰਮਨਪ੍ਰੀਤ ਸਿੰਘ ਪ੍ਰਿੰਸ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ, ਡਾਇਰੈਕਟਰ ਅਤੇ ਮੁਹਾਲੀ ਨਿਗਮ ਦੇ ਕਮਿਸ਼ਨਰ ਰਾਜੇਸ਼ ਧੀਮਾਨ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਲ ਨਿਕਾਸੀ ਸਬੰਧੀ ਉਹ ਹਰੇਕ ਮੀਟਿੰਗ ਵਿੱਚ ਮੁੱਦਾ ਚੁੱਕਦੇ ਆਏ ਹਨ ਲੇਕਿਨ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਹੁਣ ਉਹ ਗਮਾਡਾ ਦੇ ਮੁੱਖ ਪ੍ਰਸ਼ਾਸਕ ਅਤੇ ਡਿਪਟੀ ਕਮਿਸ਼ਨਰ ਨੂੰ ਵੀ ਨੋਟਿਸ ਭੇਜ ਰਹੇ ਹਨ।

Load More Related Articles

Check Also

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਨਬਜ਼-ਏ-ਪੰਜਾਬ …