ਪਿੰਡ ਝਿਊਰਹੇੜੀ ਵਿੱਚ ਦੂਜੇ ਦਿਨ ਸਿਹਤ ਵਿਭਾਗ ਨੇ ਲਏ ਪੀਣ ਵਾਲੇ ਪਾਣੀ ਦੇ ਸੈਂਪਲ

ਸਿਹਤ ਵਿਭਾਗ ਦੀ ਟੀਮ ਨੇ ਪੀੜਤ ਲੋਕਾਂ ਨੂੰ ਓਆਰਐਸ ਦੀਆਂ ਗੋਲੀਆਂ ਵੰਡੀਆਂ, ਕਈ ਲੋਕ ਬੀਮਾਰ ਮਿਲੇ

ਪਿੰਡ ਵਾਸੀਆਂ ਨੂੰ ਗੰਧਲੇ ਪਾਣੀ ਦੀ ਸਮੱਸਿਆ ਹੱਲ ਹੋਣ ਦੀ ਆਸ ਬੱਝੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜੁਲਾਈ:
ਮੁਹਾਲੀ ਕੌਮਾਂਤਰੀ ਏਅਰਪੋਰਟ ਦੀ ਜੂਹ ਵਿੱਚ ਵਸਦੇ ਪਿੰਡ ਝਿਊਰਹੇੜੀ ਵਿੱਚ ਮੰਗਲਵਾਰ ਨੂੰ ਦੂਜੇ ਦਿਨ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਦੇ ਦਿਸਾ-ਨਿਰਦੇਸ਼ਾਂ ’ਤੇ ਸਿਹਤ ਵਿਭਾਗ ਦੀ ਟੀਮ ਨੇ ਪਿੰਡ ਵਾਸੀਆਂ ਦੀ ਮੌਜੂਦਗੀ ਵਿੱਚ ਪੀਣ ਵਾਲੇ ਪਾਣੀ ਦੇ ਨਮੂਨੇ ਲਏ ਗਏ। ਇਸ ਕਾਰਵਾਈ ਨੂੰ ਹੈਲਥ ਇੰਸਪੈਕਟਰ ਦਿਨੇਸ਼ ਚੌਧਰੀ ਦੀ ਅਗਵਾਈ ਹੇਠ ਅੰਜਾਮ ਦਿੱਤਾ ਗਿਆ। ਸੋਮਵਾਰ ਨੂੰ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਟੀਮ ਨੇ ਘਰਾਂ ਵਿੱਚ ਸਪਲਾਈ ਹੁੰਦੇ ਪੀਣ ਵਾਲੇ ਪਾਣੀ ਦੇ ਸੈਂਪਲ ਲਏ ਸਨ। ਪਿੰਡ ਵਿੱਚ 9 ਪੇਚਸ਼ ਤੋਂ ਪੀੜਤ ਮਿਲੇ ਹਨ। ਜਿਨ੍ਹਾਂ ਨੂੰ ਸਰਕਾਰੀ ਡਿਸਪੈਂਸਰੀ ਵਿੱਚ ਇਲਾਜ ਕਰਵਾਉਣ ਲਈ ਕਿਹਾ ਗਿਆ ਹੈ।
ਇੱਥੇ ਇਹ ਦੱਸਣਯੋਗ ਹੈ ਕਿ ਬੀਤੇ ਦਿਨੀਂ ‘ਪੰਜਾਬੀ ਟ੍ਰਿਬਿਊਨ’ ਵੱਲੋਂ ਚੰਡੀਗੜ੍ਹ ਪੰਨੇ ’ਤੇ ਝਿਊਰਹੇੜੀ ’ਚ ਗੰਦੇ ਪਾਣੀ ਦੀ ਸਪਲਾਈ ਤੋਂ ਨਾਰਾਜ਼ ਲੋਕਾਂ ਵੱਲੋਂ ਮੁਜ਼ਾਹਰਾ’ ਸਿਰਲੇਖ ਹੇਠ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਤੋਂ ਬਾਅਦ ਸਿਹਤ ਵਿਭਾਗ ਅਤੇ ਜਲ ਸਪਲਾਈ ਵਿਭਾਗ ਨੇ ਗੂੜੀ ਨੀਂਦ ਤੋਂ ਜਾਗਦਿਆਂ ਪਾਣੀ ਦੇ ਸੈਂਪਲ ਲਏ ਗਏ।
ਹੈਲਥ ਇੰਸਪੈਕਟਰ ਦਿਨੇਸ਼ ਚੌਧਰੀ ਨੇ ਦੱਸਿਆ ਕਿ ਝਿਊਰਹੇੜੀ ਵਿੱਚ ਗੰਧਲਾ ਪਾਣੀ ਸਪਲਾਈ ਹੋਣ ਸਬੰਧੀ ਸਿਵਲ ਸਰਜਨ ਨੂੰ ਸ਼ਿਕਾਇਤ ਮਿਲਣ ਤੋਂ ਬਾਅਦ ਅੱਜ ਸਿਹਤ ਵਿਭਾਗ ਦੀ ਟੀਮ ਨੇ ਪਿੰਡ ਝਿਊਰਹੇੜੀ ਦਾ ਦੌਰਾ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਪਾਣੀ ਦੇ ਸੈਂਪਲ ਲਏ ਗਏ। ਉਨ੍ਹਾਂ ਦੱਸਿਆ ਕਿ ਇੱਕ ਸੈਂਪਲ ਟਿਊਬਵੈੱਲ ਦੇ ਪਾਈਪ ’ਚੋਂ ਲਿਆ ਜਦੋਂਕਿ 4 ਸੈਂਪਲ ਵੱਖਵੱਖ ਘਰਾਂ ’ਚੋਂ ਲਏ ਗਏ ਹਨ। ਇਨ੍ਹਾਂ ਸੈਂਪਲਾਂ ਨੂੰ ਜਾਂਚ ਲਈ ਲੈਬਾਰਟਰੀ ਵਿੱਚ ਭੇਜਿਆ ਗਿਆ ਹੈ। ਉਂਜ ਉਨ੍ਹਾਂ ਦੱਸਿਆ ਕਿ ਪਿੰਡ ਵਿੱਚ 8 ਤੋਂ 10 ਵਿਅਕਤੀਆਂ ਦੇ ਬੀਮਾਰ ਹੋਣ ਦੀ ਪੁਸ਼ਟੀ ਹੋਈ ਹੈ। ਜਿਨ੍ਹਾਂ ਨੂੰ ਮੌਕੇ ’ਤੇ ਹੀ ਓਆਰਐਸ ਦੀਆਂ ਗੋਲੀਆਂ ਵੰਡੀਆਂ ਗਈਆਂ। ਪਿੰਡ ਵਾਸੀਆਂ ਨੂੰ ਪਾਣੀ ਉਬਾਲ ਕੇ ਪੀਣ ਦੀ ਸਲਾਹ ਦਿੱਤੀ ਗਈ ਹੈ। ਪੇਚਸ਼ ਬਾਰੇ ਮੰਦਰ ਅਤੇ ਗੁਰਦੁਆਰੇ ’ਚੋਂ ਅਨਾਊਮੈਂਟ ਕਰਵਾ ਕੇ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਵਾਟਰ ਸਪਲਾਈ ਪਾਈਪਲਾਈਨ ਕਾਫ਼ੀ ਪਹਿਲਾਂ ਦੀ ਪਾਈ ਹੋਈ ਹੈ। ਗਾਮ ਪੰਚਾਇਤ ਨੇ ਆਪਣਾ ਪੱਖ ਰੱਖਦਿਆਂ ਜਾਂਚ ਟੀਮ ਨੂੰ ਦੱਸਿਆ ਕਿ ਕੁੱਝ ਪਿੰਡ ਵਾਸੀ ਨਵਾਂ ਕੁਨੈਕਸ਼ਨ ਜੋੜਨ ਲਈ ਪਲੰਬਰ ਨੂੰ ਬੁਲਾਉਣ ਦੀ ਬਜਾਏ ਖ਼ੁਦ ਹੀ ਜੁਗਾੜੂ ਢੰਗ ਨਾਲ ਕੁਨੈਕਸ਼ਨ ਜੋੜ ਲੈਂਦੇ ਹਨ। ਜਿਸ ਕਾਰਨ ਵਾਟਰ ਸਪਲਾਈ ਪਾਈਪਲਾਈਨ ਥਾਂ-ਥਾਂ ਤੋਂ ਕੰਡਮ ਹੋ ਗਈ ਹੈ ਜਦੋਂ ਟਿਊਬਵੈੱਲ ਤੋਂ ਪੂਰੇ ਪ੍ਰੈਸ਼ਰ ਨਾਲ ਪਾਣੀ ਛੱਡਿਆ ਜਾਂਦਾ ਹੈ ਤਾਂ ਪਾਈਪਲਾਈਨ ’ਚੋਂ ਕੁੱਝ ਸਮੇਂ ਤੱਕ ਪਾਣੀ ਨਾਲ ਮਿੱਟੀ ਵੀ ਚਲੀ ਜਾਂਦੀ ਹੈ ਪ੍ਰੰਤੂ ਕੁੱਝ ਸਮੇਂ ਬਾਅਦ ਪਾਣੀ ਸਾਫ਼ ਹੋ ਜਾਂਦਾ ਹੈ। ਸਰਵੇ ਟੀਮ ਵਿੱਚ ਮੈਡੀਕਲ ਅਫ਼ਸਰ ਡਾ. ਸਿਮਰਜੀਤ ਕੌਰ, ਅਮਨਦੀਪ ਕੌਰ, ਰਣਜੀਤ ਕੌਰ, ਗੁਰਭਿੰਦਰਜੀਤ ਸਿੰਘ,ਹਰਮੇਸ਼ ਅਤੇ ਲਖਵੰਤ ਸਿੰਘ ਸਮੇਤ ਜਲ ਸਪਲਾਈ ਵਿਭਾਗ ਦੇ ਜੇਈ ਗੁਰਪ੍ਰੀਤ ਸਿੰਘ ਵੀ ਸ਼ਾਮਲ ਸਨ।

Load More Related Articles
Load More By Nabaz-e-Punjab
Load More In General News

Check Also

Jasvir Singh Garhi Assumes Charge as Chairperson of Punjab SC Commission

Jasvir Singh Garhi Assumes Charge as Chairperson of Punjab SC Commission Chandigarh, March…