
ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ
ਮੁਹਾਲੀ ਅਦਾਲਤ ਨੇ ਅਕਾਲੀ ਆਗੂ ਬਿਕਰਮ ਮਜੀਠੀਆ ਦੇ ਜੁਡੀਸ਼ਲ ਰਿਮਾਂਡ ’ਚ ਵਾਧਾ, ਮੁੜ ਜੇਲ੍ਹ ਭੇਜਿਆ
ਮਜੀਠੀਆ ਨੇ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਪੁਲੀਸ ਦੀ ਹੁਣ ਤੱਕ ਦੀ ਕਾਰਵਾਈ\ਜ਼ਿਮਨੀ ਰਿਪੋਰਟ ਮੰਗੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਮਾਰਚ:
ਪੰਜਾਬ ਸਰਕਾਰ ਵੱਲੋਂ ਬਹੁ-ਚਰਚਿਤ ਨਸ਼ਾ ਤਸਕਰੀ ਮਾਮਲੇ ਵਿੱਚ ਨਾਮਜ਼ਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮੁਹਾਲੀ ਅਦਾਲਤ ਨੇ ਦੁਬਾਰਾ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਪਟਿਆਲਾ ਜੇਲ੍ਹ ਭੇਜ ਦਿੱਤਾ ਹੈ। ਮਜੀਠੀਆ ਪਹਿਲਾਂ ਦਿੱਤਾ ਜੁਡੀਸ਼ਲ ਰਿਮਾਂਡ ਖਤਮ ਹੋਣ ’ਤੇ ਮੰਗਲਵਾਰ ਨੂੰ ਮੁੜ ਅਦਾਲਤ ਵਿੱਚ ਪੇਸ਼ ਹੋਏ ਸੀ। ਜ਼ਿਲ੍ਹਾ ਪੁਲੀਸ ਵੱਲੋਂ ਅਦਾਲਤ ਕੰਪਲੈਕਸ ਦੇ ਅੰਦਰ ਅਤੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ, ਜਿਸ ਕਾਰਨ ਮੀਡੀਆ ਨੂੰ ਵੀ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਉਧਰ, ਪੇਸ਼ੀ ਦੌਰਾਨ ਮਜੀਠੀਆ ਨੇ ਮੱੁਛਾਂ ਨੂੰ ਤਾਅ ਦਿੰਦਿਆਂ ਚੜ੍ਹਦੀ ਕਲਾਂ ਵਿੱਚ ਹੋਣ ਦੀ ਗੱਲ ਆਖੀ। ਜਦੋਂਕਿ ਕੋਰਟ ਰੂਮ ਦੇ ਬਾਹਰ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਮਜੀਠੀਆ ਦੇ ਸਮਰਥਕਾਂ ਨੇ ਜੈਕਾਰੇ ਛੱਡੇ ਅਤੇ ਮਜੀਠੀਆ ਦੇ ਹੱਕ ਵਿੱਚ ਨਾਅਰੇ ਲਗਾਏ ਪ੍ਰੰਤੂ ਪੁਲੀਸ ਮੂਕ ਦਰਸ਼ਕ ਬਣੀ ਰਹੀ।
ਅਕਾਲੀ ਆਗੂ ਨੇ ਜੱਜ ਦੇ ਸਾਹਮਣੇ ਪੇਸ਼ੀ ’ਤੇ ਹਾਜ਼ਰ ਹੋਣ ਸਬੰਧੀ ਦਸਤਾਵੇਜ਼ਾਂ ਉੱਤੇ ਦਸਖ਼ਤ ਕਰਨ ਉਪਰੰਤ ਆਪਣੇ ਵਕੀਲਾਂ ਰਾਹੀਂ ਨਵੇਂ ਸਿਰਿਓਂ ਅਰਜ਼ੀ ਦਾਇਰ ਕਰਕੇ ਉਨ੍ਹਾਂ ਵਿਰੁੱਧ ਦਰਜ ਅਪਰਾਧਿਕ ਮਾਮਲੇ ਸਬੰਧੀ ਪੁਲੀਸ ਦੀ ਹੁਣ ਤੱਕ ਦੀ ਕਾਰਵਾਈ (ਜ਼ਿਮਨੀ ਰਿਪੋਰਟ) ਸੀਲ ਕਰਨ ਅਤੇ ਉਸ ਦੀ ਕਾਪੀ ਉਸ ਨੂੰ ਦੇਣ ਦੀ ਮੰਗ ਕੀਤੀ। ਉਨ੍ਹਾਂ ਖ਼ਦਸ਼ਾ ਪ੍ਰਗਟ ਕੀਤਾ ਕਿ ਜਦ ਤੋਂ ਉਨ੍ਹਾਂ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ, ਉਸ ਸਬੰਧੀ ਹੁਣ ਤੱਕ ਕੋਈ ਰਿਕਵਰੀ ਨਹੀਂ ਹੋਈ। ਜਿਸ ਕਾਰਨ ਸਰਕਾਰ ਦੇ ਆਖੇ ਲੱਗ ਕੇ ਪੁਲੀਸ ਉਨ੍ਹਾਂ ਦੇ ਪੈਰਾਂ ਵਿੱਚ ਕਾਨੂੰਨ ਦੀਆਂ ਬੇੜੀਆਂ ਪਾਉਣ ਲਈ ਰਿਕਾਰਡ ਨਾਲ ਛੇੜਛਾੜ ਕਰ ਸਕਦੀ ਹੈ। ਇਸ ਸਬੰਧੀ ਅਦਾਲਤ ਨੇ ਪੇਸ਼ੀ ਦੌਰਾਨ ਹਾਜ਼ਰ ਰਹੇ ਪੰਜਾਬ ਪੁਲੀਸ ਦੇ ਏਆਈਜੀ ਅਤੇ ਸਿੱਟ ਦੇ ਮੁਖੀ ਬਲਰਾਜ ਸਿੰਘ ਸਿੱਧੂ ਦਾ ਪੱਖ ਜਾਣਨ ਤੋਂ ਬਾਅਦ ਮਜੀਠੀਆ ਦੀ ਅਰਜ਼ੀ ਮਨਜ਼ੂਰ ਕਰ ਲਈ। ਦੱਸਣਯੋਗ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਇੱਥੋਂ ਦੇ ਫੇਜ਼-4 ਸਥਿਤ ਪੰਜਾਬ ਪੁਲੀਸ ਦੇ ਸਟੇਟ ਕ੍ਰਾਈਮ ਵਿੰਗ ਥਾਣੇ ਵਿੱਚ ਬਿਕਰਮ ਮਜੀਠੀਆ ਵਿਰੁੱਧ ਨਸ਼ਾ ਤਸਕਰੀ ਮਾਮਲੇ ਵਿੱਚ ਅਪਰਾਧਿਕ ਪਰਚਾ ਦਰਜ ਕੀਤਾ ਗਿਆ ਸੀ।
ਉਧਰ, ਅਕਾਲੀ ਆਗੂ ਨੂੰ ਪੁਲੀਸ ਵੱਲੋਂ ਵੀਆਈਪੀ ਟਰੀਟਮੈਂਟ ਦਿੱਤਾ ਗਿਆ। ਮਜੀਠੀਆ ਨੂੰ ਹੋਰਨਾਂ ਕੈਦੀਆਂ ਵਾਂਗ ਜੇਲ੍ਹ ਦੇ ਵਾਹਨ (ਪੰਜਾਬ ਪੁਲੀਸ ਦੀ ਬੱਸ) ਵਿੱਚ ਨਹੀਂ ਲਿਆਂਦਾ ਗਿਆ ਬਲਕਿ ਉਹ ਇਨੋਵਾ ਕਾਰ ਵਿੱਚ ਸਵਾਰ ਹੋ ਕੇ ਅਦਾਲਤ ’ਚ ਪਹੁੰਚੇ। ਉਨ੍ਹਾਂ ਦੀ ਗੱਡੀ ਦੇ ਅੱਗੇ ਅਤੇ ਪਿੱਛੇ ਪੁਲੀਸ ਕਰਮਚਾਰੀ ਵੱਖਰੇ ਵਾਹਨਾਂ ਵਿੱਚ ਨਾਲ-ਨਾਲ ਚੱਲ ਰਹੇ ਸੀ। ਅਦਾਲਤੀ ਪੇਸ਼ੀ ਦੌਰਾਨ ਵੀ ਪੁਲੀਸ ਇਸ ਕਦਰ ਮਜੀਠੀਆ ਦੇ ਅੱਗੇ ਪਿੱਛੇ ਘੁੰਮ ਰਹੀ ਸੀ ਕਿ ਜਿਵੇਂ ਉਹ ਕਿਸੇ ਸਮਾਰੋਹ ਵਿੱਚ ਮਹਿਮਾਨ ਬਣ ਕੇ ਆਏ ਹੋਣ। ਪੁਲੀਸ ਦੀ ਮੌਜੂਦਗੀ ਵਿੱਚ ਮਜੀਠੀਆ ਨੇ ਆਪਣੀ ਮੱੁਛਾਂ ਨੂੰ ਤਾਅ ਦਿੱਤੇ ਅਤੇ ਮੀਡੀਆ ਦੇ ਰੂਬਰੂ ਹੋਏ ਅਤੇ ਪੁਲੀਸ ਦੇਖਦੀ ਰਹਿ ਗਈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹ ਨਿਆਂ-ਪ੍ਰਣਾਲੀ ਦੀ ਬਹੁਤ ਕਦਰ ਕਰਦੇ ਹਨ ਪਰ ਕਾਂਗਰਸ ਸਰਕਾਰ ਦੀ ਪੂਰੀ ਕੋਸ਼ਿਸ਼ ਸੀ ਕਿ ਉਨ੍ਹਾਂ (ਮਜੀਠੀਆ) ਨੂੰ ਚੋਣ ਲੜਨ ਤੋਂ ਰੋਕਿਆ ਜਾਵੇ। ਲੋਕਤੰਤਰ ਘਾਟ ਕਰਨ ਦਾ ਦੇਸ਼ ਦੀ ਸਭ ਤੋਂ ਸਿਖਰਲੀ ਸੁਪਰੀਮ ਕੋਰਟ ਨੇ ਵੀ ਗੰਭੀਰ ਨੋਟਿਸ ਲਿਆ ਗਿਆ। ਜਿਸ ਕਾਰਨ ਉਹ ਵਿਧਾਨ ਸਭਾ ਦੀ ਚੋਣ ਲੜ ਸਕੇ ਹਨ। ਇਸ ਤੋਂ ਬਾਅਦ ਸਰਕਾਰਾਂ ਹਮੇਸ਼ਾ ਧੱਕਾ ਕਰਦੀਆਂ ਹੁੰਦੀਆਂ ਹਨ ਪਰ ਉਨ੍ਹਾਂ ਦੀ ਜਿੱਤ ਯਕੀਨੀ ਹੈ। ਮਜੀਠੀਆ ਨੇ ਆਪਣੀ ਮੱੁਛਾਂ ਨੂੰ ਤਾਅ ਦਿੰਦੇ ਹੋਏ ਸਾਫ਼ ਲਫ਼ਜ਼ਾਂ ਵਿੱਚ ਕਿਹਾ ਕਿ ਸਰਕਾਰ ਜਿੰਨਾ ਮਰਜ਼ੀ ਜ਼ੋਰ ਲਗਾ ਲਵੇ ਉਹ ਮਜੀਠੀਆ ਦਾ ਮਨੋਬਲ ਨਹੀਂ ਤੋੜ ਸਕਦੀ। ਉਹ ਪਹਿਲਾਂ ਵੀ ਚੜ੍ਹਦੀ ਕਲਾਂ ਵਿੱਚ ਸੀ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਚੜ੍ਹਦੀ ਕਲਾਂ ਵਿੱਚ ਹੀ ਰਹਿਣਗੇ।
ਐਗਜ਼ਿਟ ਪੋਲ ਬਾਰੇ ਪੁੱਛੇ ਜਾਣ ’ਤੇ ਅਕਾਲੀ ਆਗੂ ਮਜੀਠੀਆ ਨੇ ਕਿਹਾ ਕਿ ਪਿਛਲੀ ਵਾਰ ਵੀ ਐਗਜ਼ਿਟ ਪੋਲ ਨੇ ਆਮ ਆਦਮੀ ਪਾਰਟੀ (ਆਪ) ਨੂੰ 100 ’ਤੇ ਜੇਤੂ ਦਿਖਾਇਆ ਸੀ ਪਰ ਆਪ ਨੂੰ ਬੜੀ ਮੁਸ਼ਕਲ ਨਾਲ 20 ਸੀਟਾਂ ਮਿਲੀਆਂ। ਉਨ੍ਹਾਂ ’ਚੋਂ ਵੀ ਕਈ ਵਿਧਾਇਕ ਪਾਰਟੀ ਛੱਡ ਗਏ ਸੀ। ਐਤਕੀਂ ‘ਆਪ’ ਨੂੰ 40 ਸੀਟਾਂ ਮਿਲਦੀਆਂ ਦੱਸੀਆਂ ਜਾ ਰਹੀਆਂ ਹਨ, ਕਿਤੇ ਇਹ ਨਾ ਹੋਵੇ ਇਸ ਵਾਰ ਅੰਕੜਾ 10 ਸੀਟਾਂ ’ਤੇ ਰਹਿ ਜਾਵੇ।
ਇਸ ਮੌਕੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਡਾ. ਦਲਜੀਤ ਸਿੰਘ ਚੀਮਾ, ਹੀਰਾ ਸਿੰਘ ਗਾਬੜੀਆ, ਅਕਾਲੀ ਵਿਧਾਇਕ ਐਨਕੇ ਸ਼ਰਮਾ, ਚਰਨਜੀਤ ਸਿੰਘ ਬਰਾੜ, ਹਰਪਾਲ ਸਿੰਘ ਜੁਨੇਜਾ, ਮਹੇਸ਼ਇੰਦਰ ਸਿੰਘ ਗਰੇਵਾਲ, ਸੀਨੀਅਰ ਯੂਥ ਆਗੂ ਸਤਿੰਦਰ ਸਿੰਘ ਗਿੱਲ, ਜਸਵਿੰਦਰ ਸਿੰਘ ਜੱਸੀ ਥੂਹਾ, ਨਰਦੇਵ ਸਿੰਘ ਆਕੜੀ, ਐਸਐਸ ਬਿੱਲਾ ਰਾਜਪੁਰਾ, ਸਾਧੂ ਸਿੰਘ ਖਲੌਰ ਅਤੇ ਹੋਰ ਆਗੂ ਅਤੇ ਸਮਰਥਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
(ਬਾਕਸ ਆਈਟਮ):
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਹੁਕਮਰਾਨਾਂ ਨੂੰ ਲਲਕਾਰਦੇ ਹੋਏ ਇਹ ਵੀ ਕਿਹਾ ਕਿ ਉਹ ਜੇਲ੍ਹ ਜਾ ਆਏ ਹਨ, ਹੁਣ ਵਾਰੀ ਉਨ੍ਹਾਂ ਨੂੰ ਜੇਲ੍ਹ ਭੇਜਣ ਵਾਲਿਆਂ ਦੀ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਵਿੱਚ ਸਪੈਸ਼ਲ ਸੈੱਲ ਬਣਾਇਆ ਜਾ ਰਿਹਾ ਹੈ ਅਤੇ ਚੋਣ ਨਤੀਜਿਆਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਉਰਫ਼ ਸੁੱਖੀ ਰੰਧਾਵਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੇਲ੍ਹ ਜਾਣ ਲਈ ਤਿਆਰ ਰਹਿਣ। ਇਨ੍ਹਾਂ ਆਗੂਆਂ ਨੂੰ ਬਹੁਤ ਛੇਤੀ ਜੇਲ੍ਹ ਭੇਜਿਆ ਜਾਵੇਗਾ। ਇਨ੍ਹਾਂ ਆਗੂਆਂ ਵਾਸਤੇ ਜੇਲ੍ਹ ਵਿੱਚ ਸਪੈਸ਼ਲ ਥਾਂ ਤਿਆਰ ਕਰਵਾਈ ਜਾ ਰਹੀ ਹੈ।