nabaz-e-punjab.com

ਸਿਵਲ ਹਸਪਤਾਲ ਵਿੱਚ 3 ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਠੱਪ

ਮਰੀਜਾਂ ਅਤੇ ਹਸਪਤਾਲ ਸਟਾਫ਼ ਵਿੱਚ ਮਚੀ ਹਾਹਾਕਾਰ, ਕੌਂਸਲਰ ਨੇ ਪਾਣੀ ਦੇ ਟੈਂਕਰਾਂ ਰਾਹੀਂ ਬੁਝਾਈ ਪਿਆਸ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਗਸਤ:
ਸਥਾਨਕ ਸਿਵਲ ਹਸਪਤਾਲ ਫੇਜ਼-6 ਵਿੱਚ ਪਾਣੀ ਦੀ ਸਪਲਾਈ ਪਿਛਲੇ ਤਿੰਨ ਦਿਨਾਂ ਤੋਂ ਬਿਲਕੁਲ ਹੀ ਠੱਪ ਹੈ, ਜਿਸ ਕਾਰਨ ਇਸ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਦਾਖ਼ਲ ਮਰੀਜ਼ਾਂ ਅਤੇ ਹਸਪਤਾਲ ਦੇ ਸਟਾਫ਼ ਨੂੰ ਵੀ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਮੀਡੀਆ ਟੀਮ ਨੇ ਇਸ ਹਸਪਤਾਲ ਦਾ ਦੌਰਾ ਕਰਨ ਤੇ ਦੇਖਿਆ ਕਿ ਇਸ ਹਸਪਤਾਲ ਦੇ ਵਾਟਰ ਕੂਲਰ ਵਿੱਚ ਵੀ ਪਾਣੀ ਨਹੀਂ ਸੀ ਅਤੇ ਪੀਣ ਵਾਲੇ ਪਾਣੀ ਦਾ ਹੋਰ ਵੀ ਕੋਈ ਪ੍ਰਬੰਧ ਨਹੀਂ ਸੀ, ਜਿਸ ਕਰਕੇ ਪਿਆਸੇ ਲੋਕ ਅਤੇ ਮਰੀਜ਼ ਪ੍ਰੇਸ਼ਾਨ ਹੋ ਰਹੇ ਸਨ। ਇਸ ਤੋਂ ਇਲਾਵਾ ਹਸਪਤਾਲ ਵਿੱਚ ਬਣੇ ਬਾਥਰੂਮਾਂ ਵਿੱਚ ਵੀ ਪਾਣੀ ਨਹੀਂ ਸੀ, ਜਿਸ ਕਾਰਨ ਉੱਥੇ ਵੀ ਬੁਰਾ ਹਾਲ ਹੋਇਆ ਪਿਆ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਕੁੱਝ ਦਿਨਾਂ ਤੋਂ ਹੀ ਇਸ ਹਸਪਤਾਲ ਨੂੰ ਪਾਣੀ ਦੀ ਸਪਲਾਈ ਬਹੁਤ ਘੱਟ ਹੋ ਰਹੀ ਸੀ ਪਰ ਪਿਛਲੇ ਤਿੰਨ ਦਿਨ ਤੋਂ ਤਾਂ ਇਸ ਹਸਪਤਾਲ ਵਿੱਚ ਪਾਣੀ ਦੀ ਬੂੰਦ ਵੀ ਨਹੀਂ ਆਈ ਜਿਸ ਕਰਕੇ ਇਸ ਹਸਪਤਾਲ ਦੇ ਮਰੀਜ਼ਾਂ ਦੇ ਨਾਲ ਹੀ ਹਸਪਤਾਲ ਦੇ ਸਟਾਫ ਮੈਂਬਰਾਂ ਨੂੰ ਵੀ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਣੀ ਦੀ ਘਾਟ ਦੂਰ ਕਰਨ ਲਈ ਮਿਉਂਸਪਲ ਕੌਂਸਲਰ ਆਰ.ਪੀ. ਸ਼ਰਮਾ ਵੱਲੋਂ ਕਾਰਪੋਰੇਸ਼ਨ ਦੇ ਪਾਣੀ ਵਾਲੇ ਟੈਂਕਰ ਭੇਜੇ ਜਾ ਰਹੇ ਹਨ, ਇਸ ਤੋਂ ਇਲਾਵਾ ਹਸਪਤਾਲ ਪ੍ਰਬੰਧਕਾਂ ਵੱਲੋਂ ਵੀ ਪਾਣੀ ਦੀ ਘਾਟ ਦੂਰ ਕਰਨ ਲਈ ਪਾਣੀ ਦੇ ਨਿੱਜੀ ਟੈਂਕਰ ਮੰਗਾਏ ਜਾ ਰਹੇ ਹਨ।
ਇਸ ਮੌਕੇ ਮੌਜੂਦ ਕੌਂਸਲਰ ਆਰ.ਪੀ. ਸ਼ਰਮਾ ਨੇ ਕਿਹਾ ਕਿ ਉਹ ਪਹਿਲਾਂ ਇਸ ਹਸਪਤਾਲ ਦੀ ਐਡਵਾਇਜਰੀ ਕਮੇਟੀ ਦੇ ਮੈਂਬਰ ਹਨ ਪਰ ਹਲਕਾ ਵਿਧਾਇਕ ਨੇ ਹੁਣ ਉਨ੍ਹਾਂ ਦੀ ਥਾਂ ਕਿਸੇ ਹੋਰ ਕੌਂਸਲਰ ਨੂੰ ਇਹ ਮੈਂਬਰ ਬਣਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਐਮਐਲਏ ਦੀ ਜ਼ਿੰਮੇਵਾਰੀ ਹੈ ਕਿ ਉਹ ਜਾਂ ਤਾਂ ਖ਼ੁਦ ਹਸਪਤਾਲ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਅੱਗੇ ਆਉਣ ਜਾਂ ਫਿਰ ਆਪਣੇ ਵੱਲੋਂ ਨਾਮਜਦ ਕੀਤੇ ਕੌਂਸਲਰ ਦੀ ਜ਼ਿੰਮੇਵਾਰੀ ਤੈਅ ਕਰਨ।
ਜਦੋਂ ਇਸ ਸਬੰਧੀ ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨਾਲ ਗਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਹਸਪਤਾਲ ਨੂੰ ਜੋ ਪਾਣੀ ਦੀ ਸਪਲਾਈ ਹੋ ਰਹੀ ਹੈ, ਉਹ ਉਦੋਂ ਤੋਂ ਹੈ, ਜਦੋਂ ਇਹ ਹਸਪਤਾਲ ਸਿਰਫ਼ 20 ਬੈਡਾਂ ਦਾ ਹੁੰਦਾ ਸੀ ਜਦੋਂ ਕਿ ਹੁਣ ਇਹ ਹਸਪਤਾਲ 170 ਬੈੱਡਾਂ ਦਾ ਹੋ ਗਿਆ ਹੈ, ਜਿਸ ਕਰਕੇ ਇਸ ਹਸਪਤਾਲ ਵਿਚ ਪਾਣੀ ਦੀ ਖਪਤ ਵੱਧ ਗਈ ਹੈ, ਜਦੋਂ ਕਿ ਪਾਣੀ ਦੀ ਸਪਲਾਈ ਪਹਿਲਾਂ ਵਾਲੀ ਹੀ ਹੈ। ਉਨ੍ਹਾਂ ਕਿਹਾ ਕਿ ਇਸ ਹਸਪਤਾਲ ਨੂੰ ਮਿਲਦੇ ਪਾਣੀ ’ਚੋਂ ਹੀ ਮੈਕਸ ਹਸਪਤਾਲ ਨੂੰ ਵੀ ਪਾਣੀ ਜਾਂਦਾ ਸੀ ਪਰ ਹੁਣ ਮੈਕਸ ਹਸਪਤਾਲ ਵਾਲਿਆਂ ਨੇ ਦਾਅਵਾ ਕੀਤਾ ਹੈ ਕਿ ਉਹ ਇਸ ਪਾਣੀ ਦੀ ਵਰਤੋ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਉਹ ਮੈਕਸ ਹਸਪਤਾਲ ਨੂੰ ਜਾਣ ਵਾਲੀ ਪਾਣੀ ਦੀ ਪਾਈਪ ਨੂੰ ਬੰਦ ਕਰਵਾਉਣਗੇ। ਉਨ੍ਹਾਂ ਕਿਹਾ ਕਿ ਪਾਣੀ ਦੀ ਘਾਟ ਦੂਰ ਕਰਨ ਲਈ ਜਨ ਸਿਹਤ ਵਿਭਾਗ ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ। ਜਿਨ੍ਹਾਂ ਵਿੱਚ ਫੈਸਲਾ ਲਿਆ ਗਿਆ ਹੈ ਕਿ ਇਸ ਹਸਪਤਾਲ ਵਿਚ ਪਾਣੀ ਦੀ ਘਾਟ ਦੂਰ ਕਰਨ ਲਈ ਆਪਣਾ ਬੋਰ ਲਗਾਇਆ ਜਾਵੇ ਪਰ ਇਸ ਬੋਰ ਕਰਵਾਉਣ ਨੂੰ ਵੀ 6 ਮਹੀਨੇ ਦਾ ਸਮਾਂ ਲੱਗ ਜਾਣਾ ਹੈ। ਇਸ ਹਸਪਤਾਲ ਨੂੰ ਨਹਿਰੀ ਪਾਣੀ ਦੀ ਸਪਲਾਈ ਨਾਲ ਜੋੜਨ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ।
ਉਧਰ, ਸਿਵਲ ਹਸਪਤਾਲ ਵਿਚ ਪਾਣੀ ਦੀ ਬੁਰੀ ਹਾਲਤ ਹੋਣ ਸਬੰਧੀ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਇਹ ਮੋਹਾਲੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਪ੍ਰੰਤੂ ਪਾਣੀ ਨਾ ਹੋਣ ਤੋਂ ਸਿੱਧਾ ਮਤਲਬ ਹੈ ਕਿ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਗਰਮੀ ਦੇ ਇਸ ਮੌਸਮ ਵਿਚ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਮੁਹੱਈਆ ਕਰਵਾਉਣ ਤੋਂ ਲਾਚਾਰ ਹੈ। ਨਤੀਜਾ ਇਹ ਹੈ ਕਿ ਲੋਕੀਂ ਟੈਕਰਾਂ ਵਾਲਾ ਪਾਣੀ ਪੀਣ ਲਈ ਮਜ਼ਬੂਰ ਹਨ। ਸ੍ਰ. ਬੇਦੀ ਨੇ ਕਿਹਾ ਕਿ ਮੋਹਾਲੀ ਪ੍ਰਸ਼ਾਸਨ ਹਸਪਤਾਲ ਵਿਚ ਪਾਣੀ ਦੇ ਤੁਰੰਤ ਪ੍ਰਬੰਧ ਕਰੇ। ਜੇਕਰ ਅਜਿਹਾ ਨਾ ਕੀਤਾ ਤਾਂ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ਼ ਇਸ ਮਸਲੇ ਨੂੰ ਹੋਰ ਵੀ ਗੰਭੀਰਤਾ ਨਾਲ ਲਿਆ ਜਾਵੇਗਾ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …