
ਨਸ਼ਾ ਤਸਕਰੀ: ਜ਼ਿਲ੍ਹਾ ਸੀਆਈਏ ਸਟਾਫ਼ ਵੱਲੋਂ 1 ਕਿੱਲੋ ਹੈਰੋਇਨ ਸਣੇ ਟੈਕਸੀ ਚਾਲਕ ਤੇ ਸਾਥੀ ਗ੍ਰਿਫ਼ਤਾਰ
ਮੁਲਜ਼ਮਾਂ ਕੋਲੋਂ ਇਕ ਦੇਸੀ ਪਿਸਤੌਲ ਤੇ 3 ਜ਼ਿੰਦਾ; ਕਾਰਤੂਸ ਬਰਾਮਦ, ਦਿੱਲੀ ’ਚੋਂ ਨਾਇਜੀਰੀਅਨਾਂ ਤੋਂ ਲਿਆਉਂਦੇ ਸੀ ਚਿੱਟਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਅਪਰੈਲ:
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਦੇ ਤਹਿਤ ਦੋ ਨਸ਼ਾ ਤਸਕਰਾਂ ਨੂੰ 1 ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਕੋਲੋਂ ਇਕ ਦੇਸੀ ਪਿਸਤੌਲ ਅਤੇ ਤਿੰਨ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਇਸ ਗੱਲ ਦਾ ਖੁਲਾਸਾ ਮੁਹਾਲੀ ਦੇ ਐਸਐਸਪੀ ਸਤਿੰਦਰ ਸਿੰਘ ਨੇ ਕੀਤਾ। ਉਨ੍ਹਾਂ ਦੱਸਿਆ ਕਿ ਐਸਪੀ (ਡੀ) ਹਰਮਨਦੀਪ ਸਿੰਘ ਹਾਂਸ, ਡੀਐਸਪੀ (ਡੀ) ਗੁਰਚਰਨ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਗੁਰਮੇਲ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਮੁਲਜ਼ਮ ਮੋਹਸੀਨ ਅੰਸਾਰੀ ਉਰਫ਼ ਮਿਅੰਕ ਅਤੇ ਰਾਹੁਲ ਸ਼ਰਮਾ ਉਰਫ਼ ਰਾਜ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੇ ਖ਼ਿਲਾਫ਼ ਐਨਡੀਪੀਐਸ ਅਤੇ ਅਸਲਾ ਐਕਟ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਐਸਐਸਪੀ ਨੇ ਦੱਸਿਆ ਕਿ ਜ਼ਿਲ੍ਹਾ ਸੀਆਈਏ ਸਟਾਫ਼ ਨੂੰ ਇਤਲਾਹ ਮਿਲੀ ਸੀ ਕਿ ਮੋਹਸ਼ੀਨ ਅੰਸਾਰੀ ਅਤੇ ਰਾਹੁਲ ਸ਼ਰਮਾ ਮਹਿੰਦਰਾ ਗੱਡੀ ਵਿੱਚ ਸਵਾਰ ਹੋ ਕੇ ਮੁਹਾਲੀ ਅਤੇ ਖਰੜ ਇਲਾਕੇ ਵਿੱਚ ਆਪਣੇ ਪੱਕੇ ਗਾਹਕਾਂ ਨੂੰ ਹੈਰੋਇਨ ਸਪਲਾਈ ਕਰਨ ਲਈ ਆ ਰਹੇ ਹਨ। ਸੂਚਨਾ ਮਿਲਣ ’ਤੇ ਪੁਲੀਸ ਨੇ ਖਾਨਪੁਰ ਟੀ ਪੁਆਇੰਟ ’ਤੇ ਨਾਕਾਬੰਦੀ ਦੌਰਾਨ ਇਕ ਮਹਿੰਦਰਾ ਗੱਡੀ ਨੂੰ ਸ਼ੱਕ ਕੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਗੱਡੀ ’ਚੋਂ 1 ਕਿੱਲੋ ਹੈਰੋਇਨ, ਇਕ ਦੇਸੀ ਪਿਸਤੌਲ ਅਤੇ 3 ਕਾਰਤੂਸ ਬਰਾਮਦ ਕੀਤੇ ਗਏ।
ਐਸਐਸਪੀ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਵਿੱਚ ਮੁਲਜ਼ਮਾਂ ਨੇ ਦੱਸਿਆ ਉਹ ਦਿੱਲੀ ਤੋਂ ਨਾਇਜੀਰੀਅਨਾਂ ਕੋਲੋਂ ਹੈਰੋਇਨ ਖ਼ਰੀਦ ਕੇ ਲਿਆਉਂਦੇ ਹਨ ਅਤੇ ਮੁਹਾਲੀ ਇਲਾਕੇ ਵਿੱਚ ਆਪਣੇ ਗਾਹਕਾਂ ਨੂੰ ਵੇਚਦੇ ਸੀ। ਮੁਲਜ਼ਮਾਂ ਨੇ ਇਹ ਵੀ ਦੱਸਿਆ ਕਿ ਮਹੀਨੇ ਵਿੱਚ 2-3 ਵਾਰ ਦਿੱਲੀ ਤੋਂ ਹੈਰੋਇਨ ਲੈ ਕੇ ਆਉਂਦੇ ਸੀ। ਮੁਲਜ਼ਮ ਮੋਹਸੀਨ ਅੰਸਾਰੀ ਵਾਸੀ ਮੇਹੁਵਾਲਾ ਮਾਫ਼ੀ (ਉੱਤਰਾਖੰਡ) ਹਾਲ ਵਾਸੀ ਜ਼ੀਰਕਪੁਰ ਟੈਕਸੀ ਗੱਡੀ ਚਲਾਉਂਦਾ ਹੈ ਅਤੇ ਆਪਣੇ ਸਾਥੀ ਰਾਹੁਲ ਸ਼ਰਮਾ ਵਾਸੀ ਅਭੈਪੁਰ (ਹਰਿਆਣਾ) ਨਾਲ ਮਿਲ ਕੇ ਦਿੱਲੀ ਤੋਂ ਹੈਰੋਇਨ ਲੈ ਕੇ ਆਇਆ ਹੈ। ਰਾਹੁਲ ਜਮੈਟੋ ਵਿੱਚ ਖਾਣੇ ਦੀ ਡਿਲਿਵਰੀ ਦਾ ਕੰਮ ਕਰਦਾ ਸੀ ਅਤੇ ਪਾਰਟੀਆਂ ਵਿੱਚ ਵੀ ਬਾਰ ਮੈਨ ਦਾ ਕੰਮ ਕਰਦਾ ਸੀ। ਇਸ ਦੌਰਾਨ ਉਸ ਦੀ ਮੁਲਾਕਾਤ ਚਿੱਟੇ ਦਾ ਨਸ਼ਾ ਕਰਨ ਵਾਲੇ ਨੌਜਵਾਨਾਂ ਨਾਲ ਹੁੰਦੀ ਰਹਿੰਦੀ ਸੀ। ਬਾਅਦ ਵਿੱਚ ਉਹ ਨੌਜਵਾਨਾਂ ਨੂੰ ਖ਼ੁਦ ਵੀ ਨਸ਼ਾ ਸਪਲਾਈ ਕਰਨ ਲੱਗ ਪਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਖਰੜ ਸਿਟੀ ਥਾਣੇ ਵਿੱਚ ਪਰਚਾ ਦਰਜ ਕੀਤਾ ਗਿਆ ਹੈ ਅਤੇ ਪੁੱਛਗਿੱਛ ਦੌਰਾਨ ਨਸ਼ਾ ਤਸਕਰੀ ਬਾਰੇ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।