Nabaz-e-punjab.com

ਨਸ਼ਾ ਤਸਕਰੀ ਮਾਮਲਾ: ਪੀੜਤ ਨੌਜਵਾਨ ਦੇ ਮਾਪਿਆਂ ਨੇ ਪੁਲੀਸ ਮੁਲਾਜ਼ਮਾਂ ’ਤੇ ਘਰ ਵਿੱਚ ਜਬਰੀ ਦਾਖ਼ਲ ਹੋ ਕੇ ਕੁੱਟਮਾਰ ਕਰਨ ਦਾ ਦੋਸ਼

ਘਰ ’ਚੋਂ ਨਕਦ ਰਾਸੀ ਲਿਜਾਉਣ ਦਾ ਵੀ ਲਾਇਆ ਦੋਸ਼, ਐਸਐਸਪੀ ਨੂੰ ਦਿੱਤੀ ਲਿਖਤੀ ਸ਼ਿਕਾਇਤ, ਡੀਐਸਪੀ ਨੂੰ ਸੌਂਪੀ ਜਾਂਚ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਜੁਲਾਈ:
ਸਨੇਟਾ ਪੁਲੀਸ ਚੌਕੀ ਦੇ ਵਿਵਾਦਿਤ ਇੰਚਾਰਜ ਸਬ ਇੰਸਪੈਕਟਰ ਸੁਖਮੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਦੀ ਕਾਰਗੁਜ਼ਾਰੀ ’ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਚੌਕੀ ਇੰਚਾਰਜ ਨੇ ਬੀਤੀ 27 ਜੁਲਾਈ ਨੂੰ ਮੀਡੀਆ ਨੂੰ ਫੋਟੋ ਅਤੇ ਲਿਖਤੀ ਬਿਆਨ ਜਾਰੀ ਕਰਕੇ ਇਕ ਨੌਜਵਾਨ ਨੂੰ ਪਿੱਠੂ ਬੈਗ ’ਚੋਂ 30 ਨਸ਼ੀਲੇ ਟੀਕੇ ਅਤੇ 85 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ।
ਉਧਰ, ਇਸ ਸਬੰਧੀ ਪੀੜਤ ਨੌਜਵਾਨ ਦੇ ਮਾਪਿਆਂ ਨੇ ਮੁਹਾਲੀ ਵਿੱਚ ਐਸਐਸਪੀ ਨੂੰ ਸ਼ਿਕਾਇਤ ਦੇ ਕੇ ਸਨੇਟਾ ਚੌਂਕੀ ਵਿੱਚ ਤਾਇਨਾਤ ਪੁਲੀਸ ਮੁਲਾਜ਼ਮਾਂ ਵੱਲੋਂ ਉਸਦੇ ਘਰ ਵਿੱਚ ਜਬਰੀ ਦਾਖ਼ਲ ਹੋ ਕੇ ਧੱਕੇਸ਼ਾਹੀ ਕਰਨ ਉਸ ਦੇ ਘਰ ਤੋਂ ਨਕਦੀ ਅਤੇ ਕੀਮਤੀ ਸਾਮਾਨ ਇਕੱਠਾ ਕਰਕੇ ਨਾਲ ਲਿਜਾਣ ਅਤੇ ਉਸ ਦੇ ਬੇਟੇ ’ਤੇ ਝੂਠਾ ਕੇਸ ਬਣਾਉਣ ਸਬੰਧੀ ਸ਼ਿਕਾਇਤ ਦਿੱਤੀ। ਸ਼ਿਕਾਇਤਕਰਤਾ ਅਨੁਸਾਰ ਬੀਤੀ 26 ਜੁਲਾਈ ਨੂੰ 5 ਪੁਲੀਸ ਵਾਲੇ ਸਿਵਲ ਕੱਪੜਿਆਂ ਵਿੱਚ ਉਨ੍ਹਾਂ ਦੇ ਘਰ ਆਏ ਅਤੇ ਉਨ੍ਹਾਂ ਦੇ ਘਰ ਦੇ ਸਾਹਮਣੇ ਲੱਗੇ ਸੀਸੀਟੀਵੀ ਕੈਮਰੇ ਨੂੰ ਬੰਦ ਕਰਵਾ ਕੇ ਧੱਕੇ ਨਾਲ ਘਰ ਦੇ ਅੰਦਰ ਦਾਖ਼ਲ ਹੋ ਗਏ। ਸ਼ਿਕਾਇਤ ਕਰਤਾ ਅਨੁਸਾਰ ਜਦੋਂ ਉਨ੍ਹਾਂ ਨੇ ਪੁਲੀਸ ਨੂੰ ਘਰ ਚੈੱਕ ਕਰਨ ਦਾ ਵਾਰੰਟ ਜਾਂ ਕੋਈ ਕਾਨੂੰਨੀ ਦਸਤਾਵੇਜ ਮੰਗਿਆ ਤਾਂ ਪੁਲੀਸ ਮੁਲਾਜ਼ਮਾਂ ਨੇ ਉਲਟਾ ਉਨ੍ਹਾਂ ਨੂੰ ਥੱਪੜ ਮਾਰਿਆ ਅਤੇ ਗਾਲੀ ਗਲੋਚ ਵੀ ਕੀਤੀ। ਪੁਲੀਸ ਕਰਮੀਆਂ ਨੇ ਉਸਦੀ ਪਤਨੀ ਨੂੰ ਵਾਲਾਂ ਤੋਂ ਫੜਕੇ ਧੱਕਾ ਮਾਰਿਆ ਅਤੇ ਉਨ੍ਹੲ ਦੋਵਾਂ ਨੂੰ ਘਰੋਂ ਬਾਹਰ ਕੱਢ ਦਿੱਤਾ।
ਸ਼ਿਕਾਇਤਕਰਤਾ ਅਨੁਸਾਰ ਇਹ ਵਿਅਕਤੀ ਉਹਨਾਂ ਦੀ ਨੂੰਹ ਦੇ ਕਮਰੇ ਦਾ ਤਾਲਾ ਤੋੜ ਕੇ ਅੰਦਰ ਵੜ ਗਏ ਅਤੇ ਉਸਦੀ ਅਲਮਾਰੀ ਦੇ ਲਾਕਰ ਦਾ ਤਾਲਾ ਤੋੜਕੇ ਉਸ ’ਚੋਂ ਇਕ ਲੱਖ ਰੁਪਏ ਦੇ ਕਰੀਬ ਰਕਮ ਇੱਕ ਬੈਗ ਵਿੱਚ ਪਾ ਕੇ ਲੈ ਗਏ। ਇਸ ਦੌਰਾਨ ਉਹਨਾਂ ਦੀ ਨੂੰਹ ਵੀ ਘਰ ਆ ਗਈ ਅਤੇ ਇਹਨਾਂ ਵਿਅਕਤੀਆਂ ਨੇ ਉਸਦੇ ਨਾਲ ਵੀ ਗਾਲੀ ਗਲੋਚ ਕੀਤਾ ਅਤੇ ਘਰ ਵਿੱਚ ਖੜੀ ਉਹਨਾਂ ਦੀ ਸਕੂਟੀ ਵੀ ਚੁੱਕ ਕੇ ਲੈ ਗਏ। ਸ਼ਿਕਾਇਤ ਕਰਤਾ ਅਨੁਸਾਰ ਇਹਨਾ ਬੰਦਿਆਂ ਨੇ ਸਾਰੇ ਕੈਮਰਿਆਂ ਨੂੰ ਬੰਦ ਕਰਵਾ ਕੇ ਸਬੂਤ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਕੁਝ ਕੈਮਰਿਆਂ ਵਿੱਚ ਸੱਚਾਈ ਰਿਕਾਰਡ ਹੋ ਗਈ ਜਿਸਦੀ ਰਿਕਾਡਿੰਗ ਦੀ ਵੀਡੀਓ ਵੀ ਸ਼ਿਕਾਇਤਕਰਤਾ ਵੱਲੋਂ ਦਿੱਤੀ ਗਈ ਹੈ।
ਸ਼ਿਕਾਇਤਕਰਤਾ ਅਨੁਸਾਰ ਇਹ ਬੰਦੇ ਪਿੰਡ ਦੇ ਇਕ ਲੜਕੇ (ਜੋ ਉਨ੍ਹਾਂ ਦੇ ਕੋਲ ਮਜਦੂਰੀ ਦਾ ਕੰਮ ਕਰਦਾ ਸੀ) ਨੂੰ ਉਸਦੀ ਹੀ ਸਕੂਟੀ ’ਤੇ ਬਿਠਾ ਕੇ ਲੈ ਗਏ। ਜਦੋਂ ਉਨ੍ਹਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਵੀ ਆਪਣੇ ਨਾਲ ਮੋਟਰ ਸਾਈਕਲ ਦੇ ਬਿਠਾ ਕੇ ਲੈ ਗਏ ਅਤੇ ਸਨੇਟਾ ਪੁਲੀਸ ਚੌਂਕੀ ਵਿੱਚ ਲਿਜਾ ਕੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਰਾਤ 10 ਵਜੇ ਛੱਡਿਆ। ਜਦੋਂ ਉਨ੍ਹਾਂ ਪੁਲੀਸ ਵਾਲਿਆਂ ਤੋਂ ਆਪਣੀ ਸਕੂਟੀ ਮੰਗੀ ਤਾਂ ਉਨ੍ਹਾਂ ਨੂੰ ਸਾਫ਼ ਇਨਕਾਰ ਕਰ ਦਿੱਤਾ ਗਿਆ।
ਸ਼ਿਕਾਇਤਕਰਤਾ ਅਨੁਸਾਰ ਬਾਅਦ ਵਿੱਚ ਉਨ੍ਹਾਂ ਨੂੰ ਪਤਾ ਲੱਗਿਆ ਕਿ ਪੁਲੀਸ ਵੱਲੋਂ ਉਨ੍ਹਾਂ ਦੇ ਬੇਟੇ ਦੇ ਖ਼ਿਲਾਫ਼ ਇਕ ਝੂਠੀ ਐਫ਼ਆਈਆਰ ਦਰਜ ਕਰਕੇ ਸਕੂਟੀ ਨੂੰ ਉਸ ਐਫ਼ਆਈਆਰ ਵਿੱਚ ਸ਼ਾਮਿਲ ਕਰ ਦਿੱਤਾ। ਪੁਲੀਸ ਵਾਲੇ ਜਿਹੜੀ ਰਕਮ ਉਨ੍ਹਾਂ ਦੇ ਘਰ ਤੋੱ ਲੈ ਕੇ ਗਏ ਸਨ ਉਸ ਵਿੱਚ 85000 ਰੁਪਏ ਡਰੱਗ ਮਨੀ ਸ਼ੋਅ ਕਰ ਦਿੱੱਤੀ ਗਈ ਤੇ ਬਾਕੀ ਪੈਸਿਆਂ ਦਾ ਕੁੱਝ ਪਤਾ ਨਹੀਂ। ਪੁਲੀਸ ਵਾਲਿਆਂ ਨੇ ਉਹਨਾਂ ਦੇ ਘਰ ਦੇ ਸਾਹਮਣੇ ਲੱਗੇ ਕੈਮਰੇ ਦੀ ਸਾਰੀ ਵੀਡਿਓ ਖਤਮ ਕਰ ਦਿੱਤੀ ਹੈ ਪਰੰਤੂ ਉਹਨਾਂ ਆਪਣੇ ਫੋਨ ਵਿੱਚ ਸਾਰੀ ਵੀਡਿਓ ਪਹਿਲਾਂ ਹੀ ਸੇਵ ਕਰ ਲਈ ਸੀ ਅਤੇ ਉਹਨਾਂ ਕੋਲ ਹੁਣੇ ਵੀ ਸਾਰੇ ਸਬੂਤ ਮੌਜੂਦ ਹਨ। ਸ਼ਿਕਾਇਤਕਰਤਾ ਨੇ ਮੰਗ ਕੀਤੀ ਹੈ ਕਿ ਉਸਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਜੋ ਇਹਨਾਂ ਪੁਲੀਸ ਵਾਲਿਆਂ ਨੇ ਮੇਰੇ ਬੇਟੇ ਤੋੱ ਝੂਠਾ ਕੇਸ ਬਣਾਇਆ ਹੈ ਉਸ ਦੀ ਜਾਂਚ ਇੱਕ ਵਿਸ਼ੇਸ਼ ਟੀਮ ਵੱਲੋੱ ਕਰਵਾਈ ਜਾਵੇ ਤੇ ਇਹਨਾਂ ਪੁਲੀਸ ਵਾਲਿਆਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਧਰ, ਐਸਐਸਸੀ ਕੁਲਦੀਪ ਸਿੰਘ ਚਾਹਲ ਦਾ ਕਹਿਣਾ ਹੈ ਕਿ ਸ਼ਿਕਾਇਤਕਰਤਾ ਉਨ੍ਰਾਂ ਨੂੰ ਨਿੱਜੀ ਤੌਰ ’ਤੇ ਨਹੀਂ ਮਿਲੇ ਹਨ ਅਤੇ ਜਿਹੜੀ ਵੀ ਸ਼ਿਕਾਇਤ ਉਨ੍ਹਾਂ ਨੂੰ ਭੇਜੀ ਗਈ ਹੈ। ਉਸ ਦੀ ਵੱਖ ਵੱਖ ਪਹਿਲੂਆਂ ’ਤੇ ਜਾਂਚ ਕਰਵਾ ਦੇ ਬਣਦੀ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਮਾਮਲੇ ਦੀ ਜਾਂਚ ਡੀਐਸਪੀ ਨੂੰ ਸੌਂਪੀ ਗਈ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …