Nabaz-e-punjab.com

ਡਰੱਗ ਤਸਕਰੀ ਕੇਸ: ਸੀਬੀਆਈ ਅਦਾਲਤ ਵੱਲੋਂ ਬਰਖ਼ਾਸਤ ਡੀਐਸਪੀ ਜਗਦੀਸ਼ ਭੋਲਾ ਤੇ ਹੋਰਨਾਂ ਨੂੰ 12 ਸਾਲ ਦੀ ਕੈਦ

ਦੋਸ਼ੀ ਅਨੂਪ ਸਿੰਘ ਕਾਹਲੋਂ ਨੂੰ 15 ਸਾਲ ਤੇ ਬਾਕੀ ਦੋਸ਼ੀਆਂ ਨੂੰ ਵੱਖ ਵੱਖ ਮਾਮਲਿਆਂ ਵਿੱਚ 10 ਤੋਂ 12 ਸਾਲ ਦੀ ਕੈਦ

ਬਿੱਟੂ ਅੌਲਖ ਤੇ ਪਰਮਜੀਤ ਚਾਹਲ ਨੂੰ ਸਾਰੇ ਦੋਸ਼ਾਂ ਤੋਂ ਬਰੀ, 2 ਕੇਸਾਂ ’ਚ ਭੋਲਾ ਸਣੇ ਸਾਰੇ ਮੁਲਜ਼ਮ ਬਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਫਰਵਰੀ:
ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਪੰਜਾਬ ਦੇ ਬਹੁ-ਚਰਚਿਤ ਡਰੱਗ ਤਸਕਰੀ ਕੇਸਾਂ (7 ਕੇਸਾਂ) ਦਾ ਨਿਬੇੜਾ ਕਰਦਿਆਂ ਪੰਜਾਬ ਪੁਲੀਸ ਦੇ ਬਰਖ਼ਾਸਤ ਡੀਐਸਪੀ ਅਤੇ ਕੌਮਾਂਤਰੀ ਪਹਿਲਵਾਨ ਜਗਦੀਸ਼ ਭੋਲਾ ਨੂੰ ਦੋਸ਼ੀ ਕਰਾਰ ਦਿੰਦਿਆਂ ਇੱਕ ਕੇਸ ਵਿੱਚ 12 ਸਾਲ ਅਤੇ ਹੋਰ ਵੱਖ ਵੱਖ ਕੇਸਾਂ ਵਿੱਚ 10-10 ਸਾਲ ਦੀ ਕੈਦ ਦੀ ਸਜਾ ਸੁਣਾਈ ਹੈ, ਇੱਕ ਕੇਸ ਵਿੱਚ ਦੋ ਸਾਲ ਦੀ ਸਜ਼ਾ ਸੁਣਾਈ ਗਈ ਹੈ। ਜਦੋਂਕਿ ਦੋ ਕੇਸਾਂ ਵਿੱਚ ਭੋਲਾ ਸਣੇ ਸਾਰੇ ਮੁਲਜ਼ਮਾਂ ਨੂੰ ਬਰੀ ਕੀਤਾ ਗਿਆ ਹੈ। ਨਸ਼ਾ ਤਸਕਰੀ ਦੇ ਇੱਕ ਕੇਸ ਨੂੰ ਪੈਂਡਿੰਗ ਰੱਖਿਆ ਗਿਆ ਹੈ।
ਉਕਤ ਮਾਮਲਿਆਂ ਦੀ ਸੁਣਵਾਈ ਸੀਬੀਆਈ ਦੇ ਵਿਸ਼ੇਸ਼ ਜੱਜ ਐਨ.ਐਸ. ਗਿੱਲ ਦੀ ਅਦਾਲਤ ਵਿੱਚ ਹੋਈ। ਭੋਲਾ ਸਣੇ ਸਾਰੇ ਦੋਸ਼ੀਆਂ ਨੂੰ ਪੁਲੀਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਦੇ ਬਾਹਰ ਵੀ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਸੀ। ਉਧਰ, ਬਿੱਟੂ ਅੌਲਖ ਤੇ ਪਰਮਜੀਤ ਚਾਹਲ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਹੈ। ਐਫ਼ਆਈਆਰ ਨੰਬਰ-92 ਅਤੇ ਐਫ਼ਆਈਆਰ ਨੰਬਰ-50 ਵਿੱਚ ਸਬੂਤਾਂ ਦੀ ਘਾਟ ਦੇ ਚੱਲਦਿਆਂ ਜਗਦੀਸ਼ ਭੋਲਾ ਸਮੇਤ ਸਾਰੇ ਮੁਲਜ਼ਮ ਬਰੀ ਕੀਤੇ ਗਏ ਹਨ। ਇਸ ਕੇਸ ਵਿੱਚ ਪੁਲੀਸ ਮੁਲਜ਼ਮਾਂ ਦੇ ਖ਼ਿਲਾਫ਼ ਕੋਈ ਠੋਸ ਸਬੂਤ ਪੇਸ਼ ਨਹੀਂ ਕਰ ਸਕੀ। ਉਕਤ ਸਾਰੇ ਕੇਸ ਪੰਜਾਬ ਪੁਲੀਸ ਵੱਲੋਂ ਵੱਖ ਵੱਖ ਥਾਣਿਆਂ ਵਿੱਚ ਦਰਜ ਕੀਤੇ ਗਏ ਸੀ ਜਦੋਂਕਿ ਈਡੀ ਵੱਲੋਂ ਦਰਜ ਵੱਖਰੇ ਕੇਸ ਦੀ ਸੁਣਵਾਈ ਸੀਬੀਆਈ ਅਦਾਲਤ ਵਿੱਚ ਜਾਰੀ ਰਹੇਗੀ। ਜਗਦੀਸ਼ ਭੋਲਾ ਦੇ ਵਕੀਲਾਂ ਨੇ ਕਿਹਾ ਕਿ ਸੀਬੀਆਈ ਅਦਾਲਤ ਦੇ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਜਾਵੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਬਨੂੜ ਥਾਣੇ ਵਿੱਚ 2013 ਵਿੱਚ ਐਫਆਈਆਰ ਨੰਬਰ-56 ਵਿੱਚ ਜਗਦੀਸ਼ ਭੋਲਾ, ਸਤਿੰਦਰ ਸਿੰਘ ਧਾਮਾ, ਜਗਜੀਤ ਸਿੰਘ ਚਾਹਲ, ਸਰਬਜੀਤ ਸਿੰਘ ਸਾਬਾ, ਬਲਜਿੰਦਰ ਸਿੰਘ ਸੋਨੂੰ ਨੂੰ 10-10 ਸਾਲ ਦੀ ਕੈਦ, ਫਤਹਿਗੜ੍ਹ ਸਾਹਿਬ ਵਿੱਚ ਦਰਜ ਐਫ਼ਆਈਆਰ ਨੰਬਰ-69 ਵਿੱਚ ਦਵਿੰਦਰ ਸਿੰਘ ਤੇ ਸੁਰੇਸ਼ ਕੁਮਾਰ ਨੂੰ 12-12 ਸਾਲ ਦੀ ਕੈਦ ਅਤੇ 1-1 ਲੱਖ ਰੁਪਏ ਜੁਰਮਾਨਾ ਅਤੇ ਦੋਸ਼ੀ ਬਸਾਵਾ ਸਿੰਘ ਤੇ ਸੁਖਜੀਤ ਸਿੰਘ, ਸਚਿਨ ਸਰਦਾਨਾ ਨੂੰ 10-10 ਸਾਲ ਦੀ ਕੈਦ ਅਤੇ 1-1 ਲੱਖ ਰੁਪਏ ਜੁਰਮਾਨਾ, ਜਦੋਂਕਿ ਜਗਦੀਸ਼ ਭੋਲਾ ਨੂੰ ਦੋ ਸਾਲ ਦੀ ਕੈਦ ਅਤੇ 10 ਹਜ਼ਾਰ ਜੁਰਮਾਨਾ, ਗੁਰਜੀਤ ਸਿੰਘ ਨੂੰ ਇੱਕ ਸਾਲ ਦੀ ਕੈਦ ਅਤੇ 20 ਹਜ਼ਾਰ ਜੁਰਮਾਨਾ, ਦਵਿੰਦਰ ਸ਼ਰਮਾ ਨੂੰ ਇੱਕ ਸਾਲ ਦੀ ਕੈਦ ਤੇ 5 ਹਜ਼ਾਰ ਜੁਰਮਾਨਾ, ਰਾਕੇਸ਼ ਸਾਧੂ ਤੇ ਦੇਵਰਾਜ ਬਹਿਲ ਨੂੰ 2-2 ਸਾਲ ਦੀ ਕੈਦ ਅਤੇ 30-30 ਹਜ਼ਾਰ ਰੁਪਏ ਜੁਰਮਾਨਾ।
ਇਸੇ ਤਰ੍ਹਾਂ ਮੰਡੀ ਗੋਬਿੰਦਗੜ੍ਹ ਵਿੱਚ ਦਰਜ ਐਫ਼ਆਈਆਰ ਨੰਬਰ-69 ਵਿੱਚ ਵਿੱਚ ਮਨਪ੍ਰੀਤ ਸਿੰਘ 12 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨਾ, ਗੱਬਰ ਸਿੰਘ ਨੂੰ 10 ਸਾਲ ਦੀ ਕੈਦ ਤੇ 1 ਲੱਖ ਰੁਪਏ ਜੁਰਮਾਨਾ। ਸਰਹਿੰਦ ਥਾਣੇ ਵਿੱਚ ਦਰਜ ਐਫ਼ਆਈਆਰ ਨੰਬਰ-42 ਵਿੱਚ ਹਰਪ੍ਰੀਤ ਸਿੰਘ ਨੂੰ ਇੱਕ ਸਾਲ ਦੀ ਕੈਦ ਤੇ 5 ਹਜ਼ਾਰ ਰੁਪਏ ਜੁਰਮਾਨਾ, ਕੁਲਬੀਰ ਸਿੰਘ ਨੂੰ ਦੋ ਸਾਲ ਦੀ ਕੈਦ ਤੇ 10 ਹਜ਼ਾਰ ਜੁਰਮਾਨਾ। ਫਤਹਿਗੜ੍ਹ ਸਾਹਿਬ ਵਿੱਚ ਦਰਜ ਐਫ਼ਆਈਆਰ ਨੰਬਰ-45 ਵਿੱਚ ਦੋਸ਼ੀ ਅਨੂਪ ਸਿੰਘ ਕਾਹਲੋਂ ਨੂੰ 15 ਸਾਲ ਅਤੇ 10 ਸਾਲ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ ਹਨ। ਇੰਝ ਹੀ ਕੁਲਵਿੰਦਰ ਸਿੰਘ ਨੂੰ 10 ਸਾਲ, 12 ਸਾਲ ਅਤੇ 2 ਸਾਲ ਦੀਆਂ ਤਿੰਨ ਸਜ਼ਾਵਾਂ, ਸਤਿੰਦਰ ਸਿੰਘ ਧਾਮਾ ਨੂੰ 15 ਸਾਲ ਅਤੇ ਇੱਕ ਸਾਲ ਦੀਆਂ ਦੋ ਸਜ਼ਾਵਾਂ ਦਿੱਤੀਆਂ ਗਈਆਂ ਹਨ। ਜਗਦੀਸ਼ ਸਿੰਘ ਨੂੰ 10 ਸਾਲ ਅਤੇ 12 ਸਾਲ ਦੀਆਂ ਦੋ ਸਜ਼ਾਵਾਂ ਸੁਣਾਈਆਂ ਹਨ। ਉਕਤ ਸਾਰੇ ਦੋਸ਼ੀ ਇਕੱਠੀਆਂ ਸਜ਼ਾਵਾਂ ਭੁਗਤਣਗੇ। ਜਦੋਂਕਿ ਇਸ ਮਾਮਲੇ ’ਚ ਨਾਮਜ਼ਦ ਕੁਲਦੀਪ ਸਿੰਘ ਅਤੇ ਸੰਦੀਪ ਠਾਕਰ ਨੂੰ 1-1 ਸਾਲ ਦੀ ਸਜ਼ਾ ਸੁਣਾਈ ਗਈ ਹੈ।
(ਬਾਕਸ ਆਈਟਮ)
ਉਧਰ, ਇੰਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਜਗਦੀਸ਼ ਭੋਲਾ ਤੇ ਹੋਰਨਾਂ ਖ਼ਿਲਾਫ਼ ਦਰਜ ਵੱਖਰੇ ਕੇਸ ਦੀ ਸੁਣਵਾਈ ਸੀਬੀਆਈ ਅਦਾਲਤ ਵਿੱਚ ਜਾਰੀ ਰਹੇਗੀ। ਇਸ ਮਾਮਲੇ ਇੱਕ ਡਾਇਰੀ ਵਿੱਚ ਦਰਜ ਐਂਟਰੀਆਂ ਦੇ ਆਧਾਰ ’ਤੇ ਸਾਬਕਾ ਅਕਾਲੀ ਮੰਤਰੀ ਸਰਵਨ ਸਿੰਘ ਫਿਲੌਰ, ਉਸਦੇ ਪੁੱਤਰ ਦਮਨਬੀਰ ਸਿੰਘ ਫਿਲੌਰ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਅਵਿਨਾਸ਼ ਚੰਦਰ ਨੂੰ ਨਾਮਜ਼ਦ ਕੀਤਾ ਗਿਆ ਹੈ। ਹਾਲਾਂਕਿ ਇਸ ਮਾਮਲੇ ਵਿੱਚ ਵੀ ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ ਕੀਤੇ ਜਾ ਚੁੱਕੇ ਹਨ, ਪ੍ਰੰਤੂ ਪਿੱਛੇ ਜਿਹੇ ਸੁਪਰੀਮ ਕੋਰਟ ਨੇ ਸਾਬਕਾ ਮੰਤਰੀ ਸਰਵਨ ਸਿੰਘ ਫਿਲੌਰ ਦੇ ਮਾਮਲੇ ਵਿੱਚ ਈਡੀ ਦੀ ਸੁਣਵਾਈ ’ਤੇ ਰੋਕ ਲਗਾ ਦਿੱਤੀ ਗਈ ਹੈ।

Load More Related Articles

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …