ਹੁਸ਼ਿਆਰਪੁਰ ਵਿੱਚ ਭਿਆਨਕ ਹਾਦਸੇ ਵਿੱਚ ਚਾਲਕ ਸਣੇ 4 ਸਕੂਲੀ ਬੱਚਿਆਂ ਦੀ ਮੌਤ, 15 ਗੰਭੀਰ ਜ਼ਖ਼ਮੀ
ਹਾਦਸੇ ਦੀ ਖਬਰ ਸੁਣਦਿਆਂ ਹੀ ਅੌਰਤ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਮੁੱਖ ਮੰਤਰੀ ਨੇ ਬੱਚਿਆਂ ਦੀ ਮੌਤ ’ਤੇ ਦੁੱਖ ਪ੍ਰਗਟਾਇਆ, ਸਿਵਲ ਪ੍ਰਸ਼ਾਸਨ ਜ਼ਖ਼ਮੀਆਂ ਦੇ ਮੁਫ਼ਤ ਇਲਾਜ ਦੇ ਹੁਕਮ
ਨਬਜ਼-ਏ-ਪੰਜਾਬ ਬਿਊਰੋ, ਦਸੂਹਾ, 7 ਅਪਰੈਲ:
ਦਸੂਹਾ-ਹਾਜੀਪੁਰ ਰੋਡ ਤੇ ਸਿੰਘਪੁਰ ਨੇੜੇ ਅੱਜ ਸਵੇਰੇ ਭਿਆਨਕ ਹਾਦਸੇ ਦੌਰਾਨ ਡਰਾਈਵਰ ਸਮੇਤ 4 ਬੱਚਿਆਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਹਾਦਸਾ ਸਵੇਰੇ ਸਾਢੇ ਸੱਤ ਵਜੇ ਵਾਪਰਿਆ, ਜਦੋੱ ਕੈਂਬ੍ਰਿਜ ਸਕੂਲ ਦੀ ਬੱਸ ਬੱਚਿਆਂ ਨੂੰ ਸਕੂਲ ਛੱਡਣ ਜਾ ਰਹੀ ਸੀ। ਇਸ ਦੌਰਾਨ ਜਲੰਧਰ ਤੋੱ ਆ ਰਹੀ ਇਕ ਵਾਹਨ ਨਾਲ ਸਿੰਘਪੁਰ ਨੇੜੇ ਬੱਸ ਦੀ ਟੱਕਰ ਹੋ ਗਈ। ਇਹ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਮੌਕੇ ਤੇ ਹੀ 3 ਸਕੂਲੀ ਬੱਚਿਆਂ ਸਮੇਤ ਬੱਸ ਦੇ ਡਰਾਈਵਰ ਦੀ ਮੌਤ ਹੋ ਗਈ ਅਤੇ 15 ਦੇ ਕਰੀਬ ਜ਼ਖਮੀ ਹੋ ਗਏ। ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਪੀ. (ਡਿਟੈਕਟਿਵ) ਹਰਪ੍ਰੀਤ ਸਿੰਘ ਨੇ ਕਿਹਾ ਕਿ ਕੈਂਬਰਿਜ ਸਕੂਲ ਦੀ ਬੱਸ ਹਾਜੀਪੁਰ ਤੋੱ ਦਸੂਹਾ ਵੱਲ ਆ ਰਹੀ ਸੀ। ਦੂਜੇ ਪਾਸੇ ਸਾਹਮਣੇ ਤੋੱ ਜਲੰਧਰ ਤੋੱ ਦਸੂਹਾ ਜਾ ਰਹੇ ਆਲੂਆਂ ਦੇ ਭਰੇ ਹੋਏ ਮਿੰਨੀ ਮਹਿੰਦਰਾ ਪੀਕੱਪ ਨਾਲ ਬੱਸ ਦੀ ਸਾਹਮਣੇ ਤੋੱ ਟੱਕਰ ਹੋ ਗਈ ਹੈ। ਉਨ੍ਹਾਂ ਕਿਹਾ ਸਾਰੇ ਜ਼ਖ਼ਮੀ ਸਿਵਲ ਹਸਪਤਾਲ ਵਿੱਚ ਦਾਖਲ ਕਰਵਾ ਦਿੱਤੇ ਹਨ। ਇੱਥੇ ਤੋੱ ਨਾਜ਼ੁਕ ਹਾਲਤ ਬੱਚਿਆਂ ਨੂੰ ਹੁਸ਼ਿਆਰਪੁਰ ਦੇ ਸ਼ਿਵਮ, ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਮੌਕੇ ਤੇ ਬੱਚਿਆਂ ਦੇ ਮਾਪੇ ਵੀ ਪਹੁੰਚ ਗਏ ਹਨ।
ਇਸੇ ਦੌਰਾਨ ਬੱਸ ਹਾਦਸੇ ਦੀ ਖਬਰ ਸੁਣਦੇ ਹੀ ਹਾਜੀਪੁਰ ਦੀ ਰਹਿਣ ਵਾਲੀ ਇਕ ਅੌਰਤ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਜਿਵੇੱ ਹੀ ਮ੍ਰਿਤਕ ਅੌਰਤ ਨੂੰ ਇਸ ਹਾਦਸੇ ਬਾਰੇ ਪਤਾ ਲੱਗਿਆ ਤਾਂ ਉਸ ਦੇ ਦਿਲ ਵਿੱਚ ਇਹ ਗੱਲ ਆ ਗਈ ਕਿ ਕਿਤੇ ਇਹ ਉਹ ਬੱਸ ਨਾ ਹੋਵੇ, ਜਿਸ ਵਿੱਚ ਉਸ ਦੇ ਬੱਚੇ ਸਕੂਲ ਗਏ ਹਨ। ਇਸੇ ਸੋਚ ਨੇ ਉਸ ਨੂੰ ਇੰਨੀ ਘਬਰਾਹਟ ਵਿੱਚ ਪਾ ਦਿੱਤਾ ਕਿ ਉਸ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸ ਨੇ ਦਮ ਤੋੜ ਦਿੱਤਾ, ਹਾਲਾਂਕਿ ਉਸ ਦੇ ਬੱਚੇ ਸਹੀ-ਸਲਾਮਤ ਦੱਸੇ ਜਾ ਰਹੇ ਹਨ।
ਉਧਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ-ਹਾਜੀਪੁਰ ਸੜਕ ’ਤੇ ਸਿੰਘਪੁਰਾ ਪਿੰਡ ਨੇੜੇ ਜੀਪ ਤੇ ਬੱਸ ਵਿਚਕਾਰ ਹੋਏ ਦਰਦਨਾਕ ਹਾਦਸੇ ਵਿੱਚ ਤਿੰਨ ਸਕੂਲੀ ਬੱਚਿਆਂ ਅਤੇ ਇਕ ਡਰਾਈਵਰ ਦੇ ਮਾਰੇ ਜਾਣ ਅਤੇ 15 ਹੋਰ ਬੱਚਿਆਂ ਦੇ ਜ਼ਖਮੀ ਹੋ ਜਾਣ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਹਾਦਸੇ ਵਿੱਚ ਮਾਰੇ ਗਏ ਬੱਚਿਆਂ ਦੇ ਮਾਪਿਆਂ ਨਾਲ ਹਮਦਰਦੀ ਦਾ ਇਜ਼ਹਾਰ ਕਰਦੇ ਹੋਏ ਮੁੱਖ ਮੰਤਰੀ ਨੇ ਵਿਛੜੀਆਂ ਰੂਹਾਂ ਦੀ ਸ਼ਾਂਤੀ ਅਤੇ ਇਹ ਅਸਹਿ ਤੇ ਅਕਹਿ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਜ਼ਖ਼ਮੀ ਹੋਏ ਬੱਚਿਆਂ ਦੇ ਮੁਫਤ ਇਲਾਜ ਅਤੇ ਉਨ੍ਹਾਂ ਨੂੰ ਹਰੇਕ ਤਰ੍ਹਾਂ ਦੀ ਮਦਦ ਦੇਣ ਲਈ ਸਿਵਲ ਤੇ ਪੁਲੀਸ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਹਨ।