
‘ਆਜ਼ਾਦੀ ਤੋਂ ਬਾਅਦ ਹੁਣ ਤੱਕ ਸਾਕਾਰ ਨਹੀਂ ਹੋਇਆ ਦਲਿਤਾਂ ਦੇ ਮਸੀਹਾ ਡਾ. ਅੰਬੇਦਕਰ ਦਾ ਸੁਪਨਾ’
ਸਿਆਸਤਦਾਨਾਂ ਨੇ ਵੋਟ ਰਾਜਨੀਤੀ ਦੇ ਚੱਕਰ ਵਿੱਚ ਦਲਿਤਾਂ ਨੂੰ ਭੁਲਾਇਆ, ਕਿਹਾ ਦਲਿਤਾਂ ਨੂੰ ਸਮੇਂ ਦਾ ਹਾਣੀ ਬਣਾਉਣਾ ਜ਼ਰੂਰੀ
ਦਲਿਤ ਭਾਈਚਾਰੇ ਦੀਆਂ ਸਮੱਸਿਆਵਾਂ ਸਬੰਧੀ ਵਫ਼ਦ ਨੇ ਪਰਮਿੰਦਰ ਢੀਂਡਸਾ ਤੇ ਹੋਰ ਆਗੂਆਂ ਨਾਲ ਕੀਤੀ ਮੁਲਾਕਾਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਗਸਤ:
ਭਗਵਾਨ ਵਾਲਮੀਕ ਦਲਿਤ ਚੇਤਨਾ ਮੰਚ ਦੇ ਪ੍ਰਧਾਨ ਵਿੱਕੀ ਪਰੋਚਾ ਦੀ ਅਗਵਾਈ ਹੇਠ ਅੱਜ ਇੱਥੋਂ ਦੇ ਸੈਕਟਰ-82 ਸਥਿਤ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਮੁੱਖ ਦਫ਼ਤਰ ਵਿਖੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਪਾਰਟੀ ਦੇ ਜਨਰਲ ਸਕੱਤਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਆਗੂਆਂ ਨੂੰ ਮੰਗ ਪੱਤਰ ਦੇ ਕੇ ਦਲਿਤ ਭਾਈਚਾਰੇ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਰਾਈਟ ਟੂ ਐਜੂਕੇਸ਼ਨ ਐਕਟ, ਸਫ਼ਾਈ ਸੇਵਕਾਂ ਨੂੰ ਪੱਕਾ ਕਰਨ, ਦਲਿਤ ਭਾਈਚਾਰੇ ਆਬਾਦੀ ਮੁਤਾਬਕ ਨੌਕਰੀਆਂ ਅਤੇ ਦਲਿਤ ਭਾਈਚਾਰੇ ਨਾਲ ਸਬੰਧਤ ਹੋਰ ਕਈ ਅਹਿਮ ਮੁੱਦਿਆਂ ’ਤੇ ਚਰਚਾ ਕੀਤੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪਰਮਿੰਦਰ ਸਿੰਘ ਢੀਂਡਸਾ ਅਤੇ ਬੱਬੀ ਬਾਦਲ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਦਲਿਤਾਂ ਦੇ ਮਸੀਹਾ ਡਾ. ਅੰਬੇਦਕਰ ਦਾ ਸੁਪਨਾ ਸਕਾਰ ਨਹੀਂ ਹੋਇਆ, ਭਾਵੇਂ ਉਨ੍ਹਾਂ ਖ਼ੁਦ ਸੰਵਿਧਾਨ ਦੀ ਰਚਨਾ ਕੀਤੀ ਸੀ ਪਰ ਆਜ਼ਾਦੀ ਦੇ 71 ਸਾਲ ਬੀਤ ਜਾਣ ਦੇ ਬਾਵਜੂਦ ਦਲਿਤ, ਪਛੜੇ ਵਰਗ, ਕਿਸਾਨ ਅਤੇ ਗਰੀਬ ਵਰਗ ਨੂੰ ਬੇਸ਼ੁਮਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਭ ਲਈ ਸਮੇਂ ਦੇ ਹੁਕਮਰਾਨ ਜ਼ਿੰਮੇਵਾਰ ਹਨ ਕਿਉਂ ਜੋ ਉਹ ਗਰੀਬਾਂ ਨੂੰ ਚੋਣਾਂ ਵੇਲੇ ਸਬਜ਼ਬਾਗ ਦਿਖਾਉਂਦੇ ਹਨ ਅਤੇ ਸੱਤਾ ਪ੍ਰਾਪਤੀ ਤੋਂ ਸਾਰੇ ਵਾਅਦੇ ਭੁੱਲਾ ਦਿੱਤੇ ਜਾਂਦੇ ਹਨ।
ਦਲਿਤ ਚੇਤਨਾ ਮੰਚ ਦੇ ਪ੍ਰਧਾਨ ਵਿੱਕੀ ਪਰੋਚਾ ਨੇ ਕਿਹਾ ਕਿ ਗੁਰਬਤ ਦੇ ਝੰਬੇ ਦਲਿਤ, ਪਛੜੇ ਅਤੇ ਗਰੀਬ ਵਰਗ ਹੱਡ ਚੀਰਵੀਂ ਮਿਹਨਤ ਕਰਦੇ ਹਨ ਪ੍ਰੰਤੂ ਸਰਕਾਰਾਂ ਦੀਆਂ ਗਲਤ ਅਤੇ ਪੂੰਜੀਪਤੀਆਂ ਨੀਤੀਆਂ ਕਾਰਨ ਉਨ੍ਹਾਂ ਦੇ ਬੱਚੇ ਨਾ ਤਾਂ ਚੰਗੇ ਸਕੂਲਾਂ ਵਿੱਚ ਪੜ੍ਹ ਸਕਦੇ ਹਨ ਅਤੇ ਨਾ ਹੀ ਸਿਹਤ ਸਹੂਲਤਾਂ ਦਾ ਨਿੱਘ ਮਾਣ ਸਕਦੇ ਹਨ। ਹੁਕਮਰਾਨਾਂ ਦੀ ਸੋਚ ਹੈ ਕਿ ਗ਼ਰੀਬਾਂ ਦੇ ਬੱਚੇ ਪੜ੍ਹ-ਲਿਖ ਕੇ ਚੰਗੀ ਨੌਕਰੀ ਨਾ ਲੱਗ ਜਾਣ।
ਸਾਬਕਾ ਵਿੱਤ ਮੰਤਰੀ ਨੇ ਭਰੋਸਾ ਦਿੱਤਾ ਕਿ ਅਕਾਲੀ ਦਲ (ਸੰਯੁਕਤ) ਦੇ ਸੱਤਾ ਵਿੱਚ ਆਉਣ ’ਤੇ ਇਨ੍ਹਾਂ ਸਾਰੇ ਵਰਗਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕੀਤਾ ਜਾਵੇਗਾ ਅਤੇ ਗਰੀਬ ਬੱਚਿਆਂ ਨੂੰ ਸਿੱਖਿਆ ਅਤੇ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਮੌਕੇ ਦਰਸ਼ਨ ਸਿੰਘ, ਜਗਮੋਹਨ ਸਿੰਘ, ਇਕਬਾਲ ਸਿੰਘ, ਅਜੈ ਪਰੋਚਾ, ਦੀਦਾਰ ਸਿੰਘ, ਨਰਿੰਦਰ ਸਿੰਘ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਕੁਲਵਿੰਦਰ ਸਿੰਘ, ਤਰਸੇਮ ਸਿੰਘ, ਹਰਭਾਗ ਸਿੰਘ ਹਾਜ਼ਰ ਸਨ।