
ਮੁਹਾਲੀ ਜ਼ਿਲ੍ਹੇ ਲਈ ਖੇਤੀ ਮਸ਼ੀਨਰੀ ਦਾ ਕੱਢਿਆ ਡਰਾਅ
ਨਬਜ਼-ਏ-ਪੰਜਾਬ, ਮੁਹਾਲੀ, 10 ਸਤੰਬਰ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੀਤਿਕਾ ਸਿੰਘ ਦੀ ਪ੍ਰਧਾਨਗੀ ਹੇਠ ਪਰਾਲੀ ਪ੍ਰਬੰਧਨ ਲਈ ਲੋੜੀਂਦੀ ਮਸ਼ੀਨਰੀ ਲਈ ਦਿੱਤੀਆਂ ਗਈਆਂ ਆਨਲਾਈਨ ਅਰਜ਼ੀਆਂ ਨਾਲ ਸਬੰਧਤ ਕਿਸਾਨਾਂ ਦੀ ਚੋਣ ਕਰਨ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਨਲਾਈਨ ਪੋਰਟਲ ਰਾਹੀਂ ਡਰਾਅ ਕੱਢਿਆ ਗਿਆ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ-ਕਮ-ਜ਼ਿਲ੍ਹਾ ਪੱਧਰੀ ਕਾਰਜਕਾਰੀ ਐਗਜ਼ੀਕਿਊਟਿਵ ਕਮੇਟੀ ਦੇ ਕਨਵੀਨਰ ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਾਲੀ ਪ੍ਰਬੰਧਨ ਹਿੱਤ ਸਬਸਿਡੀ ਅਧੀਨ ਖੇਤੀ ਮਸ਼ੀਨਾਂ ਦੀ ਵੰਡ ਅਤੇ ਆਈਈਸੀ ਕੰਪੋਨੈਂਟ ਅਧੀਨ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਸਰਕਾਰ ਦੁਆਰਾ ਤਿਆਰ ਕੀਤੇ ਗਏ ਸੀਆਰਐਮ ਪੋਰਟਲ ਤੇ ਕਿਸਾਨਾਂ ਵੱਲੋਂ ਸਾਲ 2023-24 ਦੌਰਾਨ ਕੁੱਲ ਅਰਜ਼ੀਆਂ 415 ਵਿਅਕਤੀਗਤ, ਐਫ਼ਪੀਓ 2, ਗਰੁੱਪ 8, 110 ਗਰਾਮ ਪੰਚਾਇਤਾਂ ਅਤੇ ਕੋਆਪ੍ਰੇਟਿਵ ਸੁਸਾਇਟੀਆਂ 50 ਮਸ਼ੀਨਾਂ ਲਈ ਆਨਲਾਈਨ ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਜਿਨ੍ਹਾਂ ’ਚੋਂ 168 ਵਿਅਕਤੀਗਤ ਨੂੰ ਦੇਣ ਦਾ ਟੀਚਾ ਜਿਸ ’ਚੋਂ ਉਨ੍ਹਾਂ ਵੱਲੋਂ ਦਿੱਤੀ ਤਰਜੀਹ ਦੇ ਆਧਾਰ ’ਤੇ 107 ਮਸ਼ੀਨਾਂ ਦਾ ਡਰਾਅ ਕੱਢਿਆ ਗਿਆ।
ਇਸੇ ਤਰ੍ਹਾਂ ਅਨੁਸੂਚਿਤ ਜਾਤੀ ਲਈ 82 ਮਸ਼ੀਨਾਂ ਦਾ ਡਰਾਅ ਕੱਢਣ ਦਾ ਟੀਚਾ ਸੀ ਜਿਸ ’ਚੋਂ ਕੇਵਲ 6 ਅਰਜ਼ੀਆਂ ਹੀ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿੱਚ ਸਾਰਿਆਂ ਨੂੰ ਹੀ ਮਸ਼ੀਨਾਂ ਦੇ ਦਿੱਤੀਆਂ ਗਈਆਂ ਹਨ। ਇਸ ਤਰ੍ਹਾਂ 9 ਬੇਲਰ, 65 ਸੁਪਰ ਸੀਡਰ, 9 ਜ਼ੀਰੋ ਟਿੱਲ ਡਰਿੱਲ, ਦੋ ਮਲਚਰ, 3 ਸ਼ਰੱਬਕੱਟਰ, 5 ਐਮਬੀ ਪਲਾਓ, 2 ਐਸਐਮਐੱਸ, ਤਿੰਨ ਚੋਪਰ ਕਮ ਸ਼ਰੈਡਰ ਡਰਾਅ ਵਿੱਚ ਦਿੱਤੇ ਗਏ। ਇਸ ਮੌਕੇ ਅਮਰਿੰਦਰਪਾਲ ਸਿੰਘ ਚੌਹਾਨ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਗੁਰਬੀਰ ਸਿੰਘ ਢਿੱਲੋਂ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ, ਡਾ. ਹਰਮੀਤ ਕੌਰ ਕੇ.ਵੀ.ਕੇ., ਡਾ. ਸੁੱਚਾ ਸਿੰਘ ਸਿੱਧੂ ਖੇਤੀਬਾੜੀ ਵਿਸਥਾਰ ਅਫ਼ਸਰ, ਲਖਵਿੰਦਰ ਸਿੰਘ ਜੂਨੀਅਰ ਟੈਕਨੀਸ਼ੀਅਨ, ਕਿਸਾਨ ਗੁਰਤੇਜ ਸਿੰਘ ਡੇਰਾਬੱਸੀ, ਸੁਖਦੀਪ ਸਿੰਘ ਦਸਮੇਸ਼ ਕਿਸਾਨ ਵੈੱਲਫੇਅਰ ਸੁਸਾਇਟੀ, ਪਰਦੀਪ ਸਿੰਘ ਸੋਹਾਣਾ, ਰਵਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਸੋਹਾਣਾ ਵੀ ਮੌਜੂਦ ਸਨ।