Nabaz-e-punjab.com

ਨਸ਼ਾ ਤਸਕਰੀ ਮਾਮਲਾ: ਐਨਆਈਏ ਵੱਲੋਂ ਮਹਿਲਾ ਸਮੇਤ ਦੋ ਮੁਲਜ਼ਮ ਪ੍ਰੋਡਕਸ਼ਨ ਵਰੰਟ ’ਤੇ ਗ੍ਰਿਫ਼ਤਾਰ

ਅਦਾਲਤ ਨੇ ਮੁਲਜ਼ਮਾਂ ਨੂੰ 5 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ, ਐਨਆਈਏ ਮੁਲਜ਼ਮਾਂ ਨੂੰ ਲੈ ਕੇ ਦਿੱਲੀ ਰਵਾਨਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਦਸੰਬਰ:
ਨੈਸ਼ਨਲ ਜਾਂਚ ਏਜੰਸੀ (ਐਨਆਈਏ) ਨੇ ਅੰਮ੍ਰਿਤਸਰ ਦੇ ਬਹੁ ਕਰੋੜੀ ਹੈਰੋਇਨ ਤਸਕਰੀ ਦੀ ਮਾਮਲੇ ਵਿੱਚ ਦੋ ਮੁਲਜ਼ਮਾਂ ਸੰਦੀਪ ਕੌਰ ਅਤੇ ਨਿਰਭੈਲ ਸਿੰਘ ਨੂੰ ਅੱਜ ਪ੍ਰੋਡਕਸ਼ਨ ਵਾਰੰਟ ’ਤੇ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮਾਂ ਨੂੰ ਮੁਹਾਲੀ ਸਥਿਤ ਐਨਆਈਏ ਦੇ ਵਿਸ਼ੇਸ਼ ਜੱਜ ਐਨਐਸ ਗਿੱਲ ਦੀ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਗਈ। ਐਨਆਈਏ ਦੇ ਸੀਨੀਅਰ ਵਕੀਲ ਸੁਰਿੰਦਰ ਸਿੰਘ ਅਤੇ ਡੀਐਸਪੀ ਨਿੱਧੀ ਨੇ ਦਲੀਲ ਦਿੱਤੀ ਕਿ ਸਰਹੱਦੋਂ ਪਾਰ ਹੁੰਦੀ ਹੈਰੋਇਨ ਤਸਕਰੀ ਮਾਮਲੇ ਵਿੱਚ ਵੱਖ ਵੱਖ ਪਹਿਲੂਆਂ ਸਬੰਧੀ ਪੁੱਛਗਿੱਛ ਕਰਨੀ ਹੈ ਅਤੇ ਉਨ੍ਹਾਂ ਦੇ ਗੁਆਂਢੀ ਮੁਲਕ ਪਾਕਿਸਤਾਨ ਦੇ ਤਸਕਰਾਂ ਨਾਲ ਸਬੰਧਾਂ ਬਾਰੇ ਵੀ ਪਤਾ ਲਗਾਉਣਾ ਹੈ। ਉਕਤ ਮੁਲਜ਼ਮਾਂ ਨੂੰ ਪਾਕਿਸਤਾਨ ਤੋਂ ਅਟਾਰੀ ਬਾਰਡਰ ਰਾਹੀਂ ਪੰਜਾਬ ਵਿੱਚ ਭੇਜੀ ਗਈ ਹੈਰੋਇਨ ਦੀ ਵੱਡੀ ਖੇਪ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ ਅਤੇ ਉਹ ਪਿਛਲੇ ਕਈ ਮਹੀਨਿਆਂ ਤੋਂ ਅੰਮ੍ਰਿਤਸਰ ਜੇਲ੍ਹ ’ਚ ਬੰਦ ਸੀ। ਐਨਆਈਏ ਦਾ ਮੰਨਣਾ ਹੈ ਕਿ ਪੁੱਛਗਿੱਛ ਦੌਰਾਨ ਨਸ਼ਾ ਤਸਕਰੀ ਮਾਮਲੇ ਵਿੱਚ ਮਹੱਤਵ ਪੂਰਨ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ।
ਉਧਰ, ਬਚਾਅ ਪੱਖ ਦੇ ਵਕੀਲਾਂ ਰਾਜਾ ਪਰਮਦੀਪ ਸਿੰਘ ਸੈਣੀ ਅਤੇ ਨਿਰਮਲਜੀਤ ਸਿੰਘ ਨੇ ਪੁਲੀਸ ਰਿਮਾਂਡ ਦਾ ਵਿਰੋਧ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਦੋਵੇਂ ਮੁਲਜ਼ਮ ਪਿਛਲੇ ਕਈ ਮਹੀਨਿਆਂ ਤੋਂ ਜੇਲ੍ਹ ਵਿੱਚ ਹਨ ਅਤੇ ਪਹਿਲਾਂ ਪੁਲੀਸ ਉਨ੍ਹਾਂ ਕੋਲੋਂ ਲੋੜੀਂਦੀ ਪੁੱਛਗਿੱਛ ਕਰ ਚੁੱਕੀ ਹੈ। ਉਨ੍ਹਾਂ ਵੱਖ ਵੱਖ ਉੱਚ ਅਦਾਲਤਾਂ ਦੀਆਂ ਕਈ ਜਜਮੈਂਟਾਂ ਦਾ ਹਵਾਲਾ ਦਿੰਦਿਆਂ ਦਲੀਲ ਦਿੱਤੀ ਕਿ ਜਦੋਂ ਐਨਆਈਏ ਨੂੰ ਇਹ ਜਾਂਚ ਸੌਂਪੀ ਗਈ ਸੀ ਤਾਂ ਉਦੋਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਿਉਂ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਐਨਆਈਏ ਅਸਲ ਦੋਸ਼ੀਆਂ ਨੂੰ ਫੜਨ ਦੀ ਬਜਾਏ ਗਰੀਬ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮੁਲਜ਼ਮਾਂ ਨੂੰ 5 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।
ਐਨਆਈਏ ਅਨੁਸਾਰ ਇਸ ਮਾਮਲੇ ਲੋੜੀਂਦੇ ਮੁੱਖ ਮੁਲਜ਼ਮ ਰਣਜੀਤ ਰਾਣਾ ਜੋ ਇਸ ਵੇਲੇ ਫਰਾਰ ਹੈ ਵੱਲੋਂ ਜ਼ਮੀਨ ਦੀ ਖ਼ਰੀਦੋ ਫ਼ਰੋਖ਼ਤ ਸਬੰਧੀ ਰਜਿਸਟਰੀ ਤੇ ਹੋਰ ਦਸਤਾਵੇਜ਼ ਸੰਦੀਪ ਕੌਰ ਦੇ ਘਰੋਂ ਮਿਲੇ ਸੀ। ਉਂਜ ਵੀ ਸੰਦੀਪ ਦੇ ਕਈ ਨਜ਼ਦੀਕੀ ਰਿਸਤੇਦਾਰ ਅਪਰਾਧਿਕ ਮਾਮਲਿਆਂ ਵਿੱਚ ਨਾਮਜ਼ਦ ਹਨ। ਇੱਥੋਂ ਤੱਕ ਕਿ ਉਸ ਦਾ ਪਤੀ ਵੀ ਗ੍ਰਿਫ਼ਤਾਰ ਹੈ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਸੰਦੀਪ ਕੌਰ ਦੀ ਜ਼ਮਾਨਤ ਦੀ ਅਰਜ਼ੀ ਉਕਤ ਅਦਾਲਤ ਪਹਿਲਾਂ ਹੀ ਰੱਦ ਕੀਤੀ ਜਾ ਚੁੱਕੀ ਹੈ ਅਤੇ ਹੁਣ ਉਸ ਨੇ ਆਪਣੇ ਵਕੀਲ ਨਿਰਮਲਜੀਤ ਸਿੰਘ ਰਾਹੀਂ ਹਾਈ ਕੋਰਟ ਦਾ ਬੂਹਾ ਖੜਕਾਇਆ ਗਿਆ ਹੈ ਅਤੇ ਹਾਈ ਕੋਰਟ ਵਿੱਚ 11 ਦਸੰਬਰ ਨੂੰ ਸੁਣਵਾਈ ਹੋਣੀ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …