nabaz-e-punjab.com

ਡਰੋਨ ਮਾਮਲਾ: ਐਨਆਈਏ ਅਦਾਲਤ ਵੱਲੋਂ ਦੋ ਮੁਲਜ਼ਮਾਂ ਦੇ ਗੈਰ ਜ਼ਮਾਨਤੀ ਗ੍ਰਿਫ਼ਤਾਰੀ ਵਰੰਟ ਜਾਰੀ

ਐਨਆਈਏ ਅਨੁਸਾਰ ਮੁਲਜ਼ਮ ਰਣਜੀਤ ਨੀਟਾ ਦੇ ਪਾਕਿਸਤਾਨ ਤੇ ਗੁਰਮੀਤ ਸਿੰਘ ਜਰਮਨ ’ਚ ਛੁਪੇ ਹੋਣ ਦੀ ਸੰਕਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਫਰਵਰੀ:
ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਪਾਕਿਸਤਾਨ ਵਾਲੇ ਪਾਸਿਓਂ ਹਥਿਆਰਾਂ ਦੀ ਤਸਕਰੀ ਲਈ ਵਰਤੇ ਗਏ ਡਰੋਨਾਂ ਦੀ ਬਰਾਮਦਗੀ ਮਾਮਲੇ ਵਿੱਚ ਕੌਮੀ ਜਾਂਚ ਏਜੰਸੀ (ਐਨਆਈਏ) ਦੀ ਅਪੀਲ ’ਤੇ ਬੁੱਧਵਾਰ ਨੂੰ ਮੁਹਾਲੀ ਸਥਿਤ ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ ਦੋ ਫਰਾਰ ਮੁਲਜ਼ਮਾਂ ਰਣਜੀਤ ਸਿੰਘ ਉਰਫ਼ ਨੀਟਾ ਵਾਸੀ ਪੁਰਾ (ਜੰਮੂ-ਕਸ਼ਮੀਰ) ਅਤੇ ਗੁਰਮੀਤ ਸਿੰਘ ਉਰਫ਼ ਬੱਗਾ ਵਾਸੀ ਟਾਂਡਾ (ਜ਼ਿਲ੍ਹਾ ਹੁਸ਼ਿਆਰਪੁਰ) ਦੇ ਖ਼ਿਲਾਫ਼ ਗੈਰ ਜ਼ਮਾਨਤੀ ਗ੍ਰਿਫ਼ਤਾਰੀ ਵਰੰਟ ਜਾਰੀ ਕੀਤੇ ਹਨ। ਐਨਆਈਏ ਨੂੰ ਰਣਜੀਤ ਨੀਟਾ ਦੇ ਪਾਕਿਸਤਾਨ ਅਤੇ ਗੁਰਮੀਤ ਸਿੰਘ ਦੇ ਜਰਮਨ ਵਿੱਚ ਛੁਪੇ ਹੋਣ ਦੀ ਸੰਕਾ ਹੈ। ਪਿੱਛੇ ਜਿਹੇ ਸਰਹੱਦੋਂ ਪਾਰ ਪੰਜਾਬ ਵਿੱਚ ਮਨੁੱਖ ਰਹਿਤ ਹਵਾਈ ਵਾਹਨਾਂ (ਡਰੋਨ) ਰਾਹੀਂ ਮਾਰੂ ਹਥਿਆਰ, ਗੋਲਾ ਬਾਰੂਦ, ਵਿਸਫੋਟਕ ਸਮੱਗਰੀ, ਸੰਚਾਰ ਉਪਕਰਨ ਅਤੇ ਐਫ਼ਆਈਸੀਐਨ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਸੀ।
ਪੰਜਾਬ ਪੁਲੀਸ ਦੇ ਸਪੈਸ਼ਲ ਸੈਲ ਅੰਮ੍ਰਿਤਸਰ ਨੇ 22 ਸਤੰਬਰ 2019 ਨੂੰ ਸਰਹੱਦੋਂ ਪਾਰ ਆਏ ਡਰੋਨਾਂ ਰਾਹੀਂ ਕੁਝ ਮਾਰੂ ਹਥਿਆਰ ਬਰਾਮਦ ਕੀਤੇ ਸਨ। ਇਸ ਸਬੰਧੀ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਕਾਰਕੁਨਾਂ ਬਲਬੀਰ ਸਿੰਘ ਉਰਫ਼ ਬਿੰਦਾ, ਹਰਭਜਨ ਸਿੰਘ ਤੇ ਰੋਮਨਦੀਪ ਸਿੰਘ ਸਮੇਤ ਆਕਾਸ਼ਦੀਪ ਸਿੰਘ, ਬਲਵੰਤ ਸਿੰਘ, ਸ਼ੁਭਦੀਪ ਸਿੰਘ, ਮਾਨ ਸਿੰਘ, ਸਾਜਨਪ੍ਰੀਤ ਸਿੰਘ, ਗੁਰਦੇਵ ਸਿੰਘ, ਮਲਕੀਤ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ। ਪਹਿਲਾਂ ਇਸ ਮਾਮਲੇ ਦੀ ਜਾਂਚ ਪੰਜਾਬ ਪੁਲੀਸ ਦੇ ਅੰਮ੍ਰਿਤਸਰ ਸਥਿਤ ਸਟੇਟ ਸਪੈਸ਼ਲ ਸੈਲ ਵੱਲੋਂ ਜਾਂਚ ਕੀਤੀ ਜਾ ਰਹੀ ਸੀ। ਉਸ ਸਮੇਂ ਪੁਲੀਸ ਵੱਲੋਂ ਬਲਬੀਰ ਸਿੰਘ, ਹਰਭਜਨ ਸਿੰਘ, ਬਲਵੰਤ ਸਿੰਘ ਸਮੇਤ 4 ਮੁਲਜ਼ਮਾਂ ਨੂੰ ਚੋਹਲਾ ਸਾਹਿਬ ਨੇੜਿਓਂ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਵਿਅਕਤੀ ਇਕ ਕਾਰ ਵਿੱਚ ਸਵਾਰ ਹੋ ਕੇ ਕਿੱਧਰੇ ਜਾ ਰਹੇ ਸਨ। ਬਾਅਦ ਵਿੱਚ ਇਸ ਮਾਮਲੇ ਦੀ ਜਾਂਚ ਐਨਆਈਏ ਨੂੰ ਸੌਂਪੀ ਗਈ।
ਜਾਂਚ ਏਜੰਸੀ ਨੇ ਉਕਤ ਖਾੜਕੂਆਂ ਨੂੰ ਕੇਸ ਵਿੱਚ ਨਾਮਜ਼ਦ ਕਰਕੇ ਦੋਸ਼ ਲਗਾਇਆ ਸੀ ਕਿ ਪਾਕਿਸਤਾਨ ਵਿੱਚ ਬੈਠੇ ਰਣਜੀਤ ਸਿੰਘ ਨੀਟਾ ਦੇ ਹੁਕਮਾਂ ’ਤੇ ਡਰੋਨ ਰਾਹੀਂ ਪੰਜਾਬ ਦੇ ਸਰਹੱਦੀ ਇਲਾਕੇ ਵਿੱਚ ਹਥਿਆਰ ਭੇਜੇ ਗਏ ਸਨ। ਉਕਤ ਸਾਰੇ ਖਾੜਕੂਆਂ ਖ਼ਿਲਾਫ਼ ਐਨਆਈਏ ਵੱਲੋਂ 1 ਅਕਤੂਬਰ 2019 ਨੂੰ ਧਾਰਾ 489, 489ਏ, 489ਬੀ, 489ਸੀ, 120ਬੀ ਅਤੇ ਅਸਲਾ ਐਕਟ ਅਤੇ ਹੋਰਨਾਂ ਧਰਾਵਾਂ ਤਹਿਤ ਵੱਖਰਾ ਕੇਸ ਦਰਜ ਕੀਤਾ ਗਿਆ ਹੈ।
ਇਸ ਮਾਮਲੇ ਸਬੰਧੀ ਰਣਜੀਤ ਨੀਟਾ ਅਤੇ ਗੁਰਮੀਤ ਬੱਗਾ ਦੀ ਸਾਜ਼ਿਸ਼ ਪਾਈ ਗਈ ਹੈ। ਨਾਜਾਇਜ਼ ਹਥਿਆਰ, ਗੋਲਾ ਬਾਰੂਦ, ਧਮਕਾਖੇਜ ਸਮੱਗਰੀ, ਸੰਚਾਰ ਉਪਕਰਨ ਅਤੇ ਐਫ਼ਆਈਸੀਐਨ ਦੀ ਵਰਤੋਂ ਖਾੜਕੂ ਗਤੀਵਿਧੀਆਂ ਨੂੰ ਅੱਗੇ ਵਧਾਉਣ ਅਤੇ ਪੰਜਾਬ ਸਮੇਤ ਸਮੁੱਚੇ ਭਾਰਤ ਵਿੱਚ ਨਾਗਰਿਕਾਂ ਦੀ ਜਾਨ ਮਾਲ ਦਾ ਨੁਕਸਾਨ ਕਰਨ ਦੀ ਯੋਜਨਾ ਸੀ। ਇਸ ਨਾਲ ਦੇਸ਼ ਦੀ ਸੁਰੱਖਿਆ ਨੂੰ ਬਹੁਤ ਵੱਡਾ ਖ਼ਤਰਾ ਹੋ ਸਕਦਾ ਹੈ। ਐਨਆਈਏ ਦੀ ਜਾਂਚ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਉਕਤ ਮੁਲਜ਼ਮ ਖਾੜਕੂ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਪੰਜਾਬ ’ਚੋਂ ਕੁਝ ਬੇਰੁਜ਼ਗਾਰ ਨੌਜਵਾਨਾਂ ਦੀ ਭਰਤੀ ਕਰਨ ਵਿੱਚ ਕਾਮਯਾਬ ਵੀ ਰਹੇ ਹਨ। ਐਨਆਈਏ ਇਸ ਸਬੰਧੀ ਵੱਖ ਵੱਖ ਪਹਿਲੂਆਂ ’ਤੇ ਬਰੀਕੀ ਨਾਲ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿੱਚ ਐਨਆਈਏ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਅੱਪਰਬਾਰੀ ਨਹਿਰ (ਤਰਨ ਤਾਰਨ) ’ਚੋਂ ਡਰੋਨ ਦੀਆਂ ਛੇ ਮੋਟਰਾਂ ਅਤੇ ਹੋਰ ਪੁਰਜ਼ੇ ਬਰਾਮਦ ਕਰ ਚੁੱਕੀ ਹੈ। ਜਾਂਚ ਅਧਿਕਾਰੀ ਅਨੁਸਾਰ ਮੁਲਜ਼ਮਾਂ ਨੇ ਕਾਨੂੰਨੀ ਕਾਰਵਾਈ ਤੋਂ ਬਚਨ ਲਈ ਡਰੋਨ ਨੂੰ ਨਸ਼ਟ ਕਰਕੇ ਨਹਿਰ ਵਿੱਚ ਸੁੱਟ ਦਿੱਤਾ ਸੀ।
(ਬਾਕਸ ਆਈਟਮ)
ਕੌਮੀ ਜਾਂਚ ਏਜੰਸੀ (ਐਨਆਈਏ) ਪਹਿਲਾਂ ਹੀ ਡਰੋਨ ਮਾਮਲੇ ਵਿੱਚ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਕਾਰਕੁਨਾਂ ਸਮੇਤ 9 ਮੁਲਜ਼ਮਾਂ ਦੇ ਨਵੇਂ ਸਿਰਿਓਂ ਆਵਾਜ਼ ਦੇ ਸੈਂਪਲ ਲੈਣ ਦੀ ਮਨਜ਼ੂਰੀ ਹਾਸਲ ਕਰ ਚੁੱਕੀ ਹੈ। ਜਿਨ੍ਹਾਂ ਵਿੱਚ ਬਲਬੀਰ ਸਿੰਘ ਉਰਫ਼ ਬਿੰਦਾ, ਹਰਭਜਨ ਸਿੰਘ ਤੇ ਰੋਮਨਦੀਪ ਸਿੰਘ, ਆਕਾਸ਼ਦੀਪ ਸਿੰਘ, ਬਲਵੰਤ ਸਿੰਘ, ਸ਼ੁਭਦੀਪ ਸਿੰਘ, ਮਾਨ ਸਿੰਘ, ਸਾਜਨਪ੍ਰੀਤ ਸਿੰਘ, ਮਲਕੀਤ ਸਿੰਘ ਸ਼ਾਮਲ ਹਨ। ਇਸ ਸਬੰਧੀ ਸਾਰੇ ਮੁਲਜ਼ਮ ਆਪਣੀ ਆਵਾਜ਼ ਦੇ ਨਮੂਨੇ ਦੇਣ ਲਈ ਰਜ਼ਾਮੰਦ ਹਨ। ਇਹ ਪ੍ਰਕਿਰਿਆ ਜਾਰੀ ਹੈ। ਉਂਜ ਇਸ ਤੋਂ ਪਹਿਲਾਂ ਪੰਜਾਬ ਪੁਲੀਸ ਵੀ ਮੁਲਜ਼ਮਾਂ ਦੀ ਆਵਾਜ਼ ਦੇ ਸੈਂਪਲ ਲੈ ਚੁੱਕੀ ਹੈ।

Load More Related Articles
Load More By Nabaz-e-Punjab
Load More In Court and Police

Check Also

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ ਮੁਹਾਲੀ ਅਦ…