ਡਰੱਗ ਕੇਸ: ਬਿਕਰਮ ਮਜੀਠੀਆ ਤੀਜੀ ਵਾਰ ਸਿੱਟ ਅੱਗੇ ਹੋਏ ਪੇਸ਼, 1 ਘੰਟਾ ਕੀਤੀ ਪੁੱਛਗਿੱਛ

ਜੇ ਸਿੱਟ ਖਹਿੜਾ ਛੱਡੇਗੀ ਤੱਦ ਹੀ ਚੋਣ ਪ੍ਰਚਾਰ ਕਰ ਸਕਾਂਗਾ: ਮਜੀਠੀਆ

ਅਗਾਊਂ ਜ਼ਮਾਨਤ ਮਨਜ਼ੂਰ ਹੋਣ ਤੋਂ ਬਾਅਦ ਮਜੀਠੀਆ ਆਪਣੇ ਵਕੀਲਾਂ ਨਾਲ ਤੀਜੀ ਵਾਰ ਸਿੱਟ ਅੱਗੇ ਹੋਏ ਪੇਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜਨਵਰੀ:
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਸੋਮਵਾਰ ਨੂੰ ਮੁੜ ਬਹੁ-ਚਰਚਿਤ ਨਸ਼ਾ ਤਸਕਰੀ ਮਾਮਲੇ ਵਿੱਚ ਜਾਂਚ ਵਿੱਚ ਸ਼ਾਮਲ ਹੋਣ ਲਈ ਸਿੱਟ ਅੱਗੇ ਪੇਸ਼ ਹੋਏ। ਹਾਈ ਕੋਰਟ ’ਚੋਂ ਆਰਜ਼ੀ ਜ਼ਮਾਨਤ ਮਿਲਣ ਤੋਂ ਬਾਅਦ ਮਜੀਠੀਆ ਆਪਣੇ ਵਕੀਲਾਂ ਦਮਨਵੀਰ ਸਿੰਘ ਸੋਬਤੀ ਅਤੇ ਐਚਐਸ ਧਨੋਆ ਨਾਲ ਅੱਜ ਤੀਜੀ ਵਾਰ ਇੱਥੋਂ ਦੇ ਫੇਜ਼-4 ਸਥਿਤ ਪੰਜਾਬ ਪੁਲੀਸ ਦੇ ਸਟੇਟ ਕ੍ਰਾਈਮ ਬਿਊਰੋ ਦੇ ਥਾਣੇ ਵਿੱਚ ਆਏ ਸੀ। ਜਿੱਥੇ ਅਕਾਲੀ ਆਗੂ ਤੋਂ ਕਰੀਬ ਇੱਕ ਘੰਟਾ ਪੁੱਛਗਿੱਛ ਕੀਤੀ ਗਈ। ਬੀਤੇ ਕੱਲ੍ਹ ਐਤਵਾਰ ਨੂੰ ਵੀ ਮਜੀਠੀਆ ਕੋਲੋਂ ਨਸ਼ਾ ਤਸਕਰੀ ਮਾਮਲੇ ਵਿੱਚ ਪੁੱਛ ਪੜਤਾਲ ਕੀਤੀ ਗਈ ਸੀ ਅਤੇ ਤਾਜ਼ਾ ਐਫ਼ਆਈਆਰ ਵਿੱਚ ਦਰਜ ਵੇਰਵਿਆਂ ਬਾਰੇ ਜਾਂਚ ਟੀਮ ਨੇ ਸਵਾਲ ਪੁੱਛੇ ਗਏ। ਪੁਲੀਸ ਸੂਤਰਾਂ ਦੀ ਜਾਣਕਾਰੀ ਮਜੀਠੀਆ ਨੇ ਅੱਜ ਵੀ ਗੋਲ ਮੋਲ ਜਵਾਬ ਹੀ ਦਿੱਤੇ ਹਨ। ਜਦੋਂਕਿ ਜਾਂਚ ਤੋਂ ਬਾਅਦ ਥਾਣੇ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਜੀਠੀਆ ਨੇ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਸਿੱਟ ਨੂੰ ਜਾਂਚ ਵਿੱਚ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਪੁੱਛੇ ਗਏ ਸਵਾਲਾਂ ਦੇ ਸਹੀ ਸਹੀ ਜਵਾਬ ਦਿੱਤੇ ਗਏ ਹਨ।
ਵਿਧਾਨ ਸਭਾ ਚੋਣਾਂ ਬਾਰੇ ਬਿਕਰਮ ਮਜੀਠੀਆ ਨੇ ਕਿਹਾ ਕਿ ਜੇਕਰ ਸਿੱਟ ਉਸ ਦਾ ਖਹਿੜਾ ਛੱਡੇਗੀ ਤੱਦ ਹੀ ਉਹ ਆਪਣੇ ਅਤੇ ਦੂਜੇ ਉਮੀਦਵਾਰਾਂ ਦੇ ਹਲਕਿਆਂ ਵਿੱਚ ਚੋਣ ਪ੍ਰਚਾਰ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਦਿਨੀਂ ਅੰਮ੍ਰਿਤਸਰ ਪਹੁੰਚੇ ਸੀ ਪ੍ਰੰਤੂ ਸਿੱਟ ਨੇ ਸੰਮਨ ਭੇਜ ਕੇ ਬੀਤੇ ਦਿਨੀਂ ਉਸ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਸੱਦ ਲਿਆ। ਅੱਜ ਦੁਬਾਰਾ ਵਾਪਸ ਜਾਣਾ ਚਾਹੁੰਦੇ ਸੀ ਪਰ ਅੱਜ ਫਿਰ ਤੋਂ ਉਸ ਨੂੰ ਜਾਂਚ ਵਿੱਚ ਸ਼ਾਮਲ ਤਫ਼ਤੀਸ਼ ਹੋਣ ਲਈ ਸੱਦਿਆ ਗਿਆ। ਉਨ੍ਹਾਂ ਕਿਹਾ ਕਿ ਜਦੋਂ ਵੀ ਪੁਲੀਸ ਉਸ ਨੂੰ ਜਾਂਚ ਲਈ ਸੱਦੇਗੀ, ਉਹ ਤੁਰੰਤ ਹਾਜ਼ਰ ਹੋ ਜਾਣਗੇ।
ਮਜੀਠੀਆ ਨੇ ਮੁੜ ਦੁਹਰਾਇਆ ਕਿ ਉਨ੍ਹਾਂ ਖ਼ਿਲਾਫ਼ ਨਸ਼ਿਆਂ ਦਾ ਇਹ ਮਾਮਲਾ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਹੈ ਕਿਉਂਕਿ ਇਸ ਮਾਮਲੇ ਦੀ ਪਹਿਲਾਂ ਹੀ ਏਡੀਜੀਪੀ ਪੱਧਰ ਦੇ ਅਧਿਕਾਰੀਆਂ ਵੱਲੋਂ ਮੁਕੰਮਲ ਜਾਂਚ ਕੀਤੀ ਜਾ ਚੁੱਕੀ ਹੈ, ਇਸ ਮਾਮਲੇ ਵਿੱਚ ਪੁਲੀਸ ਜਿਨ੍ਹਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੀ ਸੀ, ਉਹ ਕਾਫ਼ੀ ਸਮਾਂ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਅਤੇ ਜਿਹੜੇ ਬੇਕਸੂਰ ਸੀ, ਉਨ੍ਹਾਂ ਨੂੰ ਕਲੀਨ ਚਿੱਟ ਦਿੱਤੀ ਜਾ ਚੁੱਕੀ ਹੈ ਪ੍ਰੰਤੂ ਹੁਕਮਰਾਨ ਪਾਰਟੀ ਉਸ ਦੇ ਹਵਾਲਾਤ ਵਿੱਚ ਬੰਦ ਕਰਕੇ ਚੋਣਾਂ ਵਿੱਚ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦਾ ਸੱਚ ਲੋਕਾਂ ਸਾਹਮਣੇ ਆਉਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੀ ਜਨਤਾ ਨੂੰ ਪਤਾ ਚੱਲ ਸਕੇ ਕਿ ਉਸ ਦੇ ਖ਼ਿਲਾਫ਼ ਕਿਹੜੇ ਆਗੂਆਂ ਅਤੇ ਅਫ਼ਸਰਾਂ ਨੇ ਸਾਜ਼ਿਸ਼ ਰਚੀ ਸੀ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਇੱਥੋਂ ਦੇ ਫੇਜ਼-4 ਸਥਿਤ ਪੰਜਾਬ ਪੁਲੀਸ ਦੇ ਸਟੇਟ ਕ੍ਰਾਈਮ ਥਾਣੇ ਵਿੱਚ ਮਜੀਠੀਆ ਵਿਰੁੱਧ ਨਸ਼ਾ ਤਸਕਰੀ ਮਾਮਲੇ ਵਿੱਚ ਅਪਰਾਧਿਕ ਪਰਚਾ ਦਰਜ ਕੀਤਾ ਗਿਆ ਸੀ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …