Nabaz-e-punjab.com

ਨਸ਼ਾ ਤਸਕਰੀ ਮਾਮਲਾ: ਮੁਹਾਲੀ ਪੁਲੀਸ ਵੱਲੋਂ ਮਾਝੇ ਦਾ ਡਰੱਗ ਜਰਨੈਲ ਤੇ ਸਾਥੀ ਗ੍ਰਿਫ਼ਤਾਰ

ਮੁਲਜ਼ਮਾਂ ਕੋਲੋਂ 750 ਹੈਰੋਇਨ ਬਰਾਮਦ, ਇਨੋਵਾ ਕਾਰ ਜ਼ਬਤ, ਵੱਖ ਵੱਖ ਥਾਣਿਆਂ ’ਚ 45 ਤੋਂ ਵੱਧ ਕੇਸ ਦਰਜ

ਬਲਵਿੰਦਰ ਬਿੱਲਾ ਨੇ ਡਰੱਗ ਮਨੀ ਨਾਲ ਤਰਨ ਤਾਰਨ ’ਚ 90 ਏਕੜ ਤੇ ਮੁਹਾਲੀ ਨੇੜੇ ਝੰਜੇੜੀ ਵਿੱਚ 17 ਏਕੜ ਜ਼ਮੀਨ ਖਰੀਦੀ

ਐਸਟੀਐਫ਼, ਇੰਟੈਲੀਜੈਂਸ ਵਿੰਗ ਤੇ ਅੰਮ੍ਰਿਤਸਰ ਪੁਲੀਸ ਨੂੰ ਵੀ ਲੋੜੀਂਦੇ ਸਨ ਦੋਵੇਂ ਮੁਲਜ਼ਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਅਗਸਤ:
ਮੁਹਾਲੀ ਪੁਲੀਸ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਦੇ ਤਹਿਤ ਦੋ ਵਿਅਕਤੀਆਂ ਨੂੰ 750 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਮੁਲਜ਼ਮਾਂ ਦੀ ਇਨੋਵਾ ਕਾਰ ਨੂੰ ਜ਼ਬਤ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿਇਸ ਸਬੰਧੀ ਬਲਵਿੰਦਰ ਸਿੰਘ ਉਰਫ਼ ਬਿੱਲਾ ਵਾਸੀ ਪਿੰਡ ਹਵੇਲੀਆ (ਤਰਨ ਤਾਰਨ) ਅਤੇ ਅਮਰੀਕ ਸਿੰਘ ਦੇਧਨਾ ਵਾਸੀ ਬਸੰਤ ਵਿਹਾਰ, ਸਰਹਿੰਦ ਰੋਡ, ਪਟਿਆਲਾ ਦੇ ਖ਼ਿਲਾਫ਼ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਬਲਵਿੰਦਰ ਬਿੱਲਾ ਨਸ਼ੀਲੇ ਪਦਾਰਥਾਂ ਦੀ ਸਪਲਾਈ ਦੇ ਮਾਮਲੇ ਵਿੱਚ ਮਾਝੇ ਦੇ ਡਰੱਗ ਜਰਨੈਲ ਵਜੋਂ ਜਾਣਿਆ ਜਾਂਦਾ ਹੈ।
ਸ੍ਰੀ ਚਾਹਲ ਨੇ ਦੱਸਿਆ ਕਿ ਇਹ ਦੋਵੇਂ ਨਾਮੀ ਅਤੇ ਏ ਕੈਟਾਗਰੀ ਦੇ ਨਸ਼ਾ ਤਸਕਰ ਹਨ। ਬਲਵਿੰਦਰ ਬਿੱਲਾ ਦਾ ਪਿੰਡ ਬਾਰਡਰ ਏਰੀਆ ਨਾਲ ਹੋਣ ਕਰਕੇ ਉਸ ਦੇ ਤਾਲੇ ਬਾਰਡਰ ਪਾਰ ਪਾਕਿਸਤਾਨ ਨਾਲ ਜੁੜੇ ਹੋਏ ਹਨ। ਇਹ ਖਾੜਕੂ ਲਹਿਰ ਦੌਰਾਨ 1990 ਦੇ ਦਹਾਕੇ ਤੋਂ ਹਥਿਆਰਾਂ, ਨਸ਼ੀਲੇ ਪਦਾਰਥਾਂ, ਜਾਅਲੀ ਕਰੰਸੀ ਅਤੇ ਸੋਨੇ ਦੀ ਸਮਰਲਿੰਗ ਵਿੱਚ ਸ਼ਾਮਲ ਰਿਹਾ ਹੈ। ਉਸ ਦੇ ਖ਼ਿਲਾਫ਼ 14 ਵੱਖ ਵੱਖ ਥਾਣਿਆਂ ਵਿੱਚ ਕੇਸ ਦਰਜ ਹਨ। ਇਕ ਕੇਸ ਵਿੱਚ ਉਸ ਦੇ ਸਾਥੀ ਗੁਰਜਿੰਦਰ ਸਿੰਘ ਕਾਲਾ ਨੂੰ 14 ਸਾਲ ਦੀ ਕੈਦ ਹੋ ਗਈ ਸੀ ਜਦੋਂਕਿ ਬਿੱਲਾ ਭਗੌੜਾ ਹੋ ਗਿਆ ਸੀ। ਉਸ ਨੇ ਡਰੱਗ ਮਨੀ ਨਾਲ ਵੱਖ ਵੱਖ ਸ਼ਹਿਰਾਂ ਅਤੇ ਪਿੰਡਾਂ ਵਿੱਚ ਮਹਿੰਗੀਆਂ ਤੇ ਵੱਡੀਆਂ ਪ੍ਰਾਪਰਟੀਆਂ ਬਣਾਈਆਂ ਹੋਈਆਂ ਹਨ। ਉਂਜ ਮੁਲਜ਼ਮਾਂ ਕੀ ਕਾਫੀ ਜਾਇਦਾਦ ਪੁਲੀਸ ਕੇਸਾਂ ਵਿੱਚ ਅਟੈਚ ਵੀ ਕੀਤੀ ਜਾ ਚੁੱਕੀ ਹੈ।
ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਬਿੱਲਾ ਦੀ ਤਰਨ ਤਾਰਨ ਦੇ ਪਿੰਡ ਹਵੇਲੀ ਵਿੱਚ ਆਲੀਸ਼ਾਨ ਕੋਠੀ ਹੈ। ਇਸ ਸਮੇਂ ਉਹ ਪੀਸੀਏ ਸਟੇਡੀਅਮ ਦੇ ਪਿਛਲੇ ਪਾਸੇ ਸੈਕਟਰ-63 ਵਿੱਚ ਫਲੈਟ ਕਿਰਾਏ ’ਤੇ ਲੈ ਕੇ ਰਹਿ ਰਿਹਾ ਸੀ। ਜਲੰਧਰ ਵਿੱਚ ਵੀ ਕਿਰਾਏ ’ਤੇ ਮਕਾਨ ਲਿਆ ਹੋਇਆ ਹੈ। ਪਿੰਡ ਹਵੇਲੀ ਵਿੱਚ ਖੇਤੀ ਯੋਗ 90 ਏਕੜ, ਮੁਹਾਲੀ ਨੇੜਲੇ ਪਿੰਡ ਝੰਜੇੜੀ ਵਿੱਚ 17 ਏਕੜ ਜ਼ਮੀਨ\ਫਾਰਮ ਹਾਊਸ, ਪ੍ਰੀਤ ਨਗਰ ਅੰਮ੍ਰਿਤਸਰ ਵਿੱਚ ਆਲੀਸ਼ਾਨ ਕੋਠੀ, 150 ਗਜ ਦਾ ਇਕ ਅਤੇ 200-200 ਗਜ ਦੇ ਦੋ ਪਲਾਟ ਖਰੀਦੇ ਹੋਏ ਹਨ। ਪੁਲੀਸ ਅਨੁਸਾਰ ਮੁਲਜ਼ਮ ਅਮਰੀਕ ਸਿੰਘ ਦੇਧਨਾ 2004 ਤੋਂ ਹਥਿਆਰਾਂ ਦੀ ਨੋਕ ’ਤੇ ਵਾਹਨ ਖੋਹ ਕੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦਾ ਆ ਰਿਹਾ ਹੈ। ਉਹ ਪੰਜ ਸਾਲ ਜੇਲ੍ਹ ਕੱਟ ਚੁੱਕ ਹੈ ਅਤੇ ਇਸ ਸਮੇਂ ਜ਼ਮਾਨਤ ’ਤੇ ਸੀ। ਉਸ ਦਾ ਸਕਾ ਭਰਾ ਅਵਤਾਰ ਸਿੰਘ ਦੇਧਨਾ ਪਹਿਲਾਂ ਹੀ ਜਗਦੀਸ਼ ਭੋਲਾ ਖ਼ਿਲਾਫ਼ ਫਤਹਿਗੜ੍ਹ ਸਾਹਿਬ ਵਿੱਚ ਦਰਜ ਨਸ਼ਾ ਤਸਕਰੀ ਦੇ ਕੇਸ ਵਿੱਚ ਨਾਮਜ਼ਦ ਹੈ। ਉਹ 2013 ਤੋਂ ਭਗੌੜਾ ਚਲ ਰਿਹਾ ਹੈ। ਮੁਲਜ਼ਮ ਅਵਤਾਰ ਦੇ ਖ਼ਿਲਾਫ਼ ਪਟਿਆਲਾ, ਪਾਤੜਾ, ਘੱਗਾ, ਤ੍ਰਿਪੜੀ ਆਦਿ ਥਾਣਿਆਂ ਵਿੱਚ ਲੁੱਟ ਖੋਹ, ਨਸ਼ਾ ਤਸਕਰੀ, ਅਗਵਾ ਅਤੇ ਧੋਖਾਧੜੀ ਦੇ ਸੱਤ ਕੇਸ ਦਰਜ ਹਨ। ਪੁਲੀਸ ਅਨੁਸਾਰ ਬਿੱਲਾ ਅਤੇ ਅਮਰੀਕ ਦੀ ਮੁਲਾਕਾਤ 2008-2010 ਦੌਰਾਨ ਜੇਲ੍ਹ ਵਿੱਚ ਸੀ। ਇਹ ਪੰਜਾਬ ਤੋਂ ਬਾਹਰ ਵੀ ਨਸ਼ਾ ਸਪਲਾਈ ਕਰਦੇ ਹਨ। ਐਸਐਸਪੀ ਨੇ ਉਹ ਆਪਣੀ ਤਰਨ ਤਾਰਨ ਵਿੱਚ ਤਾਇਨਾਤੀ ਦੌਰਾਨ ਪਿਛਲੇ ਪੰਜ ਮਹੀਨਿਆਂ ਤੋਂ ਮੁਲਜ਼ਮ ਦੀ ਪੈੜ ਨੱਪਣ ਲਈ ਮੁਸਤੈਦੀ ਨਾਲ ਕੰਮ ਕਰ ਰਹੇ ਸੀ।
ਐਸਐਸਪੀ ਨੇ ਦੱਸਿਆ ਕਿ ਚੰਦਪੁਰ ਟੋਲ ਪਲਾਜਾ ਨੇੜੇ ਪੁਲੀਸ ਵੱਲੋਂ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲੀਸ ਨੇ ਬਲਵਿੰਦਰ ਬਿੱਲਾ ਅਤੇ ਅਮਰੀਕ ਸਿੰਘ ਨੂੰ ਇਨੋਵਾ ਕਾਰ ਸਮੇਤ ਕਾਬੂ ਕਰ ਲਿਆ। ਉਧਰ, ਐਸਟੀਐਫ਼ ਦੀ ਟੀਮ ਨੇ ਵੀ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਗਈ। ਇਸ ਮੌਕੇ ਡੀਐਸਪੀ (ਡੀ) ਬਿਕਰਮਜੀਤ ਸਿੰਘ ਬਰਾੜ, ਡੀਐਸਪੀ ਖਰੜ ਦੀਪ ਕੰਵਲ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …