
ਡਰੱਗ ਕੇਸ: ਰੂਪਨਗਰ ਜੇਲ੍ਹ ਵਿੱਚ ਬੰਦ ਸੋਹਾਣਾ ਵਾਸੀ ਦੀ ਸਰਕਾਰੀ ਹਸਪਤਾਲ ਵਿੱਚ ਮੌਤ
ਕਈ ਦਿਨਾਂ ਤੋਂ ਬੀਮਾਰ ਸੀ ਕੈਦੀ ਗੁਰਲਾਲ ਸਿੰਘ, ਪਰਿਵਾਰ ਨੇ ਪਿੰਡ ਸੋਹਾਣਾ ਵਿੱਚ ਕੀਤਾ ਅੰਤਿਮ ਸਸਕਾਰ
5 ਦਿਨ ਪਹਿਲਾਂ ਮ੍ਰਿਤਕ ਦੇ ਪਿਤਾ ਨੇ ਆਪਣੇ ਪੁੱਤ ਨਾਲ ਮੁਲਾਕਾਤ ਕਰਨ ਦੀ ਕੀਤੀ ਸੀ ਕੋਸ਼ਿਸ਼, ਨਹੀਂ ਦਿੱਤੀ ਇਜਾਜ਼ਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਾਰਚ:
ਇੱਥੋਂ ਦੇ ਇਤਿਹਾਸਕ ਨਗਰ ਸੋਹਾਣਾ ਦੇ ਵਸਨੀਕ ਗੁਰਲਾਲ ਸਿੰਘ ਦੀ ਸਰਕਾਰੀ ਹਸਪਤਾਲ ਵਿੱਚ ਇਲਾਜ ਦੌਰਾਨ ਭੇਦਭਰੀ ਮੌਤ ਹੋ ਗਈ। ਉਹ ਐਨਡੀਪੀਐਸ ਐਕਟ ਦੇ ਤਹਿਤ ਰੂਪਨਗਰ ਜੇਲ੍ਹ ਵਿੱਚ ਬੰਦ ਸੀ। ਅੱਜ ਪਰਿਵਾਰਕ ਮੈਂਬਰਾਂ ਅਤੇ ਹੋਰ ਸਾਕ ਸਬੰਧੀਆਂ ਵੱਲੋਂ ਉਸ ਦਾ ਸੋਹਾਣਾ ਵਿੱਚ ਅੰਤਿਮ ਸਸਕਾਰ ਕੀਤਾ ਗਿਆ। ਮ੍ਰਿਤਕ ਦੇ ਮਾਮਾ ਇੰਦਰਜੀਤ ਸਿੰਘ ਨੇ ਦੱਸਿਆ ਕਿ ਗੁਰਲਾਲ ਸਿੰਘ ਨੂੰ ਜਨਵਰੀ 2021 ਵਿੱਚ ਸੋਹਾਣਾ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀੇ ਪਹਿਲਾਂ ਉਹ ਨਾਭਾ ਜੇਲ੍ਹ ਵਿੱਚ ਰਿਹਾ ਪ੍ਰੰਤੂ ਬਾਅਦ ਵਿੱਚ ਉਸ ਨੂੰ ਰੂਪਨਗਰ ਜੇਲ੍ਹ ਸ਼ਿਫ਼ਟ ਕਰ ਦਿੱਤਾ। ਉਹ ਕੁਝ ਦਿਨਾਂ ਤੋਂ ਬੀਮਾਰ ਦੱਸਿਆ ਜਾ ਰਿਹਾ ਹੈ। ਪਰਿਵਾਰ ਦੇ ਮੈਂਬਰਾਂ ਨੇ ਗੁਰਲਾਲ ਦਾ ਕਿਸੇ ਨਾਮੀ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਕਰਵਾਉਣ ਦੀ ਆਗਿਆ ਵੀ ਮੰਗੀ ਗਈ ਸੀ ਪ੍ਰੰਤੂ ਜੇਲ੍ਹ ਪ੍ਰਸ਼ਾਸਨ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ।
ਮ੍ਰਿਤਕ ਦੇ ਚਾਚੇ ਨੇ ਦੱਸਿਆ ਕਿ ਪੰਜ ਕੁ ਦਿਨ ਪਹਿਲਾਂ ਗੁਰਲਾਲ ਦਾ ਪਿਤਾ ਆਪਣੇ ਪੁੱਤ ਨੂੰ ਮਿਲਣ ਲਈ ਰੂਪਨਗਰ ਜੇਲ੍ਹ ਗਿਆ ਸੀ ਪਰ ਅਧਿਕਾਰੀਆਂ ਨੇ ਉਸ ਦੀ ਗੁਰਲਾਲ ਨਾਲ ਮੁਲਾਕਾਤ ਨਹੀਂ ਦਿੱਤੀ। ਉਨ੍ਹਾਂ ਦੱਸਿਆ ਕਿ ਜੇਲ੍ਹ ਅਧਿਕਾਰੀਆਂ ਨੇ ਬੀਤੀ 25 ਮਾਰਚ ਨੂੰ ਗੁਰਲਾਲ ਦੀ ਤਬੀਅਤ ਖਰਾਬ ਹੋਣ ਕਾਰਨ ਉਸ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਲੰਘੀ ਰਾਤ ਉਸ ਦੀ ਮੌਤ ਹੋ ਗਈ।
ਉਧਰ, ਰੂਪਨਗਰ ਜੇਲ੍ਹ ਦੇ ਸੁਪਰਡੈਂਟ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਗੁਰਲਾਲ ਸਿੰਘ ਦੀ ਤਬੀਅਤ ਵਿਗੜ ਜਾਣ ਕਾਰਨ ਉਸ ਨੂੰ 25 ਮਾਰਚ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਵੱਲੋਂ ਪ੍ਰਾਈਵੇਟ ਇਲਾਜ ਕਰਵਾਉਣ ਦੀ ਇਜਾਜ਼ਤ ਨਾ ਦੇਣ ਬਾਰੇ ਉਨ੍ਹਾਂ ਕਿਹਾ ਕਿ ਜੇ ਕਿਸੇ ਕੈਦੀ ਦਾ ਉਸਦੇ ਪਰਿਵਾਰ ਨੇ ਪ੍ਰਾਈਵੇਟ ਇਲਾਜ ਕਰਵਾਉਣਾ ਹੁੰਦਾ ਹੈ ਤਾਂ ਉਸ ਦੀ ਉੱਚ ਅਧਿਕਾਰੀਆਂ ਤੋਂ ਪ੍ਰਵਾਨਗੀ ਲੈਣੀ ਪੈਂਦੀ ਹੈ। ਇਸ ਸਬੰਧੀ ਕਈ ਤਰ੍ਹਾਂ ਦੇ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ। ਇਸ ਸਬੰਧੀ ਜੇਲ੍ਹ ਪ੍ਰਸ਼ਾਸਨ ਵੱਲੋਂ ਮ੍ਰਿਤਕ ਕੈਦੀ ਦੇ ਪਰਿਵਾਰ ਤੋਂ ਲੋੜੀਂਦੇ ਦਸਤਾਵੇਜ਼ ਮੰਗੇ ਗਏ ਸੀ ਜੋ ਉਨ੍ਹਾਂ ਨੇ ਜਮ੍ਹਾਂ ਨਹੀਂ ਕਰਵਾਏ ਗਏ। ਇਸ ਦੌਰਾਨ ਕੈਦੀ ਦੀ ਤਬੀਅਤ ਜ਼ਿਆਦਾ ਖ਼ਰਾਬ ਹੋ ਗਈ ਅਤੇ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਉਸ ਦੀ ਮੌਤ ਹੋ ਗਈ।
ਇਸੇ ਦੌਰਾਨ ਰੂਪਨਗਰ ਜੇਲ੍ਹ ਵਿਚਲੇ ਸਰਕਾਰੀ ਹਸਪਤਾਲ ਦੇ ਇੰਚਾਰਜ ਡਾ. ਮੋਹਿਤ ਸ਼ਰਮਾ ਨੇ ਦੱਸਿਆ ਕਿ ਕੈਦੀ ਦੀ ਮੌਤ ਤੋਂ ਬਾਅਦ ਮੈਡੀਕਲ ਬੋਰਡ ਵੱਲੋਂ ਲਾਸ਼ ਦਾ ਪੋਸਟ ਮਾਰਟਮ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੈਦੀ ਇਕ ਖਾਸ ਬੀਮਾਰ ਤੋਂ ਪੀੜਤ ਸੀ। ਉਸ ਦੀ ਪੁਸ਼ਟੀ ਮਾਰਚ ਦੇ ਪਹਿਲੇ ਹੀ ਹਫ਼ਤੇ ਹੋਈ ਸੀ। ਉਨ੍ਹਾਂ ਦੱਸਿਆ ਕਿ ਗੁਰਲਾਲ ਦੀ ਮੌਤ ਸਬੰਧੀ ਵੱਖਵੱਖ ਪਹਿਲੂਆਂ ’ਤੇ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।