ਦੋ ਗੁੱਟਾਂ ਵਿੱਚ ਲੜਾਈ ਤੋਂ ਬਾਅਦ ਡੀਐਸਪੀ ਤੇ ਥਾਣਾ ਮੁਖੀ ਨੇ ਚਲਾਇਆ ਸਰਚ ਅਭਿਆਨ
ਇੱਕ-ਇੱਕ ਝੁੱਗੀ ਨੂੰ ਕੀਤਾ ਚੈੱਕ, ਪ੍ਰਵਾਸੀਆਂ ਨੂੰ ਜ਼ਾਬਤੇ ਵਿੱਚ ਰਹਿਣ ਦਾ ਪੜ੍ਹਾਇਆ ਪਾਠ
ਤਿੰਨ ਮੁਲਜ਼ਮਾਂ ਦਾ ਇੱਕ ਰੋਜ਼ਾ ਪੁਲੀਸ ਰਿਮਾਂਡ, ਇੱਕ ਹੋਰ ਮੁਲਜ਼ਮ ਗ੍ਰਿਫ਼ਤਾਰ
ਨਬਜ਼-ਏ-ਪੰਜਾਬ, ਮੁਹਾਲੀ, 4 ਫਰਵਰੀ:
ਇੱਥੋਂ ਦੀ ਗੁਰੂ ਨਾਨਕ ਕਲੋਨੀ ਜਗਤਪੁਰਾ ਵਿੱਚ ਬੀਤੇ ਦਿਨੀਂ ਦੋ ਗੁੱਟਾਂ ਵਿੱਚ ਹੋਈ ਝੜਪ ਤੋਂ ਬਾਅਦ ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਦੀ ਅਗਵਾਈ ਹੇਠ ਕਲੋਨੀ ਵਿੱਚ ਸਰਚ ਅਭਿਆਨ ਚਲਾਇਆ ਗਿਆ। ਇਸ ਮੌਕੇ ਫੇਜ਼-11 ਥਾਣਾ ਦੇ ਐਸਐਚਓ ਇੰਸਪੈਕਟਰ ਗਗਨਦੀਪ ਸਿੰਘ ਅਤੇ ਹੋਰ ਥਾਣੇਦਾਰ ਅਤੇ ਕਰਮਚਾਰੀ ਵੀ ਹਾਜ਼ਰ ਸਨ। ਇਸ ਦੌਰਾਨ ਪੁਲੀਸ ਨੇ ਇੱਕ-ਇੱਕ ਝੁੱਗੀ ਦੀ ਜਾਂਚ ਕੀਤੀ ਅਤੇ ਕਲੋਨੀ ਵਿੱਚ ਰਹਿੰਦੇ ਬਾਹਰਲੇ ਰਾਜਾਂ ਦੇ ਵਿਅਕਤੀਆਂ ਦੀ ਜਾਂਚ ਕੀਤੀ। ਦੌਰਾਨ ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਹਿੰਮਤ ਸਿੰਘ ਵਾਸੀ ਮੁਹਾਲੀ ਪਿੰਡ, ਯੋਧ ਸਿੰਘ ਵਾਸੀ ਪਾਤੜਾਂ (ਪਟਿਆਲਾ) ਅਤੇ ਅਕਸ਼ੈ ਕੁਮਾਰ ਵਾਸੀ ਜਗਤਪੁਰਾ ਕਲੋਨੀ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਹਿਰਾਸਤ ਵਿੱਚ ਲਿਆ ਗਿਆ। ਜਿਨ੍ਹਾਂ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।
ਇਸ ਝਗੜੇ ਵਿੱਚ ਜ਼ਖ਼ਮੀ ਹੋਏ ਰਮੇਸ਼ ਕੁਮਾਰ ਦੇ ਸਿਰ ਵਿੱਚ 16 ਅਤੇ ਹੱਥ ’ਤੇ ਚਾਰ ਟਾਂਕੇ ਅਤੇ ਮਨੀ ਦੇ ਸਿਰ ਵਿੱਚ ਸੱਤ ਟਾਂਕੇ ਲੱਗੇ ਹਨ। ਦੋਵੇਂ ਜ਼ਖ਼ਮੀ ਸਰਕਾਰੀ ਹਸਪਤਾਲ ਫੇਜ਼-6 ਵਿੱਚ ਜੇਰੇ ਇਲਾਜ ਹਨ। ਇੱਕ ਹਮਲਾਵਰ ਰਵੀ ਕੁਮਾਰ ਵੀ ਇਸੇ ਹਸਪਤਾਲ ਵਿੱਚ ਦਾਖ਼ਲ ਹਨ। ਛੁੱਟੀ ਮਿਲਣ ’ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਥਾਣਾ ਮੁਖੀ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੇ ਕਬਜ਼ੇ ’ਚੋਂ ਤਲਵਾਰ ਅਤੇ ਹੋਰ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਗਏ ਹਨ। ਪੁਲੀਸ ਵੱਲੋਂ ਮੁਲਜ਼ਮਾਂ ਦੇ ਪਿਛੋਕੜ ਬਾਰੇ ਪਤਾ ਲਗਾਇਆ ਜਾ ਰਿਹਾ ਹੈ।
ਇਸ ਮੌਕੇ ਡੀਐਸਪੀ ਹਰਸਿਮਰਨ ਸਿੰਘ ਬੱਲ ਨੇ ਕਲੋਨੀ ਵਿੱਚ ਪ੍ਰਵਾਸੀ ਪਰਿਵਾਰਾਂ ਨੂੰ ਜ਼ਾਬਤੇ ਵਿੱਚ ਰਹਿਣ ਦਾ ਪਾਠ ਪੜ੍ਹਾਉਂਦੇ ਹੋਏ ਸਖ਼ਤ ਚਿਤਾਵਨੀ ਦਿੱਤੀ ਕਿ ਹੁੱਲੜਬਾਜ਼ੀ ਅਤੇ ਅਮਨ ਕਾਨੂੰਨ ਦੀ ਸਥਿਤੀ ਭੰਗ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆਂ ਨਹੀਂ ਜਾਵੇਗਾ। ਉਨ੍ਹਾਂ ਥਾਣਾ ਮੁਖੀ ਨੂੰ ਹਦਾਇਤ ਕੀਤੀ ਕਿ ਕਲੋਨੀ ਵਿੱਚ ਰਹਿੰਦੇ ਵਿਅਕਤੀਆਂ ਦੀ ਪੁਲੀਸ ਵੈਰੀਫ਼ਿਕੇਸ਼ਨ ਕੀਤੀ ਜਾਵੇ ਅਤੇ ਉਨ੍ਹਾਂ ਦੇ ਪਿਛੋਕੜ ਅਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਲੋਨੀਆਂ ਵਿੱਚ ਪੁਲੀਸ ਗਸ਼ਤ ਤੇਜ਼ ਕੀਤੀ ਜਾਵੇਗੀ।