
ਟਿੱਪਰ ਚਾਲਕ ਨੂੰ ਅਚਾਨਕ ਦੌਰਾ ਪੈਣ ਕਾਰਨ ਵੱਡਾ ਹਾਦਸਾ ਟਲਿਆ
ਟਰੈਫ਼ਿਕ ਪੁਲੀਸ ਦੇ ਕਰਮਚਾਰੀਆਂ ਨੇ ਚਾਲਕ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 8 ਫਰਵਰੀ:
ਇੱਥੋਂ ਦੇ ਬੱਸ ਸਟੈਂਡ ਤੇ ਮੇਨ ਚੌਂਕ ਦੀਆਂ ਲਾਈਟਾਂ ’ਤੇ ਉਸ ਸਮੇਂ ਹਾਦਸਾ ਹੋਣ ਤੋਂ ਟਲ ਗਿਆ ਜਦੋਂ ਖਰੜ ਵੱਲੋਂ ਆ ਰਹੇ ਇਕ ਟਿੱਪਰ ਚਾਲਕ ਨੂੰ ਅਚਾਨਕ ਦੌਰਾ ਪੈ ਗਿਆ ਅਤੇ ਟਰੱਕ ਬੇਕਾਬੂ ਹੋ ਗਿਆ ਲੇਕਿਨ ਇਸ ਦੌਰਾਨ ਪੁਲੀਸ ਦੀ ਫੂਰਤੀ ਕਾਰਨ ਵੱਡਾ ਹਾਦਸਾ ਵਾਪਰਨ ਤੋਂ ਟਲ ਗਿਆ। ਚੌਂਕ ’ਤੇ ਤਾਇਨਾਤ ਟਰੈਫ਼ਿਕ ਪੁਲੀਸ ਦੇ ਕਰਮਚਾਰੀਆਂ ਨੇ ਚਾਲਕ ਨੂੰ ਮੈਡੀਕਲ ਸਹਾਇਤਾ ਲਈ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟਰੈਫ਼ਿਕ ਪੁਲੀਸ ਕੁਰਾਲੀ ਦੇ ਇੰਚਾਰਜ ਰਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਕਰੀਬ 2 ਵਜੇ ਦੇ ਇੱਕ ਟਿੱਪਰ ਦੇ ਚਾਲਕ ਲਾਡੀ ਸਿੰਘ ਪੁੱਤਰ ਪ੍ਰਿਤਪਾਲ ਸਿੰਘ ਵਾਸੀ ਪਿੰਡ ਜਗਤਪੁਰਾ (ਕਾਠਗੜ੍ਹ) ਨੇ ਜਦੋਂ ਚੌਂਕ ਦੀਆਂ ਲਾਈਟਾਂ ’ਤੇ ਆ ਕੇ ਲਾਲ ਬੱਤੀ ਹੋਣ ਕਾਰਨ ਜਿਵੇਂ ਹੀ ਟਿੱਪਰ ਦੀਆਂ ਬਰੇਕਾਂ ਲਗਾਈਆਂ ਤਾਂ ਉਦੋਂ ਹੀ ਅਚਾਨਕ ਤੋਂ ਟਿੱਪਰ ਚਾਲਕ ਨੂੰ ਦੌਰਾ ਪੈਣ ਕਾਰਨ ਚਾਲਕ ਟਿੱਪਰ ਦੇ ਸਟੇਰਿੰਗ ’ਤੇ ਡਿੱਗ ਪਿਆ ਅਤੇ ਵਾਹਨ ਬੇਕਾਬੂ ਹੋ ਗਿਆ। ਟਿੱਪਰ ਚਾਲਕ ਨੂੰ ਸਟੇਰਿੰਗ ’ਤੇ ਡਿੱਗਿਆ ਦੇਖ ਕੇ ਉਥੇ ਤਾਇਨਾਤ ਟਰੈਫ਼ਿਕ ਪੁਲੀਸ ਕਰਮਚਾਰੀਆਂ ਨੇ ਮੌਕੇ ’ਤੇ ਮੁਸਤੈਦੀ ਦਿਖਾਉਂਦੇ ਹੋਏ ਟਿੱਪਰ ਚਾਲਕ ਨੂੰ ਤੁਰੰਤ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਅਤੇ ਚਾਲਕ ਦੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਗਈ। ਉਧਰ, ਸਰਕਾਰੀ ਹਸਪਤਾਲ ਕੁਰਾਲੀ ਵਿੱਚ ਉਕਤ ਚਾਲਕ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਚਾਲਕ ਲਾਡੀ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ।