nabaz-e-punjab.com

ਪੰਜਾਬ ਦੀਆਂ ਜੇਲ੍ਹਾਂ ਵਿੱਚ ਖੁਲ੍ਹੇਆਮ ਹੁੰਦੀ ਹੈ ਨਸ਼ਿਆਂ ਦੀ ਵਿਕਰੀ: ਲੱਖਾ ਸਿਧਾਣਾ

ਜੇਲ੍ਹ ਵਿੱਚ ਵੱਡੀ ਪੱਧਰ ’ਤੇ ਚੱਲਦੇ ਭ੍ਰਿਸ਼ਟਾਚਾਰ ਦੀ ਨਿਰਪੱਖ ਜਾਂਚ ਮੰਗੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 2 ਜਨਵਰੀ:
ਫਰੀਦਕੋਟ ਜੇਲ੍ਹ ’ਚੋਂ ਰਿਹਾਅ ਹੋ ਕੇ ਆਏ ਪੰਜਾਬੀ ਹਿਤੈਸ਼ੀ ਅਤੇ ਫੈਡਰੇਸ਼ਨ ਆਗੂ ਲਖਵੀਰ ਸਿੰਘ ਲੱਖਾ ਸਿਧਾਣਾ ਅਤੇ ਫੈਡਰਲ ਭਾਰਤ ਜਮਹੂਰੀ ਪੰਜਾਬ ਦੇ ਬੁਲਾਰੇ ਡਾ ਜਗਜੀਤ ਸਿੰਘ ਚੀਮਾ, ਹਰਦੀਪ ਸਿੰਘ ਗੁਰੂਸਰ ਮਹਿਰਾਜ, ਮੈਡਮ ਹਰਪ੍ਰੀਤ ਬਰਾੜ ਨੇ ਅੱਜ ਇੱਥੇ ਇੱਕ ਪੱੱਤਰਕਾਰ ਸੰਮੇਲਨ ਦੌਰਾਨ ਦੋਸ਼ ਲਾਇਆ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਸ਼ਰੇਆਮ ਨਸ਼ਾ ਸਪਲਾਈ ਹੋ ਰਿਹਾ ਹੈ ਅਤੇ ਇਹਨਾਂ ਜੇਲ੍ਹਾਂ ਵਿੱਚ ਕੈਦੀਆਂ ਨੂੰ ਮਹਿੰਗੇ ਮੁੱਲ ਹਰ ਤਰ੍ਹਾਂ ਦਾ ਨਸ਼ਾ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਜੇਲ੍ਹਾਂ ਵਿੱਚ ਸੁਲਫਾ ਅਤੇ ਚਿੱਟਾ ਵੀ ਮਿਲ ਰਹੇ ਹਨ। ਇਹ ਜੇਲ੍ਹਾਂ ਸੁਧਾਰ ਘਰ ਦੀ ਥਾਂ ਵਿਗਾੜ ਘਰ ਬਣ ਗਈਆਂ ਹਨ। ਇਹਨਾਂ ਜੇਲ੍ਹਾਂ ਵਿੱਚ ਨੌਜਵਾਨਾਂ ਨੂੰ ਨਸ਼ੇ ਦੀ ਲੱਤ ਲਾ ਕੇ ਤਿਲ ਤਿਲ ਕਰਕੇ ਮਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਪੰਜਾਬ ਦੀਆਂ ਜੇਲ੍ਹਾਂ ਵਿਚ ਏਡਜ ਦੇ ਮਰੀਜਾਂ ਦੀ ਗਿਣਤੀ ਤੇਜੀ ਨਾਲ ਵੱਧ ਰਹੀ ਹੈ, ਜਿਸਦਾ ਮੁੱਖ ਕਾਰਨ ਇਕ ਹੀ ਸਰਿੰਜ ਨਾਲ 50-50 ਟੀਕੇ ਲਾਉਣਾ ਹੈ।
ਉਹਨਾਂ ਦੋਸ਼ ਲਗਾਇਆ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਮਨੁੱਖੀ ਅਧਿਕਾਰਾਂ ਦੀ ਵੀ ਉਲੰਘਣਾ ਕੀਤੀ ਜਾਂਦੀ ਹੈ ਅਤੇ ਕੈਦੀਆਂ ਨੂੰ ਡੰਗਰਾਂ ਵਾਂਗ ਕੁਟਿਆ ਜਾਂਦਾ ਹੈ। ਆਮ ਕੈਦੀਆਂ ਨੂੰ ਏਨਾ ਮਾੜਾ ਖਾਣਾ ਦਿੱਤਾ ਜਾਂਦਾ ਹੈ ਕਿ ਉਸ ਖਾਣੇ ਵੱਲ ਦੇਖਣ ਨੂੰ ਵੀ ਦਿਲ ਨਹੀਂ ਕਰਦਾ। ਉਹਨਾਂ ਕਿਹਾ ਕਿ ਰਾਸ਼ਟਰੀ ਤਿਉਹਾਰਾਂ ਦੇ ਮੌਕੇ ਕੈਦੀਆਂ ਨੂੰ ਜੇਲ੍ਹ ਵਿੱਚ ਵਧੀਆ ਖਾਣਾ ਦੇਣ ਲਈ ਕਰੋੜਾਂ ਰੁਪਏ ਦਾ ਫੰਡ ਆਉੱਦਾ ਹੈ ਪਰ ਕੈਦੀਆਂ ਨੂੰ ਇਹਨਾਂ ਰਾਸਟਰੀ ਤਿਉਹਾਰਾਂ ਮੌਕੇ ਵੀ ਚੰਗਾ ਖਾਣਾ ਨਹੀਂ ਦਿੱਤਾ ਜਾਂਦਾ।
ਉਹਨਾਂ ਕਿਹਾ ਕਿ ਫਰੀਦਕੋਟ ਦੀ ਜੇਲ੍ਹ ਦਾ ਪੰਜਾਬ ਵਿੱਚ ਸਭ ਤੋਂ ਮਾੜਾ ਹਾਲ ਹੈ। ਇਸ ਜੇਲ੍ਹ ਵਿੱਚ ਕੈਦੀਆਂ ਦੇ ਵਰਤਣ ਲਈ ਹਰ ਦਿਨ 20 ਗੈਸ ਸਿਲੰਡਰ ਰਾਖਵੇਂ ਰੱਖੇ ਗਏ ਹਨ। ਜਿਸ ’ਚੋਂ ਸਿਰਫ 12 ਸਿਲੰਡਰ ਹੀ ਜੇਲ੍ਹ ਵਿੱਚ ਆਉਂਦੇ ਹਨ ਬਾਕੀ 8 ਸਿਲੰਡਰ ਸੁਰੱਖਿਆ ਮੁਲਾਜ਼ਮਾਂ ਦੇ ਘਰਾਂ ਦਾ ਸ਼ਿੰਗਾਰ ਬਣ ਜਾਂਦੇ ਹਨ। ਇਸ ਤੋਂ ਇਲਾਵਾ ਕੈਦੀਆਂ ਲਈ ਆਉੱਦੇ ਨਵੇੱ ਭਾਂਡੇ ਅਤੇ ਨਵੇਂ ਕੱਪੜੇ ਵੀ ਸੁਰੱਖਿਆ ਕਰਮਚਾਰੀਆਂ ਦੇ ਘਰਾਂ ਵਿੱਚ ਭੇਜੇ ਜਾਂਦੇ ਹਨ, ਕੈਦੀਆਂ ਲਈ ਆਉੱਦੇ ਕੁੜਤੇ ਪਜਾਮੇ, ਗਲਾਸ, ਚਮਚੇ, ਪਲੇਟਾਂ ਸਭ ਕੁਝ ਭ੍ਰਿਸਟਾਚਾਰ ਦੀ ਭੇੱਟ ਚੜ ਜਾਂਦਾ ਹੈ।
ਉਹਨਾਂ ਕਿਹਾ ਕਿ ਰਾਜਸੀ ਕੈਦੀਆਂ ਨੂੰ ਛੱਡ ਕੇ 12 ਸੋ ਰੁਪਏ ਪ੍ਰਤੀ ਮਹੀਨਾ ਪ੍ਰਤੀ ਕੈਦੀ ਨੂੰ ਮੁਸ਼ੱਕਤ ਮਿਲਦੀ ਹੈ ਪਰ ਇਹ ਸਾਰਾ ਕੁਝ ਕਾਗਜੀ ਕਾਰਵਾਈ ਬਣ ਕੇ ਰਹਿ ਜਾਂਦਾ ਹੈ। ਉਹਨਾਂ ਕਿਹਾ ਕਿ ਜੇਲ੍ਹ ਪ੍ਰਸਾਸਨ ਵੱਲੋਂ ਜੋ ਜੇਲ੍ਹ ਗਾਰਦ ਦੀ ਘਾਟ ਬਾਰੇ ਰੌਲਾ ਪਾਇਆ ਜਾਂਦਾ ਹੈ, ਉਹ ਵੀ ਗੁੰਮਰਾਹਕੁੰਨ ਪ੍ਰਚਾਰ ਹੈ, ਅਸਲ ਵਿੱਚ ਸੁਪਰਡੈਂਟ ਅਤੇ ਡਿਪਟੀ ਸੁਪਰਡੈਂਟ ਨੇ 10-10 ਸੁਰਖਿਆ ਕਰਮੀਆਂ ਨੂੰ ਆਪਣੇ ਘਰਾਂ ਦੇ ਨਿਜੀ ਕੰਮਾਂ ਲਈ ਰੱਖਿਆ ਹੋਇਆ ਹੈ। ਇਸ ਸੁਰਖਿਆ ਮੁਲਾਜਮ ਸੁਪਰਡੈਂਟ ਅਤੇ ਡਿਪਟੀ ਸੁਪਰਡੈਂਟ ਦੇ ਬੱਚਿਆਂ ਨੂੰ ਸਕੂਲ ਛੱਡ ਕੇ ਤੇ ਲੈ ਕੇ ਆਉੱਦੇ ਹਨ ਅਤੇ ਇਹਨਾਂ ਦੀਆਂ ਪਤਨੀਆਂ ਨੂੰ ਬਾਜ਼ਾਰਾਂ ਵਿੱਚ ਖਰੀਦੋ ਫਰੋਖਤ ਕਰਵਾਉਂਦੇ ਹਨ।
ਉਹਨਾਂ ਕਿਹਾ ਕਿ ਫਰੀਦਕੋਟ ਜੇਲ੍ਹ ਦੇ ਸੁਪਰਡੈਂਟ ਸਮੇਤ 23 ਹੋਰ ਬੰਦਿਆਂ ਉਪਰ ਅੰਮ੍ਰਿਤਸਰ ਜੇਲ੍ਹ ਵਿੱਚ ਇਕ ਬੇਕਸੂਰ ਕੈਦੀ ਨੂੰ ਬੇਰਹਿਮੀ ਨਾਲ ਕੁਟ ਕੁਟ ਕੇ ਮਾਰ ਸਬੰਧੀ ਧਾਰਾ 302 ਭਾਰਤੀ ਦੰਡਾਵਲੀ ਕਾਨੂੰਨ ਤਹਿਤ ਪਰਚਾ ਦਰਜ ਹੈ। ਉਹਨਾਂ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਜੁਰਮ ਦਾ ਅੱਡਾ ਬਣ ਚੁੱਕੀਆਂ ਹਨ ਅਤੇ ਸਰਕਾਰ ਅਜਿਹੇ ਅਧਿਕਾਰੀਆਂ ਦੀ ਪੁਸ਼ਤਪਨਾਹੀ ਕਰ ਰਹੀ ਹੈ। ਉਹਨਾਂ ਕਿਹਾ ਕਿ ਫਰੀਦਕੋਟ ਜੇਲ੍ਹ ਵਿੱਚ ਮੰਡੀਆਂ ਦੇ ਭਾਅ ਵਾਂਗ ਹੀ ਨਸ਼ਿਆਂ ਦੇ ਭਾਅ ਵੀ ਹਰ ਦਿਨ ਹੀ ਨਿਸ਼ਚਿਤ ਕੀਤੇ ਜਾਂਦੇ ਹਨ। ਬੀੜੀ ਕਦੇ 150 ਰੁਪਏ ਦੀ ਤੇ ਫਿਰ ਮੰਗ ਵੱਧਣ ਤੇ 300 ਰੁਪਏ ਦੀ ਵੇਚੀ ਜਾਂਦੀ ਹੈ, ਸੁਲਫੇ ਦੀ ਇਕ ਗੋਲੀ 100 ਰੁਪਏ ਦੀ, ਐਡ ਨੌਕਐਨ ਦੀ ਗੋਲੀ 300 ਰੁਪਏ ਵਿਚ ਦਿਤੀ ਜਾਂਦੀ ਹੈ।
ਉਹਨਾਂ ਕਿਹਾ ਕਿ ਫਰੀਦਕੋਟ ਜੇਲ੍ਹ ਵਿੱਚ ਉਹਨਾਂ ਅਜਿਹੇ ਨੌਜਵਾਨ ਵੀ ਦੇਖੇ ਹਨ ਜੋ ਕਿ ਪਹਿਲਾਂ ਖੇਡਾਂ ਵਿੱਚ ਹਿੱਸਾ ਲੈਂਦੇ ਸਨ ਪਰ ਜੇਲ੍ਹ ਵਿੱਚ ਆਉਣ ਤੋੱ ਬਾਅਦ ਉਹ ਨਸ਼ੇ ਦੀ ਦਲਦਲ ਵਿੱਚ ਫਸ ਗਏ ਹਨ। ਉਹਨਾਂ ਕਿਹਾ ਕਿ ਫਰੀਦਕੋਟ ਜੇਲ੍ਹ ਵਿਚ ਵੱਡੀ ਗਿਣਤੀ ਵਿੱਚ ਕੈਦੀ ਏਡਜ ਅਤੇ ਪੀਲੀਏ ਤੋੱ ਪੀੜਤ ਹਨ, ਜਿਨ੍ਹਾਂ ਦਾ ਸਹੀ ਤਰੀਕੇ ਨਾਲ ਇਲਾਜ ਨਹੀਂ ਕਰਵਾਇਆ ਜਾ ਰਿਹਾ। ਉਹਨਾਂ ਕਿਹਾ ਕਿ ਜੇਲ੍ਹਾਂ ਵਿੱਚ ਨਸ਼ੇ ਦੀ ਤਸਕਰੀ ਪ੍ਰਸ਼ਾਸ਼ਨ ਦੀ ਮਿਲੀਭੁਗਤ ਨਾਲ ਹੀ ਹੋ ਰਹੀ ਹੈ। ਉਹਨਾਂ ਮੰਗ ਕੀਤੀ ਕਿ ਇਸ ਸਭ ਮਾਮਲੇ ਦੀ ਨਿਰਪੱਖ ਏਜੰਸੀ ਤੋੱ ਜਾਂਚ ਕਰਵਾਈ ਜਾਵੇ।

Load More Related Articles

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…