
ਨਸ਼ਾ ਤਸਕਰੀ: ਮੁਹਾਲੀ ਪੁਲੀਸ ਨੇ ਚਿੱਟੇ ਸਮੇਤ ਨੌਜਵਾਨ ਗ੍ਰਿਫ਼ਤਾਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜੂਨ
ਮੁਹਾਲੀ ਪੁਲੀਸ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਹਰਵਿੰਦਰ ਸਿੰਘ ਵਾਸੀ ਕੁੰਭੜਾ ਨੂੰ ਨਸ਼ੀਲੇ ਪਦਾਰਥ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਤਲਾਸ਼ੀ ਦੌਰਾਨ ਮੁਲਜ਼ਮ ਨੌਜਵਾਨ ਕੋਲੋਂ 20 ਗਰਾਮ ਹੈਰੋਇਨ/ਚਿੱਟਾ, ਇੱਕ ਕੰਪਿਊਟਰ ਕੰਡਾ, 10 ਮੋਮੀ ਕਾਗਜ਼ ਦੀਆਂ ਲਿਫ਼ਾਫ਼ੀਆਂ ਅਤੇ ਇੱਕ ਮੋਬਾਇਲ ਫੋਨ ਬਰਾਮਦ ਕੀਤਾ ਗਿਆ ਹੈ। ਮੁਲਜ਼ਮ ਦੇ ਖ਼ਿਲਾਫ਼ ਸੈਂਟਰਲ ਥਾਣਾ ਫੇਜ਼-8 ਵਿੱਚ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਰੋਜ਼ਾਨਾ ਹੀ ਬਾਲਮੀਕ ਮੰਦਰ ਨੇੜੇ ਪਾਰਕ ਵਿੱਚ ਆ ਕੇ ਖੜ ਜਾਂਦਾ ਸੀ, ਜਿੱਥੋਂ ਉਹ ਆਪਣੇ ਪੱਕੇ ਗਾਹਕਾਂ ਨੂੰ ਮੋਮੀ ਕਾਗਜ ਦੀਆਂ ਪੁੜੀਆਂ ਵਿੱਚ ਚਿੱਟਾ ਵੇਚਦਾ ਸੀ। ਕੁੰਭੜਾ ਦੇ ਪੀਜੀ ਵਿੱਚ ਨਸ਼ੀਲੇ ਪਦਾਰਥ ਵੇਚਣ ਦਾ ਧੰਦਾ ਚੱਲਣ ਬਾਰੇ ਵੀ ਕਿਹਾ ਜਾ ਰਿਹਾ ਹੈ।
ਡੀਐਸਪੀ (ਸਿਟੀ-2) ਸੁਖਜੀਤ ਸਿੰਘ ਵਿਰਕ ਨੇ ਦੱਸਿਆ ਕਿ ਥਾਣਾ ਮੁਖੀ ਇੰਸਪੈਕਟਰ ਰਾਜੇਸ਼ ਕੁਮਾਰ ਅਰੋੜਾ ਦੀ ਅਗਵਾਈ ਹੇਠ ਨਸ਼ਾ ਤਸਕਰਾਂ, ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਲਈ ਕੁੰਭੜਾ ਟੀ-ਪੁਆਇੰਟ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲੀਸ ਨੂੰ ਇੱਕ ਮੋਨਾ ਵਿਅਕਤੀ ਪਿੰਡ ਕੁੰਭੜਾ ਵਾਲੇ ਪਾਸਿਓਂ ਪੈਦਲ ਤੁਰਿਆ ਆਉਂਦਾ ਦਿਖਾਈ ਦਿੱਤਾ ਜੋ ਰਸਤੇ ਵਿੱਚ ਪੁਲੀਸ ਨੂੰ ਖੜੀ ਦੇਖ ਕੇ ਘਬਰਾ ਗਿਆ ਅਤੇ ਪਿੱਛੇ ਮੁੜਨ ਦੀ ਕੋਸ਼ਿਸ਼ ਕੀਤੀ। ਸ਼ੱਕ ਹੋਣ ’ਤੇ ਥਾਣੇਦਾਰ ਭੁਪਿੰਦਰ ਸਿੰਘ ਨੇ ਉਸ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਨੌਜਵਾਨ ਨੇ ਆਣਾ ਨਾਮ ਹਰਵਿੰਦਰ ਸਿੰਘ ਵਾਸੀ ਪਿੰਡ ਕੁੰਭੜਾ ਦੱਸਿਆ। ਜਿਸ ਕੋਲੋਂ 20 ਗਰਾਮ ਹੈਰੋਇਨ/ਚਿੱਟਾ, ਇੱਕ ਕੰਪਿਊਟਰ ਕੰਡਾ, 10 ਮੋਮੀ ਲਿਫ਼ਾਫ਼ੀਆਂ ਅਤੇ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਅਧਿਕਾਰੀ ਥਾਣੇਦਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੌਜਵਾਨ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਰੂਪਨਗਰ ਜੇਲ੍ਹ ਭੇਜ ਦਿੱਤਾ। ਇਸ ਤੋਂ ਪਹਿਲਾਂ ਉਸ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ।