Nabaz-e-punjab.com

ਨਸ਼ਾ ਮੁਕਤ ਪੰਜਾਬ ਮੁਹਿੰਮ: ਜ਼ਿਲ੍ਹਾ ਮੁਹਾਲੀ ਨੇ ਡੈਪੋ ਤੇ ਬਡੀ ਪ੍ਰੋਗਰਾਮ ਸਬੰਧੀ ਪੁੱਟੀ ਨਵੀਂ ਪੁਲਾਂਘ

ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਵੱਡੀ ਗਿਣਤੀ ਨੌਜਵਾਨਾਂ ਨੇ ਨਸ਼ਿਆਂ ਖ਼ਿਲਾਫ਼ ਡਟਣ ਦਾ ਕੀਤਾ ਪ੍ਰਣ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਦਸੰਬਰ:
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਆਰੰਭੀ ਵਿਸ਼ੇਸ਼ ਨਸ਼ਾ ਵਿਰੋਧੀ ਮੁਹਿੰਮ ਤਹਿਤ ਚਲਾਏ ਜਾ ਰਹੇ ਡੈਪੋ ਤੇ ਬਡੀ ਪ੍ਰੋਗਰਾਮਾਂ ਸਬੰਧੀ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਨੇ ਨਵੀਂ ਪੁਲਾਂਘ ਪੁੱਟਦਿਆਂ ਨਸ਼ਿਆਂ ਦੀ ਲਤਾ ਦਾ ਸ਼ਿਕਾਰ ਹੋਏ ਨੌਜਵਾਨਾਂ ਨੂੰ ਸਮਾਜ ਸੇਵਾ ਅਤੇ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਪੜ੍ਹਾਉਣ ਦਾ ਬੀੜਾ ਚੁੱਕਿਆ ਹੈ।
ਇਸ ਸਬੰਧੀ ਇੱਥੋਂ ਦੇ ਸਰਕਾਰੀ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਸੈਕਟਰ-66 ਵਿੱਚ ਡੈਪੋ ਤੇ ਬਡੀ ਪ੍ਰੋਗਰਾਮਾਂ ਤਹਿਤ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਨਸ਼ਾ ਛੁਡਾਊ ਕੇਂਦਰ ਵਿੱਚ ਆਪਣਾ ਇਲਾਜ ਕਰਵਾ ਰਹੇ ਨੌਜਵਾਨਾਂ ਅਤੇ ਉਨ੍ਹਾਂ ਨੇ ਮਾਪਿਆਂ ਨੇ ਨਸ਼ਿਆਂ ਖ਼ਿਲਾਫ਼ ਜੰਗ ਵਿੱਚ ਡਟਣ ਦਾ ਪ੍ਰਣ ਕੀਤਾ। ਸਮਾਗਮ ਦੌਰਾਨ ਵੱਖ-ਵੱਖ ਗਾਇਕਾਂ, ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ। ਜਿਨ੍ਹਾਂ ਨੂੰ ਦੇਖ ਕਿ ਇਸ ਸੈਂਟਰ ਵਿੱਚ ਆਪਣਾ ਇਲਾਜ ਕਰਵਾ ਰਹੇ ਨੌਜਵਾਨਾਂ ਨੂੰ ਭਾਰੀ ਉਤਸ਼ਾਹ ਮਿਲਿਆ ਹੈ ਅਤੇ ਨਸ਼ਿਆਂ ਨੂੰ ਮਾਤ ਪਾਉਣ ਲਈ ਇਨ੍ਹਾਂ ਨੌਜਵਾਨਾਂ ਦੇ ਚਿਹਰਿਆਂ ’ਤੇ ਰੌਣਕ ਦੇਖਣ ਨੂੰ ਮਿਲੀ।
ਇਸ ਮੌਕੇ ਬੋਲਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਚਰਨਦੇਵ ਸਿੰਘ ਮਾਨ ਨੇ ਕਿਹਾ ਕਿ ਡੈਪੋ ਤੇ ਬਡੀ ਵਰਗੇ ਨਸ਼ਾ ਵਿਰੋਧੀ ਪ੍ਰੋਗਰਾਮ ਸ਼ੁਰੂ ਕਰਨ ਦਾ ਮੁੱਖ ਮੰਤਵ ਨਸ਼ਿਆਂ ਖ਼ਿਲਾਫ਼ ਸਮਾਜ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨਾ ਅਤੇ ਨਸ਼ਿਆਂ ਦੀ ਦਲ ਦਲ ਵਿੱਚ ਫਸੇ ਨੌਜਵਾਨਾਂ ਦੇ ਚਿਹਰਿਆਂ ’ਤੇ ਮੁੜ ਰੌਣਕ ਲਿਆ ਕੇ ਉਨ੍ਹਾਂ ਨੂੰ ਚੰਗੀ ਜ਼ਿੰਦਗੀ ਜਿਊਣ ਦੇ ਯੋਗ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਇੱਕ ਖ਼ਤਰਨਾਕ ਬਿਮਾਰੀ ਹੈ, ਜੋ ਪੰਜਾਬ ਦੀ ਜਵਾਨੀ ਨੂੰ ਘੁਣ ਵਾਂਗ ਖਾ ਰਿਹਾ ਹੈ ਪ੍ਰੰਤੂ ਅਜੋਕੇ ਸਮੇਂ ਵਿੱਚ ਸਰਕਾਰ ਨੇ ਨਸ਼ਿਆਂ ਦੇ ਇਲਾਜ ਲਈ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰਾਂ ਦੇ ਨਾਲ-ਨਾਲ ਓਟ ਕਲੀਨਿਕ ਵੀ ਖੋਲ੍ਹੇ ਗਏ ਹਨ।
ਇਸ ਤੋਂ ਪਹਿਲਾਂ ਪੀਜੀਆਈ ਚੰਡੀਗੜ੍ਹ ਦੇ ਡਾ. ਧਰਮਵੀਰ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਸ਼ਾ ਪੀੜਤ ਮਰੀਜ਼ਾਂ ਨੂੰ ਕਮਰਿਆਂ ਵਿੱਚ ਡੱਕ ਕੇ ਸਿਰਫ਼ ਦਵਾਈ ਦੇਣ ਨਾਲ ਉਨ੍ਹਾਂ ਦਾ ਇਲਾਜ ਨਹੀਂ ਕੀਤਾ ਜਾ ਸਕਦਾ, ਸਗੋਂ ਉਨ੍ਹਾਂ ਨੂੰ ਖੁੱਲ੍ਹੇ ਮਾਹੌਲ ਵਿੱਚ ਵੱਖ-ਵੱਖ ਗਤੀਵਿਧੀਆਂ ਨਾਲ ਜੋੜਨਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਪੀੜਤ ਨੌਜਵਾਨਾਂ ਦੀ ਸੁਣਨ ਸਮਰੱਥਾ ਅਤੇ ਬੋਲਾਂ ਤੋਂ ਉਨ੍ਹਾਂ ਦੀ ਅਸਲ ਹਾਲਤ ਬਾਰੇ ਜਾਣਕਾਰੀ ਹਾਸਲ ਕਰਨ ਵਿੱਚ ਬਹੁਤ ਮਦਦ ਮਿਲਦੀ ਹੈ। ਇਸ ਲਈ ਜਦੋਂ ਵੀ ਕੋਈ ਮਰੀਜ਼ ਨਸ਼ਿਆਂ ਦੇ ਇਲਾਜ ਲਈ ਆਵੇ ਤਾਂ ਉਸ ਦੀ ਸੁਣਨ ਸਮਰੱਥਾ ਅਤੇ ਬੋਲਣ ਸਬੰਧੀ ਸਕਰੀਨਿੰਗ ਜ਼ਰੂਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਸ਼ਾ ਪੀੜਤਾਂ ਦੇ ਇਲਾਜ ਤੇ ਮੁੜ ਤੋਂ ਆਮ ਜ਼ਿੰਦਗੀ ਜਿਊਣ ਦੇ ਕਾਬਲ ਬਣਾਉਣ ਲਈ ਵੱਡੀ ਗਿਣਤੀ ਸਕੀਮਾਂ ਅਤੇ ਸੰਸਥਾਵਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ।
ਮਨੋਵਿਗਿਆਨੀ ਡਾ. ਪੂਜਾ ਗਰਗ ਨੇ ਕਿਹਾ ਕਿ ਬੱਚਿਆਂ ਤੱਕ ਨਸ਼ਿਆਂ ਦਾ ਪਹੁੰਚਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਪਾਸੇ ਸਮਾਜ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਈ ਲੋਕ ਨਸ਼ੇ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਸਕਾਰਾਤਮਿਕ ਮੰਨ ਲੈਂਦੇ ਹਨ ਪਰ ਅਸਲ ਵਿੱਚ ਇਹ ਕਿਸੇ ਵੀ ਪੱਖ ਤੋਂ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰਾਂ ਵਿੱਚ ਸਭ ਤੋਂ ਪਹਿਲਾਂ ਮਰੀਜ਼ਾਂ ਦੀ ਮਨੋਵਿਗਿਆਨਕ ਜਾਂਚ ਕੀਤੀ ਜਾਂਦੀ ਹੈ, ਉਸ ਉਪਰੰਤ ਇਲਾਜ ਸਬੰਧੀ ਅਗਲੇ ਕਦਮ ਚੁੱਕੇ ਜਾਂਦੇ ਹਨ। ਸਮਾਗਮ ਦੌਰਾਨ ਇਸ ਨਸ਼ਾ ਛੁਡਾਊ ਕੇਂਦਰ ਵਿੱਚ ਇਲਾਜ ਕਰਵਾ ਰਹੇ ਨਸ਼ਾ ਪੀੜਤਾਂ ਨੇ ਪੰਜਾਬੀ ਗਾਇਕ ਸ਼ਿਵਜੋਤ ਅਤੇ ਸੰਦੀਪ ਬਰਾੜ ਦੇ ਗੀਤਾਂ ’ਤੇ ਰੱਜ ਕੇ ਭੰਗੜਾ ਪਾਇਆ।
ਇਸ ਮੌਕੇ ਐਸਐਸਪੀ ਕੁਲਦੀਪ ਸਿੰਘ ਚਾਹਲ, ਸਹਾਇਕ ਕਮਿਸ਼ਨਰ (ਜਨਰਲ) ਯਸ਼ਪਾਲ ਸ਼ਰਮਾ, ਐਸਪੀ ਗੁਰਸੇਵਕ ਸਿੰਘ ਬਰਾੜ, ਮੁਹਾਲੀ ਦੇ ਐਸਡੀਐਮ ਜਗਦੀਪ ਸਹਿਗਲ, ਸਿਵਲ ਸਰਜਨ ਡਾ. ਰੀਟਾ ਭਾਰਦਵਾਜ, ਤਹਿਸੀਲਦਾਰ ਸੁਖਪਿੰਦਰ ਕੌਰ ਸਮੇਤ ਵੱਖ-ਵੱਖ ਵਿਭਾਗਾਂ ਦੇ ਵੱਡੀ ਗਿਣਤੀ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…