nabaz-e-punjab.com

ਬਹੁ-ਚਰਚਿਤ ਡਰੱਗ ਕੇਸ: ਸੀਬੀਆਈ ਅਦਾਲਤ ਵੱਲੋਂ ਬਿੱਟੂ ਅੌਲਖ ਦੀ ਜ਼ਮਾਨਤ ਮਨਜ਼ੂਰ

ਮੁਹਾਲੀ ਅਦਾਲਤ ਵੱਲੋਂ ਐਨਡੀਪੀਐਸ ਐਕਟ ਤਹਿਤ 4 ਦੋਸ਼ੀਆਂ ਨੂੰ 10-10 ਸਾਲ ਦੀ ਕੈਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਫਰਵਰੀ:
ਇੰਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਪੰਜਾਬ ਦੇ ਬਹੁ-ਚਰਚਿਤ ਡਰੱਗ ਤਸਕਰੀ ਨਾਲ ਜੁੜੇ ਡਰੱਗ ਮਨੀ ਦੇ ਮਾਮਲੇ ਨਾਮਜ਼ਦ ਮਨਜਿੰਦਰ ਸਿੰਘ ਅੌਲਖ ਉਰਫ਼ ਬਿੱਟੂ ਅੌਲਖ ਨੂੰ ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਵੱਡੀ ਰਾਹਤ ਦਿੰਦਿਆਂ ਮੁਲਜ਼ਮ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ। ਇਸ ਕੇਸ ਦੀ ਸੁਣਵਾਈ ਵੀਰਵਾਰ ਨੂੰ ਸੀਬੀਆਈ ਦੇ ਵਿਸ਼ੇਸ਼ ਜੱਜ ਐਨਐਸ ਗਿੱਲ ਦੀ ਅਦਾਲਤ ਵਿੱਚ ਹੋਈ। ਅਦਾਲਤ ਨੇ ਸਰਕਾਰੀ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮੁਲਜ਼ਮ ਬਿੱਟੂ ਅੌਲਖ ਦੀ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਲਈ ਗਈ। ਇਸ ਸਬੰਧੀ ਸੁਖਦੀਪ ਸਿੰਘ ਨਾਂਅ ਦੇ ਵਿਅਕਤੀ ਵੱਲੋਂ 5 ਲੱਖ ਦਾ ਮੁਚੱਲਕਾ ਭਰਿਆ ਗਿਆ ਹੈ। ਈਡੀ ਦੇ ਵਕੀਲ ਜਗਜੀਤ ਸਿੰਘ ਸਰਾਓ ਨੇ ਦੱਸਿਆ ਕਿ ਬਿੱਟੂ ਅੌਲਖ ਪਿਛਲੇ ਸਵਾ ਚਾਰ ਸਾਲ ਤੋਂ ਜੇਲ੍ਹ ਵਿੱਚ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪੰਜਾਬ ਪੁਲੀਸ ਵੱਲੋਂ ਪਹਿਲਾਂ ਦਰਜ ਕੀਤੇ ਕੇਸ ਵਿੱਚ ਬਿੱਟੂ ਅੌਲਖ ਨੂੰ ਬਰੀ ਕੀਤਾ ਜਾ ਚੁੱਕਾ ਹੈ।
ਉਧਰ, ਮੁਹਾਲੀ ਅਦਾਲਤ ਨੇ ਐਨਸੀਬੀ ਵੱਲੋਂ ਚਰਸ ਸਮੇਤ ਗ੍ਰਿਫ਼ਤਾਰ ਬੁੱਧੀ ਸਿੰਘ, ਭੁਪਿੰਦਰ ਸਿੰਘ, ਗੰਗਾ ਸਿੰਘ ਅਤੇ ਯਸ਼ਪਾਲ ਦੇ ਮਾਮਲੇ ਦਾ ਨਿਬੇੜਾ ਕਰਦਿਆਂ ਚਾਰ ਦੋਸ਼ੀਆਂ ਬੱਸ ਡਰਾਇਵਰ ਯਸ਼ਪਾਲ ਅਤੇ ਉਸ ਦੇ ਬਾਕੀ ਸਾਥੀਆਂ ਬੁਧੀ ਸਿੰਘ, ਭੁਪਿੰਦਰ ਸਿੰਘ ਅਤੇ ਗੰਗਾ ਸਿੰਘ ਨੂੰ ਐਨਡੀਪੀਐਸ ਐਕਟ ਦੇ ਤਹਿਤ 10-10 ਸਾਲ ਦੀ ਕੈਦ ਅਤੇ 1-1 ਲੱਖ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਗਈ ਹੈ।
ਜਾਣਕਾਰੀ ਅਨੁਸਾਰ ਐਨਸੀਬੀ ਕਰਾਇਮ ਚੰਡੀਗੜ੍ਹ ਵੱਲੋਂ ਗੁਪਤ ਸੂਚਨਾ ਦੇ ਅਧਾਰ ’ਤੇ 13 ਮਈ 2016 ਨੂੰ ਦੱਪਰ ਲਾਲੜੂ ਟੋਲ ਪਲਾਜਾ ਦੇ ਕੋਲੋਂ ਇੱਕ ਬੱਸ ਡਰਾਇਵਰ ਯਸ਼ਪਾਲ ਅਤੇ ਉਸ ਦੇ ਬਾਕੀ ਸਾਥੀਆਂ ਬੁਧੀ ਸਿੰਘ, ਭੁਪਿੰਦਰ ਸਿੰਘ ਅਤੇ ਗੰਗਾ ਸਿੰਘ ਨੂੰ 3 ਕਿੱਲੋ 130 ਗਰਾਮ ਚਰਸ ਸਮੇਤ ਗ੍ਰਿਫ਼ਤਾਰ ਕੀਤਾ ਸੀ। ਉਕਤ ਬੱਸ ਕੁੱਲੂ ਤੋਂ ਦਿੱਲੀ ਵੱਲ ਜਾ ਰਹੀ ਸੀ ਅਤੇ ਉਕਤ ਮੁਲਜ਼ਮ ਚਰਸ ਦੀ ਖੇਪ ਹਿਮਾਚਲ ਪ੍ਰਦੇਸ਼ ਤੋਂ ਦਿੱਲੀ ਲੈ ਕੇ ਜਾ ਰਹੇ ਸਨ। ਇਸ ਮਾਮਲੇ ਦੀ ਸੁਣਵਾਈ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਜਸਵਿੰਦਰ ਸਿੰਘ ਦੀ ਅਦਾਲਤ ਵਿੱਚ ਚਲ ਰਹੀ ਸੀ।
ਲੜਾਈ ਝਗੜਾ: ਮੁਹਾਲੀ ਅਦਾਲਤ ਵੱਲੋਂ ਦੋਸ਼ੀ ਨੂੰ 3 ਸਾਲ ਦੀ ਕੈਦ
ਇਸੇ ਤਰ੍ਹਾਂ ਮੁਹਾਲੀ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਸੰਜੇ ਅਗਨੀਹੋਤਰੀ ਦੀ ਅਦਾਲਤ ਨੇ ਦੋ ਧਿਰਾਂ ਵਿੱਚ ਹੋਈ ਲੜਾਈ ਦੇ ਮਾਮਲੇ ਵਿੱਚ ਥਾਣਾ ਸਿਟੀ ਖਰੜ ਵਿੱਚ ਅਪਰੈਲ 2013 ਵਿੱਚ ਦਰਜ ਹੋਏ ਕਰਾਸ ਕੇਸ ਵਿੱਚ ਪਹਿਲੀ ਧਿਰ ਦੇ ਰਾਜ ਕੁਮਾਰ ਨੂੰ ਧਾਰਾ 325 ਵਿੱਚ 3 ਸਾਲ ਦੀ ਕੈਦ ਅਤੇ 2 ਹਜਾਰ ਜੁਰਮਾਨਾ ਅਤੇ ਉਸ ਦੀ ਪਤਨੀ ਰਜਿੰਦਰ ਕੌਰ ਨੂੰ 6 ਮਹੀਨੇ ਕੈਦ ਦੀ ਸਜਾ ਸੁਣਾਈ ਹੈ। ਇੰਝ ਹੀ ਦੂਜੀ ਧਿਰ ਦੇ ਬਜਿੰਦਰ ਸਿੰਘ ਨੂੰ ਧਾਰਾ 323 ਵਿੱਚ 6 ਮਹੀਨੇ ਦੀ ਕੈਦ ਅਤੇ ਗੁਰਜੋਤ ਸਿੰਘ ਨੂੰ 1 ਸਾਲ ਕੈਦ ਦੀ ਸਜਾ ਸੁਣਾਈ ਗਈ ਹੈ।
ਜਾਣਕਾਰੀ ਅਨੁਸਾਰ ਬਜਿੰਦਰ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਹ ਆਪਣੇ ਲੜਕੇ ਗੁਰਜੋਤ ਸਿੰਘ ਨਾਲ ਦੁਕਾਨ ’ਚ ਮੌਜੂਦ ਸੀ ਤਾਂ ਇਸ ਦੌਰਾਨ ਰਾਜਕੁਮਾਰ ਅਤੇ ਉਸ ਦੀ ਪਤਨੀ ਰਜਿੰਦਰ ਕੌਰ ਨੇ ਕਿਰਪਾਨ ਅਤੇ ਡੰਡੇ ਨਾਲ ਉਨ੍ਹਾਂ ਤੇ ਹਮਲਾ ਕਰ ਦਿੱਤਾ, ਜਦੋਂ ਕਿ ਰਾਜਕੁਮਾਰ ਨੇ ਬਜਿੰਦਰ ਸਿੰਘ ਤੇ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਸੀ। ਪੁਲੀਸ ਮੁਤਾਬਕ ਦੋਹਾਂ ਧਿਰਾਂ ਦਾ ਕਿਸੇ ਦੁਕਾਨ ਨੂੰ ਲੈ ਕਿ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ, ਇਸੇ ਰੰਜ਼ਸ਼ ਦੇ ਤਹਿਤ ਇਹ ਘਟਨਾ ਵਾਪਰੀ ਸੀ। ਪੁਲੀਸ ਨੇ ਜਾਂਚ ਉਪਰੰਤ ਦੋਹਾਂ ਧਿਰਾਂ ਖ਼ਿਲਾਫ਼ ਕਰਾਸ ਕੇਸ ਦਰਜ ਕੀਤਾ ਸੀ।

Load More Related Articles
Load More By Nabaz-e-Punjab
Load More In Court

Check Also

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ ਨਬਜ਼-ਏ-ਪੰਜ…