Share on Facebook Share on Twitter Share on Google+ Share on Pinterest Share on Linkedin ਡਰੱਗ ਤਸਕਰੀ ਕੇਸ: ਮੁਲਜ਼ਮ ਜਗਦੀਸ਼ ਭੋਲਾ ਵੱਲੋਂ ਮੁਹਾਲੀ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ ਜ਼ਿਲ੍ਹਾ ਅਦਾਲਤ ਵੱਲੋਂ ਪੰਜਾਬ ਪੁਲੀਸ ਨੂੰ ਨੋਟਿਸ ਜਾਰੀ, ਅਗਲੀ ਸੁਣਵਾਈ 10 ਮਾਰਚ ਨੂੰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਮਾਰਚ: ਪੰਜਾਬ ਦੇ ਬਹੁ-ਚਰਚਿਤ ਡਰੱਗ ਤਸਕਰੀ ਮਾਮਲੇ ਵਿੱਚ ਨਾਮਜ਼ਦ ਸਾਬਕਾ ਕੌਮਾਂਤਰੀ ਪਹਿਲਵਾਨ ਅਤੇ ਬਰਖ਼ਾਸਤ ਡੀਐਸਪੀ ਜਗਦੀਸ਼ ਸਿੰਘ ਉਰਫ਼ ਭੋਲਾ ਨੇ ਮੁਹਾਲੀ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਹੈ। ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਮੈਡਮ ਆਂਸਲ ਬੇਰੀ ਨੇ ਇਸ ਸਬੰਧੀ ਪੰਜਾਬ ਪੁਲੀਸ ਨੂੰ ਨੋਟਿਸ ਜਾਰੀ ਕਰਕੇ 10 ਮਾਰਚ ਤੱਕ ਆਪਣਾ ਜਵਾਬ ਦਾਇਰ ਕਰਨ ਲਈ ਆਖਿਆ ਹੈ। ਭੋਲੇ ਨੇ ਪਹਿਲੀ ਵਾਰ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਹੈ। ਇਸ ਤੋਂ ਪਹਿਲਾਂ ਮੁਲਜ਼ਮ ਨੇ ਕਦੇ ਵੀ ਜ਼ਮਾਨਤ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਜਗਦੀਸ਼ ਭੋਲਾ ਨੂੰ ਹੁਕਮਰਾਨਾਂ ਤੋਂ ਕਥਿਤ ਤੌਰ ’ਤੇ ਜਾਨ ਨੂੰ ਖ਼ਤਰਾ ਹੈ। ਕਿਉਂਕਿ ਉਹ ਗ੍ਰਿਫ਼ਤਾਰੀ ਤੋਂ ਬਾਅਦ ਬਾਦਲ ਵਜ਼ਾਰਤ ਦੇ ਕਈ ਕੈਬਨਿਟ ਮੰਤਰੀਆਂ ਅਤੇ ਸੀਨੀਅਰ ਆਗੂਆਂ ਦਾ ਨਸ਼ੇ ਦੀ ਤਸਕਰੀ ਵਿੱਚ ਸ਼ਾਮਲ ਹੋਣ ਬਾਰੇ ਜਨਤਕ ਤੌਰ ’ਤੇ ਨਾਂਅ ਲੈ ਚੁੱਕਾ ਹੈ। ਜਾਣਕਾਰੀ ਅਨੁਸਾਰ ਜਗਦੀਸ਼ ਭੋਲਾ ਤੇ ਸਾਥੀਆਂ ਨੂੰ ਇਕ ਸਾਂਝੇ ਅਪਰੇਸ਼ਨ ਤਹਿਤ 11 ਨਵੰਬਰ 2013 ਨੂੰ ਬਨੂੜ ਅਤੇ ਪਟਿਆਲਾ ਪੁਲੀਸ ਵੱਲੋਂ ਨਵੀਂ ਦਿੱਲੀ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਨੇ ਮੁਲਜ਼ਮਾਂ ਕੋਲੋਂ 18 ਕਰੋੜ ਰੁਪਏ ਦੀਆਂ ਨਸ਼ੀਲੀਆਂ ਵਸਤੂਆਂ ਬਰਾਮਦ ਕਰਨ ਦਾ ਵੀ ਦਾਅਵਾ ਕੀਤਾ ਸੀ। ਉਂਜ ਇਸ ਤੋਂ ਪਹਿਲਾਂ ਬਨੂੜ ਦੇ ਤਤਕਾਲੀ ਐਸ.ਐਚ.ਓ ਗੁਰਜੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਬੀਤੀ 15 ਮਈ 2013 ਨੂੰ ਗੁਪਤ ਸੂਚਨਾ ’ਤੇ ਬਨੂੜ ਖੇਤਰ ’ਚੋਂ ਜਗਦੀਸ਼ ਭੋਲਾ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਵੇਲੇ ਭੋਲਾ ਆਪਣੀ ਸਕਾਰਪਿਊ ਗੱਡੀ ਛੱਡ ਕੇ ਪੁਲੀਸ ਨੂੰ ਝਕਾਨੀ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ ਸੀ ਪਰ ਉਦੋਂ ਸੀ.ਆਈ.ਏ. ਸਟਾਫ਼ ਰਾਜਪੁਰਾ ਦੇ ਤਤਕਾਲੀ ਇੰਚਾਰਜ ਮਹਿੰਦਰ ਸਿੰਘ ਦੀ ਮਦਦ ਨਾਲ ਪੁਲੀਸ ਨੇ ਭੋਲਾ ਦੀ ਸਕਾਰਪਿਊ ਗੱਡੀ ’ਚੋਂ 18 ਕਿੱਲੋਂ ਗਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ। ਮੁਲਜ਼ਮਾਂ ਖ਼ਿਲਾਫ਼ ਹੋਰਨਾਂ ਵੱਖ-ਵੱਖ ਥਾਣਿਆਂ ਵਿੱਚ ਵੀ ਅਪਰਾਧਿਕ ਕੇਸ ਦਰਜ ਹਨ। ਇਹ ਸਾਰੇ ਮਾਮਲੇ ਪੰਜਾਬ ਦੀਆਂ ਵੱਖ-ਵੱਖ ਅਦਾਲਤਾਂ ਵਿੱਚ ਵਿਚਾਰ ਅਧੀਨ ਹਨ। ਇਸ ਮਾਮਲੇ ਵਿੱਚ ਬਰਖ਼ਾਸਤ ਡੀਐਸਸੀ ਜਗਦੀਸ਼ ਸਿੰਘ ਭੋਲਾ (ਅਰਜਨ ਐਵਾਰਡੀ) ਸਮੇਤ ਮਨਜਿੰਦਰ ਸਿੰਘ ਅੌਲਖ ਉਰਫ਼ ਬਿੱਟੂ ਅੌਲਖ, ਅਨਿਲ ਚੌਹਾਨ, ਸਰਬਜੀਤ ਸਿੰਘ ਸਾਬਾ, ਸਤਿੰਦਰ ਸਿੰਘ ਧਾਮਾ, ਬਲਜਿੰਦਰ ਸਿੰਘ ਸੋਨੂੰ, ਦਵਿੰਦਰ ਸਿੰਘ, ਹਰਵਿੰਦਰ ਸਿੰਘ ਤੇ ਸੁਰਜੀਤ ਸਿੰਘ, ਹਰਮਿੰਦਰ ਸਿੰਘ, ਪਰਮਜੀਤ ਸਿੰਘ ਚਾਹਲ, ਹਰਜਿੰਦਰ ਸਿੰਘ, ਪਰਮਜੀਤ ਸਿੰਘ ਪੰਮਾ, ਜਗਜੀਤ ਸਿੰਘ ਚਾਹਲ ਤੇ ਦੀਪ ਸਿੰਘ ਦੀਪ ਵੀ ਨਾਮਜ਼ਦ ਕੀਤਾ ਗਿਆ ਹੈ। ਉਕਤ ਸਾਰੇ ਮੁਲਜ਼ਮਾਂ ਦੇ ਖ਼ਿਲਾਫ਼ ਪਹਿਲਾਂ ਹੀ ਦੋਸ਼ ਤੈਅ ਹੋ ਚੁੱਕੇ ਹਨ ਅਤੇ ਕੁੱਝ ਸਮਾਂ ਪਹਿਲਾਂ ਮੁਲਜ਼ਮ ਅਨੂਪ ਸਿੰਘ ਕਾਹਲੋਂ ਨੂੰ ਡਿਸਚਾਰਜ ਕੀਤਾ ਜਾ ਚੁੱਕਾ ਹੈ। (ਬਾਕਸ ਆਈਟਮ) ਉਧਰ, ਈਡੀ ਵੱਲੋਂ ਭੋਲਾ ਕੇਸ ਦੀ ਸੁਣਵਾਈ ਪਟਿਆਲਾ ਅਦਾਲਤ ਵਿੱਚ ਤਬਦੀਲ ਕਰਨ ਲਈ ਦਾਇਰ ਅਰਜ਼ੀ ’ਤੇ 16 ਮਾਰਚ ਨੂੰ ਸੁਣਵਾਈ ਹੋਵੇਗੀ। ਦੱਸਿਆ ਗਿਆ ਹੈ ਕਿ ਜਗਦੀਸ਼ ਭੋਲਾ ਦੇ ਖ਼ਿਲਾਫ਼ ਪਟਿਆਲਾ ਅਦਾਲਤ ਵਿੱਚ ਵੀ ਡਰੱਗ ਤਸਕਰੀ ਮਾਮਲੇ ਦੀ ਸੁਣਵਾਈ ਚਲ ਰਹੀ ਹੈ। ਉਂਜ ਜਗਦੀਸ਼ ਭੋਲਾ ਦੇ ਖ਼ਿਲਾਫ਼ ਸਾਲ 2009 ਵਿੱਚ ਮੁੰਬਈ ਦੇ ਥਾਣੇ ਵਿੱਚ ਦਰਜ ਡਰੱਗ ਤਸਕਰੀ ਦਾ ਇੱਕ ਹੋਰ ਵੱਖਰਾ ਕੇਸ ਮੁੰਬਈ ਅਦਾਲਤ ਵਿੱਚ ਚਲ ਰਿਹਾ ਹੈ। ਪਿੱਛੇ ਜਿਹੇ ਮੁੰਬਈ ਪੁਲੀਸ ਭੋਲਾ ਨੂੰ ਰਾਹਦਾਰੀ ਵਾਰੰਟ ’ਤੇ ਗ੍ਰਿਫ਼ਤਾਰ ਕਰਕੇ ਮੁੰਬਈ ਲੈ ਗਈ ਸੀ ਅਤੇ ਨਿਆਇਕ ਹਿਰਾਸਤ ਅਧੀਨ ਭੋਲਾ ਮੁੰਬਈ ਜੇਲ੍ਹ ਵਿੱਚ ਹੈ ਅਤੇ ਮੌਜੂਦਾ ਸਮੇਂ ਵਿੱਚ ਉਸ ਨੂੰ ਪੇਸ਼ੀਆਂ ’ਤੇ ਵੱਖ-ਵੱਖ ਅਦਾਲਤਾਂ ਵਿੱਚ ਆਉਣਾ ਪੈਂਦਾ ਹੈ ਅਤੇ ਹਰ ਵਾਰੀ ਪੁਲੀਸ ਨੂੰ ਸਖ਼ਤ ਸੁਰੱਖਿਆ ਪ੍ਰਬੰਧ ਵੀ ਕਰਨੇ ਪੈਂਦੇ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ