ਡਰੱਗ ਮਾਮਲਾ: ਮੁਹਾਲੀ ਅਦਾਲਤ ਨੇ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਜੇਲ੍ਹ ਭੇਜਿਆ

ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਮਜੀਠੀਆ ਨੇ ਮੁਹਾਲੀ ਅਦਾਲਤ ਵਿੱਚ ਕੀਤਾ ਆਤਮ ਸਮਰਪਣ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਫਰਵਰੀ:
ਪੰਜਾਬ ਸਰਕਾਰ ਵੱਲੋਂ ਬਹੁ-ਚਰਚਿਤ ਨਸ਼ਾ ਤਸਕਰੀ ਮਾਮਲੇ ਵਿੱਚ ਨਾਮਜ਼ਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਵਕੀਲਾਂ ਦਮਨਬੀਰ ਸਿੰਘ ਸੋਬਤੀ ਤੇ ਐਚਐਸ ਧਨੋਆ ਅਤੇ ਬੀਰਇੰਦਰਪਾਲ ਸਿੰਘ ਨਾਲ ਵੀਰਵਾਰ ਨੂੰ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸੰਦੀਪ ਸਿੰਗਲਾ ਦੀ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਗਿਆ ਅਤੇ ਪੱਕੀ ਜ਼ਮਾਨਤ ਲਈ ਨਵੇਂ ਸਿਰਿਓਂ ਅਰਜ਼ੀ ਦਾਇਰ ਕੀਤੀ ਗਈ। ਅਦਾਲਤ ਨੇ ਉਸ ਨੂੰ ਨਿਆਇਕ ਹਿਰਾਸਤ ਅਧੀਨ 8 ਮਾਰਚ ਤੱਕ ਜੇਲ੍ਹ ਭੇਜ ਦਿੱਤਾ। ਪੰਜਾਬ ਸਰਕਾਰ ਤੇ ਪੁਲੀਸ ਵੱਲੋਂ ਸਰਕਾਰੀ ਵਕੀਲ ਸੰਜੀਵ ਬੱਤਰਾ ਪੇਸ਼ ਹੋਏ ਅਤੇ ਕੇਸ ਦੀ ਪੈਰਵੀ ਕੀਤੀ। ਬੀਤੀ 31 ਜਨਵਰੀ ਨੂੰ ਸੁਪਰੀਮ ਕੋਰਟ ਨੇ ਅਕਾਲੀ ਆਗੂ ਨੂੰ ਵੱਡੀ ਰਾਹਤ ਦਿੰਦਿਆਂ 23 ਫਰਵਰੀ ਤੱਕ ਮਜੀਠੀਆ ਦੀ ਗ੍ਰਿਫ਼ਤਾਰੀ ’ਤੇ ਰੋਕ ਲਗਾਈ ਗਈ ਸੀ। ਸੁਪਰੀਮ ਕੋਰਟ ਨੇ ਅਕਾਲੀ ਆਗੂ ਨੂੰ ਹੇਠਲੀ ਅਦਾਲਤ ਵਿੱਚ ਪੇਸ਼ ਹੋ ਕੇ ਪੱਕੀ ਜ਼ਮਾਨਤ ਲਈ ਅਪੀਲ ਦਾਇਰ ਕਰਨ ਲਈ ਕਿਹਾ ਸੀ।
ਦੇਸ਼ ਦੀ ਸਿਖਰਲੀ ਅਦਾਲਤ ਦੇ ਇਸ ਫੈਸਲੇ ਕਾਰਨ ਅਕਾਲੀ ਆਗੂ ਬੇਖ਼ੌਫ਼ ਹੋ ਕੇ ਅੰਮ੍ਰਿਤਸਰ ਤੋਂ ਵਿਧਾਨ ਸਭਾ ਦੀ ਚੋਣ ਲੜ ਸਕੇ ਹਨ। ਜਦੋਂਕਿ ਹੁਕਮਰਾਨ ਉਸ ਦੇ ਪੈਰਾਂ ਵਿੱਚ ਕਾਨੂੰਨ ਦੀਆਂ ਬੇੜੀਆਂ ਪਾ ਕੇ ਉਸ ਨੂੰ ਸਿਆਸੀ ਮੈਦਾਨ ’ਚੋਂ ਲਾਂਭੇ ਕਰਨ ਦੀ ਤਾਕ ਵਿੱਚ ਸਨ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੇ ਵੀ ਇਸ ਗੱਲ ’ਤੇ ਹੈਰਾਨੀ ਪ੍ਰਗਟ ਕੀਤੀ ਸੀ ਕਿ ਚੋਣਾਂ ਤੋਂ ਐਨ ਪਹਿਲਾਂ ਸਿਆਸੀ ਆਗੂਆਂ ਵਿਰੁੱਧ ਅਜਿਹੇ ਅਪਰਾਧਿਕ ਮਾਮਲੇ ਸਾਹਮਣੇ ਆ ਰਹੇ ਹਨ। ਅਦਾਲਤ ਨੇ ਵੱਖ-ਵੱਖ ਪਹਿਲੂਆਂ ’ਤੇ ਨਜ਼ਰਸਾਨੀ ਕਰਨ ਮਗਰੋਂ ਮਜੀਠੀਆ ਦੀ ਗ੍ਰਿਫ਼ਤਾਰੀ ’ਤੇ 23 ਫਰਵਰੀ ਤੱਕ ਰੋਕ ਲਗਾਈ ਗਈ ਸੀ। ਅਕਾਲੀ ਆਗੂ ਦੀ ਗ੍ਰਿਫ਼ਤਾਰੀ ’ਤੇ ਲੱਗੀ ਰੋਕ ਦੀ ਮਿਆਦ (ਬੁੱਧਵਾਰ ਰਾਤ 12 ਵਜੇ) ਖ਼ਤਮ ਹੋ ਗਈ।
ਸੁਪਰੀਮ ਕੋਰਟ ਨੇ ਮਜੀਠੀਆ ਨੂੰ ਇਹ ਨਿਰਦੇਸ਼ ਵੀ ਦਿੱਤੇ ਸਨ ਕਿ ਉਹ ਹੇਠਲੀ ਅਦਾਲਤ ਵਿੱਚ ਜੱਜ ਦੇ ਸਾਹਮਣੇ ਨਿੱਜੀ ਤੌਰ ’ਤੇ ਪੇਸ਼ ਹੋ ਕੇ ਪੱਕੀ ਜ਼ਮਾਨਤ ਲਈ ਅਰਜ਼ੀ ਦਾਇਰ ਕਰਨ। ਇਸ ਤਰ੍ਹਾਂ ਅਕਾਲੀ ਆਗੂ ਮਜੀਠੀਆ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਹੋਏ। ਉਨ੍ਹਾਂ ਨੇ ਆਪਣੀ ਰੈਗੂਲਰ ਜ਼ਮਾਨਤ ਲਈ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਗਈ। ਜਦੋਂਕਿ ਪੁਲੀਸ ਨੇ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰਨ ਦੀ ਗੱਲ ਕਹੀ। ਇਸ ਤੋਂ ਬਾਅਦ ਅਦਾਲਤ ਨੇ ਪੁਲੀਸ ਨੂੰ ਮਜੀਠੀਆ ਕੋਲੋਂ ਪੁੱਛਗਿੱਛ ਕਰਨ ਲਈ ਇੱਕ ਘੰਟੇ ਦੀ ਇਜਾਜ਼ਤ (ਪੁਲੀਸ ਰਿਮਾਂਡ) ਦਿੱਤੀ ਗਈ।
ਪੰਜਾਬ ਪੁਲੀਸ ਦੇ ਏਆਈਜੀ ਤੇ ਸਿੱਟ ਦੇ ਮੁਖੀ ਬਲਰਾਜ ਸਿੰਘ ਦੀ ਅਗਵਾਈ ਹੇਠ ਅਦਾਲਤ ਕੰਪਲੈਕਸ ਵਿੱਚ ਹੀ ਗਾਰਦ ਰੂਮ ਵਿੱਚ ਜਾਂਚ ਟੀਮ ਦੇ ਮੈਂਬਰਾਂ ਨੇ ਮਜੀਠੀਆ ਕੋਲੋਂ ਸਵੇਰੇ 11: 45 ਵਜੇ ਤੋਂ ਲੈ ਕੇ ਦੁਪਹਿਰ ਸਵਾ 1 ਵਜੇ ਤੱਕ ਪੁੱਛਗਿੱਛ ਕੀਤੀ। ਸਿੱਟ ਨੇ ਮਜੀਠੀਆ ਤੋਂ ਕੀ ਪੁੱਛਗਿੱਛ ਕੀਤੀ, ਕਿੰਨੇ ਅਤੇ ਕਿਹੜੇ ਸਵਾਲ ਪੁੱਛੇ ਇਸ ਬਾਰੇ ਕੋਈ ਵੀ ਅਧਿਕਾਰੀ ਆਪਣਾ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਸੀ ਪ੍ਰੰਤੂ ਸੂਤਰਾਂ ਦੀ ਜਾਣਕਾਰੀ ਅਨੁਸਾਰ ਸਿੱਟ ਦੇ ਮੈਂਬਰਾਂ ਨੇ ਮਜੀਠੀਆ ਕੋਲੋਂ ਨਸ਼ਾ ਤਸਕਰੀ ਮਾਮਲੇ ਸਬੰਧੀ ਐਫ਼ਆਈਆਰ ਵਿੱਚ ਦਰਜ ਵੇਰਵਿਆਂ ਨੂੰ ਆਧਾਰ ਬਣਾ ਕੇ ਲਗਪਗ ਪੁਰਾਣੇ ਸਵਾਲ ਜਵਾਬ ਹੀ ਕੀਤੇ ਗਏ। ਮਜੀਠੀਆ ਕੋਲੋਂ ਉਸ ਦੇ ਬੈਂਕ ਖਾਤਿਆਂ ਬਾਰੇ ਵੀ ਪੁੱਛਗਿੱਛ ਕੀਤੀ ਗਈ ਹੈ। ਮਜੀਠੀਆ ਨੇ ਵੀ ਪਹਿਲਾਂ ਵਾਂਗ ਗੋਲ ਮੋਲ ਜਵਾਬ ਦਿੱਤੇ ਗਏ। ਪੁੱਛਗਿੱਛ ਤੋਂ ਬਾਅਦ ਮਜੀਠੀਆ ਨੂੰ ਇਲਾਕਾ ਮੈਜਿਸਟਰੇਟ ਮੁਕੇਸ਼ ਕੁਮਾਰ ਸਿੰਗਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਮਹਿਜ਼ ਪੰਜ ਕੁ ਮਿੰਟ ਦੀ ਸੁਣਵਾਈ ਮਗਰੋਂ ਅਕਾਲੀ ਆਗੂ ਨੂੰ 8 ਮਾਰਚ ਤੱਕ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ।
ਉਧਰ, ਬਾਅਦ ਦੁਪਹਿਰ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸੰਦੀਪ ਸਿੰਗਲਾ ਦੀ ਅਦਾਲਤ ਵਿੱਚ ਮਜੀਠੀਆ ਦੀ ਪੱਕੀ ਜ਼ਮਾਨਤ ਦੀ ਅਰਜ਼ੀ ’ਤੇ ਸੁਣਵਾਈ ਹੋਈ। ਅਕਾਲੀ ਆਗੂ ਨੇ ਆਪਣੀ ਅਰਜ਼ੀ ਵਿੱਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਸ ਨੂੰ ਸਿਆਸੀ ਬਦਲਾਖੋਰੀ ਦੀ ਭਾਵਨਾ ਨਾਲ ਨਸ਼ਾ ਤਸਕਰੀ ਦੇ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ। ਉਨ੍ਹਾਂ ਵਿਰੁੱਧ ਗੈਰਕਾਨੂੰਨੀ ਤਰੀਕੇ ਨਾਲ ਇਹ ਕੇਸ ਦਰਜ ਕੀਤਾ ਗਿਆ ਹੈ ਜਦੋਂਕਿ ਇਸ ਮਾਮਲੇ ਵਿੱਚ ਕੋਈ ਸ਼ਿਕਾਇਤ ਕਰਤਾ ਵੀ ਨਹੀਂ ਹੈ। ਮਜੀਠੀਆ ਅਨੁਸਾਰ ਨਸ਼ਾ ਤਸਕਰੀ ਮਾਮਲੇ ਵਿੱਚ ਪੁਲੀਸ ਪਹਿਲਾਂ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ, ਜੋ ਵੱਖ-ਵੱਖ ਜੇਲ੍ਹਾਂ ਵਿੱਚ ਸਜਾ ਭੁਗਤ ਰਹੇ ਹਨ ਲੇਕਿਨ ਹੁਣ ਵਿਧਾਨ ਸਭਾ ਚੋਣਾਂ ਕਾਰਨ ਸੱਤਾਧਾਰੀ ਧਿਰ ਇਨ੍ਹਾਂ ਚੋਣਾਂ ਵਿੱਚ ਸਿਆਸੀ ਲਾਹਾ ਲੈਣ ਦੀ ਮਨਸ਼ਾ ਨਾਲ ਉਸ ਨੂੰ ਡੂੰਘੀ ਸਾਜ਼ਿਸ਼ ਤਹਿਤ ਝੂਠੇ ਕੇਸਾਂ ਵਿੱਚ ਉਲਝਾਉਣ ਕੇ ਰੱਖਣਾ ਚਾਹੁੰਦੀ ਹੈ। ਜਦੋਂਕਿ ਸਰਕਾਰੀ ਵਕੀਲ ਦਾ ਕਹਿਣਾ ਸੀ ਕਿ ਮਜੀਠੀਆ ਖ਼ਿਲਾਫ਼ ਤੱਥਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਗਈ ਹੈ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਜੀਠੀਆ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਭਲਕੇ 25 ਫਰਵਰੀ ਤੱਕ ਟਾਲ ਦਿੱਤੀ ਅਤੇ ਇਸ ਸਬੰਧੀ ਪੰਜਾਬ ਸਰਕਾਰ ਨੂੰ ਸੰਮਨ ਭੇਜ ਕੇ ਆਪਣਾ ਪੱਖ ਰੱਖਣ ਅਤੇ ਮਜੀਠੀਆ ਕੇਸ ਨਾਲ ਸਬੰਧਤ ਲੋੜੀਂਦਾ ਰਿਕਾਰਡ ਪੇਸ਼ ਕਰਨ ਲਈ ਕਿਹਾ ਗਿਆ। ਅਦਾਲਤੀ ਕਾਰਵਾਈ ਤੋਂ ਬਾਅਦ ਪੁਲੀਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮਜੀਠੀਆ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਉਪਰੰਤ ਜੇਲ੍ਹ ਭੇਜਿਆ ਗਿਆ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਚੋਣਾਂ ਤੋਂ ਵਿਹਲੇ ਹੋ ਕੇ ਉਹ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ ਮੁਹਾਲੀ ਅਦਾਲਤ ਵਿੱਚ ਆਤਮ ਸਮਰਪਣ ਕਰਨ ਆਏ ਹਨ। ਉਨ੍ਹਾਂ ਕਿਹਾ ਕਿ ਹੁਕਮਰਾਨ ਉਸ ਨੂੰ ਜੇਲ੍ਹ ਵਿੱਚ ਡੱਕਣ ਲਈ ਮਨਘੜਤ ਵਿਊਂਤਬੰਦੀਆਂ ਕਰ ਰਹੇ ਹਨ ਪ੍ਰੰਤੂ ਉਸ ਨੂੰ ਨਿਆਂ-ਪ੍ਰਣਾਲੀ ਉੱਤੇ ਪੂਰਾ ਭਰੋਸਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਧੱਕੇਸ਼ਾਹੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਇੱਥੋਂ ਤੱਕ ਕਿ ਉਸ ਨੂੰ ਵਿਧਾਨ ਸਭਾ ਦੀ ਚੋਣ ਲੜਨ ਤੋਂ ਰੋਕਣ ਲਈ ਹਰ ਹੀਲਾ ਵਰਤਿਆ ਗਿਆ। ਉਨ੍ਹਾਂ ਕਿਹਾ ਕਿ ਹੁਕਮਰਾਨਾਂ ਦੀਆਂ ਸਾਰੀਆਂ ਸਾਜ਼ਿਸ਼ਾਂ ਫੇਲ੍ਹ ਹੋਣਗੀਆਂ ਅਤੇ ਜਲਦੀ ਹੀ ਸੱਚ ਸਭ ਦੇ ਸਾਹਮਣੇ ਆਵੇਗਾ ਅਤੇ ਸਚਾਈ ਦੀ ਜਿੱਤ ਹੋਵੇਗੀ। ਉਨ੍ਹਾਂ ਕਿਹਾ ਕਿ ‘ਮੈਂ ਪੂਰੀ ਚੜ੍ਹਦੀ ਕਲਾਂ ਵਿੱਚ ਹਾਂ’ ਅਤੇ ਚੋਣਾਂ ਵਿੱਚ ਲੋਕਾਂ ਦਾ ਭਰਵਾਂ ਸਹਿਯੋਗ ਅਤੇ ਸਮਰਥਨ ਮਿਲਿਆ ਹੈ। ਲੋਕਾਂ ਦਾ ਪਿਆਰ ਹੀ ਉਸ ਨੂੰ ਜਿੱਤ ਹਾਸਲ ਕਰਵਾਏਗਾ। ਇਸ ਮੌਕੇ ਅਕਾਲੀ ਵਿਧਾਇਕ ਐਨਕੇ ਸ਼ਰਮਾ, ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ, ਸੀਨੀਅਰ ਅਕਾਲੀ ਆਗੂ ਗੁਰਦੇਵ ਸਿੰਘ ਨੌਨੀ ਮਾਨ, ਰੋਜੀ ਬਕਰੰਦੀ, ਪਰਵਿੰਦਰ ਸਿੰਘ ਸੋਹਾਣਾ, ਸਰਬਜੀਤ ਸਿੰਘ ਸਾਬੀ, ਅਮਨ ਪੂਨੀਆ, ਅਸ਼ਵਨੀ ਸ਼ਰਮਾ, ਬੀਬੀ ਕਸ਼ਮੀਰ ਕੌਰ, ਨੰਬਰਦਾਰ ਹਰਵਿੰਦਰ ਸਿੰਘ ਅਤੇ ਹੋਰ ਆਗੂ ਹਾਜ਼ਰ ਸਨ। ਜਾਣਕਾਰੀ ਅਨੁਸਾਰ ਕੁੱਝ ਦਿਨ ਪਹਿਲਾਂ ਇੱਥੋਂ ਦੇ ਫੇਜ਼-4 ਸਥਿਤ ਪੰਜਾਬ ਪੁਲੀਸ ਦੇ ਸਟੇਟ ਕ੍ਰਾਈਮ ਵਿੰਗ ਥਾਣੇ ਵਿੱਚ ਬਿਕਰਮ ਮਜੀਠੀਆ ਵਿਰੁੱਧ ਨਸ਼ਾ ਤਸਕਰੀ ਮਾਮਲੇ ਵਿੱਚ ਅਪਰਾਧਿਕ ਪਰਚਾ ਦਰਜ ਕੀਤਾ ਗਿਆ ਸੀ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …