
ਡਰੱਗ ਤਸਕਰੀ ਮਾਮਲਾ: ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਲਈ ਯਤਨ ਤੇਜ਼ ਪੰਜਾਬ ਸਰਕਾਰ ਵੱਲੋਂ ਮਜੀਠੀਆ ਖ਼ਿਲਾਫ਼ ਅਪਰਾਧਿਕ ਕੇਸ ਦਰਜ, ਗ੍ਰਿਫ਼ਤਾਰੀ ਲਈ ਯਤਨ ਤੇਜ਼
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਦਸੰਬਰ:
ਪੰਜਾਬ ਵਿਧਾਨ ਸਭਾ ਚੋਣਾਂ ਦੇ ਐਨ ਨੇੜੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਮੁਸ਼ਕਲਾਂ ਕਾਫ਼ੀ ਵਧ ਗਈਆਂ ਹਨ। ਪੰਜਾਬ ਸਰਕਾਰ ਨੇ ਆਪਣੀ ਚੁੱਪੀ ਤੋੜਦਿਆਂ ਮਜੀਠੀਆ ਦੇ ਖ਼ਿਲਾਫ਼ ਅਪਰਾਧਿਕ ਕੇਸ ਦਰਜ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਅਕਾਲੀ ਆਗੂ ਖ਼ਿਲਾਫ਼ ਇੱਥੋਂ ਦੇ ਫੇਜ਼-4 ਸਥਿਤ ਪੰਜਾਬ ਪੁਲੀਸ ਦੇ ਸਟੇਟ ਕਰਾਈਮ ਬਿਊਰੋ ਦੇ ਥਾਣੇ ਵਿੱਚ ਨਵਾਂ ਕੇਸ ਦਰਜ ਕੀਤਾ ਗਿਆ ਹੈ। ਇਸ ਗੱਲ ਦੀ ਪੁਸ਼ਟੀ ਇਕ ਸੀਨੀਅਰ ਅਧਿਕਾਰੀ ਨੇ ਕੀਤੀ ਹੈ। ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਮਜੀਠੀਆ ’ਤੇ ਕਥਿਤ ਦੋਸ਼ ਲੱਗਦੇ ਆ ਰਹੇ ਹਨ। ਇਸ ਮੁੱਦੇ ’ਤੇ ਉਹ ਸ਼ੁਰੂ ਤੋਂ ਹੀ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ’ਤੇ ਰਹੇ ਹਨ ਅਤੇ ਹੁਣ ਪਿਛਲੇ ਕੁੱਝ ਸਮੇਂ ਤੋਂ ਮਜੀਠੀਆ ਨੂੰ ਗ੍ਰਿਫ਼ਤਾਰ ਕਰਨ ਲਈ ਲਗਾਤਾਰ ਸਰਕਾਰ ’ਤੇ ਦਬਾਅ ਵਧ ਰਿਹਾ ਸੀ। ਹੁਣ ਸਰਕਾਰ ਨੇ ਕੇਸ ਦਰਜ ਕਰਨ ਤੋਂ ਬਾਅਦ ਅਕਾਲੀ ਆਗੂ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਤੇਜ਼ ਕਰ ਦਿੱਤੀ ਹੈ।
ਤਾਜ਼ਾ ਐਫ਼ਆਈਆਰ ਵਿੱਚ ਐਸਟੀਐਫ਼ ਵੱਲੋਂ ਨਸ਼ਾ ਤਸਕਰੀ ਮਾਮਲੇ ਵਿੱਚ ਫਰਵਰੀ 2018 ਨੂੰ ਹਾਈ ਕੋਰਟ ਵਿੱਚ ਦਾਖ਼ਲ ਕੀਤੀ ਸਟੇਟਸ ਰਿਪੋਰਟ ਦਾ ਵੀ ਹਵਾਲਾ ਦਿੱਤਾ ਗਿਆ ਹੈ। ਡੀਜੀਪ ਦੇ ਹੁਕਮਾਂ ਅਨੁਸਾਰ ਮਜੀਠੀਆ ਖ਼ਿਲਾਫ਼ ਕੇਸ ਦਰਜ ਕਰਨ ਤੋਂ ਪਹਿਲਾਂ ਪੂਰੀ ਫਾਈਲ ਕਾਨੂੰਨੀ ਸਲਾਹ ਮਸ਼ਵਰ ਕਰਨ ਲਈ ਬੀਤੀ 1 ਦਸੰਬਰ ਨੂੰ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਦੀਪਇੰਦਰ ਸਿੰਘ ਪਟਵਾਲੀਆ ਕੋਲ ਭੇਜੀ ਗਈ ਸੀ ਅਤੇ ਕਾਨੂੰਨੀ ਰਾਇ ਲੈਣ ਤੋਂ ਬਾਅਦ ਹੀ ਅਕਾਲੀ ਆਗੂ ਵਿਰੁੱਧ 48 ਪੰਨਿਆਂ ਦੀ ਲੰਮੀ ਚੌੜੀ ਐਫ਼ਆਈਆਰ ਦਰਜ ਕੀਤੀ ਗਈ। ਜਿਸ ਵਿੱਚ ਬਹੁ-ਚਰਚਿਤ ਏਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਦੀ ਸਟੇਟਸ ਰਿਪੋਰਟ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਨਸ਼ਾ ਤਸਕਰੀ ਮਾਮਲੇ ਵਿੱਚ ਜੇਲ੍ਹ ਵਿੱਚ ਸਜਾ ਭੁਗਤ ਰਹੇ ਪੰਜਾਬ ਪੁਲੀਸ ਦੇ ਬਰਖ਼ਾਸਤ ਡੀਐਸਪੀ ਅਤੇ ਕੌਮਾਂਤਰੀ ਪਹਿਲਵਾਨ ਜਗਦੀਸ਼ ਭੋਲਾ ਨੇ ਵੀ ਕੇਸ ਦੀ ਸੁਣਵਾਈ ਦੌਰਾਨ ਕਈ ਸਿਆਸੀ ਆਗੂਆਂ ਦੇ ਨਾਵਾਂ ਦਾ ਜ਼ਿਕਰ ਕੀਤਾ ਗਿਆ ਸੀ ਅਤੇ ਨਸ਼ਿਆਂ ਖ਼ਿਲਾਫ਼ ਬਣੀ ਸਿੱਟ ਦੇ ਇਕ ਸੀਨੀਅਰ ਮੈਂਬਰ ਨੇ ਵੀ ਆਪਣੀ ਰਿਪੋਰਟ ਵਿੱਚ ਸਿਆਸੀ ਆਗੂ ਦਾ ਵੇਰਵਾ ਦਰਜ ਕੀਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਆਪ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਸਮੇਤ ਹੋਰ ਵੱਖ-ਵੱਖ ਪਾਰਟੀਆਂ ਦੇ ਆਗੂ ਕਾਫ਼ੀ ਸਮੇਂ ਤੋਂ ਮਜੀਠੀਆ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰਦੇ ਆ ਰਹੇ ਹਨ। ਨਵਜੋਤ ਸਿੱਧੂ ਮੀਡੀਆ ਵਿੱਚ ਇਹ ਦਾਅਵਾ ਕਰ ਚੁੱਕੇ ਹਨ ਕਿ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਦੀ ਰਿਪੋਰਟ ਵਿੱਚ ਮਜੀਠੀਆ ਦਾ ਨਾਂਅ ਹੈ। ਹਾਲ ਹੀ ਵਿੱਚ ਪੰਜਾਬ ਦੇ ਕਾਰਜਕਾਰੀ ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਲਾਂਭੇ ਕਰਕੇ ਸੀਨੀਅਰ ਆਈਪੀਐਸ ਅਧਿਕਾਰੀ ਸਿਧਾਰਥ ਚਟੋਪਾਧਿਆਏ ਨੂੰ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਤੋਂ ਬਾਅਦ ਚੰਨੀ ਸਰਕਾਰ ਦੀ ਨਸ਼ਿਆਂ ਦੇ ਮਾਮਲੇ ਵਿੱਚ ਸਿਆਸੀ ਆਗੂਆਂ ਖ਼ਿਲਾਫ਼ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਹੈ।
ਉਧਰ, ਇਸ ਮਾਮਲੇ ਵਿੱਚ ਸਿੱਧੂ ਨੇ ਟਵੀਟ ਕਰਕੇ ਕਿਹਾ ਕਿ ਜੇਕਰ ਪਹਿਲਾਂ ਹੀ ਕਿਸੇ ਇਮਾਨਦਾਰ ਅਫ਼ਸਰ ਨੂੰ ਲਗਾਇਆ ਹੁੰਦਾ ਤਾਂ ਇਹ ਕਾਰਵਾਈ ਕਦੋਂ ਦੀ ਹੋ ਜਾਣੀ ਸੀ। ਉਧਰ, ਸ਼੍ਰੋਮਣੀ ਅਕਾਲੀ ਦਲ ਨੇ ਇਸ ਕਾਰਵਾਈ ਨੂੰ ਮਹਿਜ਼ ਸਿਆਸੀ ਸਟੰਟ ਦੱਸਦਿਆਂ ਮਜੀਠੀਆ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਗੱਲ ਕਹੀ ਹੈ। ਅਕਾਲੀ ਦਲ ਦੇ ਕਾਨੂੰਨੀ ਮਾਹਰਾਂ ਦੀ ਵਿਸ਼ੇਸ਼ ਟੀਮ ਵੱਲੋਂ ਪੰਜਾਬ ਸਰਕਾਰ ਦੀ ਇਸ ਤਾਜ਼ਾ ਕਾਰਵਾਈ ਨੂੰ ਝੂਠਾ ਸਾਬਤ ਕਰਕੇ ਉੱਚ ਅਦਾਲਤ ਵਿੱਚ ਜਾਣ ਲਈ ਵਿਚਾਰ ਕੀਤਾ ਜਾ ਰਿਹਾ ਹੈ।
ਇਸੇ ਦੌਰਾਨ ਇਕ ਵੀਡੀਓ ਮੈਸੇਜ ਰਾਹੀਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਦਰਜ ਕੀਤੀ ਤਾਜ਼ਾ ਐਫ਼ਆਈਆਰ ਦੀ ਸਖ਼ਤ ਨਿਖੇਧੀ ਕਰਦਿਆਂ ਸਰਕਾਰ ਦੇ ਇਸ ਕਦਮ ਨੂੰ ਸਿਆਸੀ ਬਦਲਾਖੋਰੀ ਦੀ ਭਾਵਨਾ ਨਾਲ ਕੀਤੀ ਕਾਰਵਾਈ ਕਰਾਰ ਦਿੱਤਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮਜੀਠੀਆ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕਾਫ਼ੀ ਸਮੇਂ ਤੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਨੂੰ ਝੂਠੇ ਕੇਸ ਵਿੱਚ ਫਸਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਯਤਨ ਕੀਤੇ ਜਾ ਰਹੇ ਸਨ। ਜਿਸ ਦਾ ਉਹ ਪਹਿਲਾਂ ਵੀ ਮੀਡੀਆ ਵਿੱਚ ਖੁਲਾਸਾ ਕਰ ਚੁੱਕੇ ਹਨ। ਹੁਕਮਰਾਨਾਂ ਨੇ ਚੋਣਾਂ ਵਿੱਚ ਸਿਆਸੀ ਲਾਹਾ ਲੈਣ ਲਈ ਅਕਾਲੀ ਦਲ ਦੇ ਜੁਝਾਰੂ ਆਗੂ ’ਤੇ ਇਹ ਕਾਰਵਾਈ ਕੀਤੀ ਗਈ ਹੈ। ਜਿਸ ਨੂੰ ਨੇਪਰੇ ਚਾੜ੍ਹਨ ਲਈ ਡੀਜੀਪੀ ਸਮੇਤ ਕਈ ਹੋਰਨਾਂ ਉੱਚ ਅਫ਼ਸਰਾਂ ਨੂੰ ਬਦਲਿਆ ਗਿਆ। ਇਸ ਝੂਠੇ ਕੇਸ ਖ਼ਿਲਾਫ਼ ਅਕਾਲੀ ਦਲ ਕਾਨੂੰਨੀ ਲੜਾਈ ਲੜੇਗਾ ਅਤੇ ਤਿੰਨ ਮਹੀਨੇ ਬਾਅਦ ਵਿੱਚ ਪੰਜਾਬ ਵਿੱਚ ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਬਣਨ ’ਤੇ ਕਾਂਗਰਸ ਸਰਕਾਰ ਵੇਲੇ ਦਰਜ ਕੀਤੇ ਗਏ ਝੂਠੇ ਕੇਸਾਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ।