
ਨਸ਼ਾ ਤਸਕਰੀ: ਪੌਣੇ ਤਿੰਨ ਅਫ਼ੀਮ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ
ਨਬਜ਼-ਏ-ਪੰਜਾਬ, ਮੁਹਾਲੀ, 2 ਅਪਰੈਲ:
ਜ਼ਿਲ੍ਹਾ ਮੁਹਾਲੀ ਪੁਲੀਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿਮ ਦੌਰਾਨ ਐਸਪੀ ਸ੍ਰੀਮਤੀ ਜਯੋਤੀ ਯਾਦਵ ਅਤੇ ਡੀਐਸਪੀ ਹਰਸਿਮਰਤ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਪੌਣੇ ਤਿੰਨ ਕਿੱਲੋ (2 ਕਿੱਲੋ 750 ਗਰਾਮ) ਅਫ਼ੀਮ ਬਰਾਮਦ ਕੀਤੀ ਗਈ ਹੈ।
ਬੀਤੇ ਦਿਨੀਂ 1 ਅਪਰੈਲ 2024 ਨੂੰ ਜ਼ਿਲ੍ਹਾ ਸੀਆਈਏ ਸਟਾਫ਼ ਦੀ ਟੀਮ ਮੈਕ-ਡੀ ਲਾਈਟਾਂ ਜ਼ੀਰਕਪੁਰ ਨੇੜੇ ਮੌਜੂਦ ਸੀ। ਜਿੱਥੇ ਐਸਆਈ ਰਾਜ ਕੁਮਾਰ ਨੂੰ ਮੁਖਬਰੀ ਮਿਲੀ ਕਿ ਮੁਲਜ਼ਮ ਉਮੇਸ਼ ਯਾਦਵ ਅਤੇ ਪ੍ਰਦੀਪ ਯਾਦਵ ਦੋਵੇਂ ਵਾਸੀ ਪਿੰਡ ਕੇਂਦੂਆ ਥਾਣਾ ਗਿਦੌਰ, ਜ਼ਿਲ੍ਹਾ ਚਤਰਾ, ਝਾਰਖੰਡ ਵੱਡੇ ਪੱਧਰ ’ਤੇ ਝਾਰਖੰਡ ਤੋਂ ਭਾਰੀ ਮਾਤਰਾ ਵਿੱਚ ਅਫ਼ੀਮ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਦੇ ਹਨ, ਇਹ ਦੋਵੇਂ ਪਹਿਲਾਂ ਵੀ ਝਾਰਖੰਡ ਤੋਂ ਅਫ਼ੀਮ ਲਿਆ ਕੇ ਪੰਜਾਬ ਵਿੱਚ ਸਪਲਾਈ ਕਰ ਚੁੱਕੇ ਹਨ। ਇਹ ਅੱਜ ਵੀ ਝਾਰਖੰਡ ਤੋਂ ਸੂਬੇ ਵਿੱਚ ਭਾਰੀ ਮਾਤਰਾ ਵਿੱਚ ਅਫ਼ੀਮ ਸਪਲਾਈ ਕਰਨ ਲਈ ਲੈ ਕੇ ਆਏ ਹਨ, ਜੋ ਪਿੰਡ ਛੱਤ ਟਰੈਫ਼ਿਕ ਲਾਈਟ ਪੁਆਇੰਟ ਨੇੜੇ ਆਪਣੇ ਕਿਸੇ ਗਾਹਕ ਦੀ ਉਡੀਕ ਕਰ ਰਹੇ ਹਨ।
ਸੂਚਨਾ ਮਿਲਣ ’ਤੇ ਪੁਲੀਸ ਨੇ ਥਾਪੇਮਾਰੀ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਦੇ ਖ਼ਿਲਾਫ਼ ਥਾਣਾ ਜ਼ੀਰਕਪੁਰ ਵਿੱਚ ਐਨਡੀਪੀਸੀ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ। ਮੌਕੇ ’ਤੇ ਡੀਐਸਪੀ ਸਿਮਰਤ ਸਿੰਘ ਦੀ ਹਾਜ਼ਰੀ ਵਿੱਚ ਮੁਲਜ਼ਮਾਂ ਦੇ ਬੈਗ ਦੀ ਤਲਾਸ਼ੀ ਕਰਨ ’ਤੇ ਬੈਗ ’ਚੋਂ 2 ਕਿੱਲੋ 750 ਗਰਾਮ ਅਫ਼ੀਮ ਬਰਾਮਦ ਕੀਤੀ ਗਈ। ਮੁਲਜ਼ਮ ਉਮੇਸ਼ ਯਾਦਵ ਅਤੇ ਪ੍ਰਦੀਪ ਯਾਦਵ ਦੋਵੇਂ ਬਾਰ੍ਹਵੀਂ ਪਾਸ ਹਨ ਅਤੇ ਅਨ-ਮੈਰਿਡ ਹਨ, ਜੋ ਅਫ਼ੀਮ ਦੀ ਖੇਪ ਹਜ਼ਾਰੀ ਬਾਗ, ਝਾਰਖੰਡ ਤੋਂ ਲੈ ਕੇ ਆਏ ਸੀ। ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਅਫ਼ੀਮ ਦੀ ਖੇਪ ਕਿਸ ਪਾਸੋਂ ਲੈ ਕੇ ਆਏ ਸੀ ਅਤੇ ਅੱਗੇ ਕਿਸ ਨੂੰ ਸਪਲਾਈ ਕਰਨੀ ਸੀ।