Nabaz-e-punjab.com

ਘਰੇਲੂ ਹਿੰਸਾ: ਡੀਐਸਪੀ ਅਤੁਲ ਸੋਨੀ ਦੀ ਪੱਕੀ ਜ਼ਮਾਨਤ ਦੀ ਅਰਜ਼ੀ ’ਤੇ ਸੁਣਵਾਈ ਟਲੀ

ਮੁਹਾਲੀ ਅਦਾਲਤ ਵੱਲੋਂ ਡੀਐਸਪੀ ਦੀ ਪਤਨੀ ਸ੍ਰੀਮਤੀ ਸੋਨੀ ਨੂੰ ਜਾਂਚ ’ਚ ਸ਼ਾਮਲ ਹੋਣ ਦੇ ਆਦੇਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਮਾਰਚ:
ਘਰੇਲੂ ਝਗੜੇ ਦੌਰਾਨ ਆਪਣੀ ਪਤਨੀ ’ਤੇ ਕਥਿਤ ਤੌਰ ’ਤੇ ਫਾਇਰਿੰਗ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਪੁਲੀਸ ਦੇ ਮੁਅੱਤਲ ਡੀਐਸਪੀ ਅਤੁਲ ਸੋਨੀ ਦੀ ਪੱਕੀ ਜ਼ਮਾਨਤ ਦੀ ਅਰਜ਼ੀ ’ਤੇ ਸੁਣਵਾਈ ਅੱਗੇ ਟਲ ਗਈ ਹੈ। ਅੱਜ ਡੀਐਸਪੀ ਸੋਨੀ ਦੀ ਸ਼ਿਕਾਇਤ ਕਰਤਾ ਪਤਨੀ ਸ੍ਰੀਮਤੀ ਸੁਨੀਤਾ ਸੋਨੀ ਵੀ ਅਦਾਲਤ ਵਿੱਚ ਪੇਸ਼ ਹੋਏ। ਬਚਾਅ ਪੱਖ ਦੇ ਵਕੀਲ ਐਚਐਸ ਧਨੋਆ ਨੇ ਜਿਰ੍ਹਾ ਕਰਦਿਆਂ ਕਿਹਾ ਕਿ ਡੀਐਸਪੀ ਖ਼ਿਲਾਫ਼ ਉਸ ਦੀ ਪਤਨੀ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ ਸੀ ਪ੍ਰੰਤੂ ਹੁਣ ਸ਼ਿਕਾਇਤਕਰਤਾ ਖ਼ੁਦ ਇਹ ਕਹਿ ਰਹੀ ਹੈ ਕਿ ਉਨ੍ਹਾਂ ਦਾ ਮਾਮੂਲੀ ਘਰੇਲੂ ਝਗੜਾ ਸੀ ਅਤੇ ਡੀਐਸਪੀ ਨੇ ਉਸ ’ਤੇ ਪਿਸਤੌਲ ਨਹੀਂ ਤਾਣੀ ਸੀ। ਲਿਹਾਜ਼ਾ ਡੀਐਸਪੀ ਸੋਨੀ ਨੂੰ ਪੱਕੀ ਜ਼ਮਾਨਤ ਦਿੱਤੀ ਜਾਵੇ।
ਉਧਰ, ਸਰਕਾਰੀ ਵਕੀਲ ਪ੍ਰਿਥਵੀ ਰਾਜ ਸਿੰਘ ਬਰਾੜ ਨੇ ਡੀਐਸਪੀ ਨੂੰ ਜ਼ਮਾਨਤ ਦੇਣ ਦਾ ਵਿਰੋਧ ਕਰਦਿਆਂ ਕਿਹਾ ਕਿ ਪੁਲੀਸ ਅਧਿਕਾਰੀ ਦੇ ਖ਼ਿਲਾਫ਼ ਗੰਭੀਰ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਘਰੋਂ ਨਾਜਾਇਜ਼ ਅਸਲਾ ਵੀ ਮਿਲਿਆ ਹੈ। ਉਹ ਬਾਹਰ ਆ ਕੇ ਕੇਸ ਦੀ ਜਾਂਚ ਨੂੰ ਪ੍ਰਭਾਵਿਤ ਕਰ ਸਕਦੇ ਹਨ ਅਤੇ ਸ਼ਿਕਾਇਤਾਂ ਕਰਤਾ ਅਤੇ ਗਵਾਹਾਂ ਨੂੰ ਡਰਾ ਧਮਕਾ ਸਕਦੇ ਹਨ। ਉਂਜ ਵੀ ਸ੍ਰੀਮਤੀ ਸੋਨੀ ਹੁਣ ਤੱਕ ਜਾਂਚ ਸ਼ਾਮਲ ਨਹੀਂ ਹੋਏ ਹਨ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸ੍ਰੀਮਤੀ ਸੁਨੀਤਾ ਸੋਨੀ ਨੂੰ ਆਦੇਸ਼ ਦਿੱਤੇ ਕਿ ਪਹਿਲਾਂ ਉਹ ਪੁਲੀਸ ਜਾਂਚ ਵਿੱਚ ਸ਼ਾਮਲ ਹੋਣ। ਇਸ ਤੋਂ ਬਾਅਦ ਸੁਣਵਾਈ ਕੀਤੀ ਜਾਵੇਗੀ। ਇਸ ਤਰ੍ਹਾਂ ਜੱਜ ਨੇ ਕੁਝ ਸਮੇਂ ਲਈ ਸੁਣਵਾਈ ਟਾਲ ਦਿੱਤੀ।
ਇੰਜ ਅਦਾਲਤ ਦੇ ਹੁਕਮਾਂ ’ਤੇ ਸ੍ਰੀਮਤੀ ਸੋਨੀ ਪੁਲੀਸ ਨੂੰ ਜਾਂਚ ਵਿੱਚ ਸਹਿਯੋਗ ਦੇਣ ਦੀ ਰਾਜ਼ੀ ਹੋ ਗਈ ਅਤੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਅਮਨਦੀਪ ਕੌਰ ਨੇ ਅਦਾਲਤ ਦੇ ਬਾਹਰ ਲੱਗੀਆਂ ਕੁਰਸੀਆਂ ’ਤੇ ਬੈਠ ਕੇ ਸ੍ਰੀਮਤੀ ਸੋਨੀ ਤੋਂ ਪੁੱਛਗਿੱਛ ਕੀਤੀ। ਥੋੜੀ ਦੇਰ ਬਾਅਦ ਉਹ ਸ੍ਰੀਮਤੀ ਸੋਨੀ ਅਦਾਲਤ ’ਚੋਂ ਕਿਸੇ ਅਣਦੱਸੀ ਥਾਂ ’ਤੇ ਲੈ ਗਏ। ਸਰਕਾਰੀ ਵਕੀਲ ਦੇ ਸੱਦਣ ’ਤੇ ਜਾਂਚ ਅਧਿਕਾਰੀ ਅਤੇ ਸ੍ਰੀਮਤੀ ਸੋਨੀ ਮੁੜ ਅਦਾਲਤ ਕੰਪਲੈਕਸ ਵਿੱਚ ਆ ਗਏ ਅਤੇ ਦੁਬਾਰਾ ਫਿਰ ਦੋਵੇਂ ਧਿਰਾਂ ਜੱਜ ਅੱਗੇ ਪੇਸ਼ ਹੋਈਆਂ। ਇਸ ਮੌਕੇ ਜਾਂਚ ਅਧਿਕਾਰੀ ਨੇ ਅਦਾਲਤ ਨੂੰ ਕਿਹਾ ਕਿ ਉਹ ਨਿਯਮਾਂ ਤਹਿਤ ਸ੍ਰੀਮਤੀ ਸੋਨੀ ਨੂੰ ਥਾਣੇ ਵਿੱਚ ਹੀ ਜਾਂਚ ਜੁਆਇਨ ਕਰਵਾ ਸਕਦੇ ਹਨ। ਬਚਾਅ ਪੱਖ ਨੇ ਪੁਲੀਸ ਦੀਆਂ ਦਲੀਲਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਹੁਣ ਜਦੋਂ ਸ਼ਿਕਾਇਤ ਕਰਤਾ ਜਾਂਚ ਵਿੱਚ ਸ਼ਾਮਲ ਹੋਣ ਲਈ ਰਾਜ਼ੀ ਹੋ ਗਏ ਹਨ ਅਤੇ ਅਦਾਲਤ ਦੇ ਹੁਕਮਾਂ ’ਤੇ ਜਾਂਚ ਜੁਆਇਨ ਵੀ ਕਰ ਲਈ ਹੈ ਤਾਂ ਹੁਣ ਥਾਣੇ ਵਿੱਚ ਜਾ ਕੇ ਜਾਂਚ ਜੁਆਇਨ ਦੀ ਕੋਈ ਤੁਕ ਨਹੀਂ ਬਣਦੀ ਹੈ। ਜਾਂਚ ਅਧਿਕਾਰੀ ਜੋ ਵੀ ਪੁੱਛਗਿੱਛ ਕਰਨਾ ਚਾਹੁੰਦੇ ਹਨ, ਉਹ ਅਦਾਲਤ ਕੰਪਲੈਕਸ ਵਿੱਚ ਵੀ ਕਰ ਸਕਦੇ ਹਨ। ਅਦਾਲਤ ਨੇ ਸਾਰੇ ਪਹਿਲੂਆਂ ’ਤੇ ਗੌਰ ਕਰਦਿਆਂ ਸ੍ਰੀਮਤੀ ਸੋਨੀ ਨੂੰ ਸ਼ਾਮ 5 ਵਜੇ ਤੋਂ ਪਹਿਲਾਂ ਪਹਿਲਾਂ ਥਾਣੇ ਪਹੁੰਚ ਕੇ ਜਾਂਚ ਵਿੱਚ ਸ਼ਾਮਲ ਹੋਣ ਦੇ ਆਦੇਸ਼ ਜਾਰੀ ਕਰਦਿਆਂ ਡੀਐਸਪੀ ਦੀ ਪੱਕੀ ਜ਼ਮਾਨਤ ਦੀ ਅਰਜ਼ੀ ’ਤੇ ਸੁਣਵਾਈ 19 ਮਾਰਚ ਤੱਕ ਅੱਗੇ ਟਾਲ ਦਿੱਤੀ ਹੈ।
ਜਾਣਕਾਰੀ ਅਨੁਸਾਰ ਡੀਐਸਪੀ ਅਤੁਲ ਸੋਨੀ ਖ਼ਿਲਾਫ਼ ਉਸ ਦੀ ਪਤਨੀ ਸ੍ਰੀਮਤੀ ਸੁਨੀਤਾ ਸੋਨੀ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਬੀਤੀ 19 ਜਨਵਰੀ ਨੂੰ ਸੈਂਟਰਲ ਥਾਣਾ ਫੇਜ਼-8 ਵਿੱਚ ਧਾਰਾ 307, 323, 498ਏ ਅਤੇ ਅਸਲਾ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਜਾਂਚ ਅਧਿਕਾਰੀ ਦੀ ਅਪੀਲ ’ਤੇ ਮੁਹਾਲੀ ਅਦਾਲਤ ਨੇ ਬੀਤੀ 5 ਫਰਵਰੀ ਨੂੰ ਸੋਨੀ ਦੇ ਗੈਰ ਜ਼ਮਾਨਤੀ ਗ੍ਰਿਫ਼ਤਾਰੀ ਵਰੰਟ ਜਾਰੀ ਕੀਤੇ ਗਏ ਸੀ। ਪਿਛਲੇ ਦਿਨੀਂ ਉਸ ਨੇ ਪੁਲੀਸ ਨੂੰ ਝਕਾਨੀ ਦੇ ਕੇ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਗਿਆ ਸੀ।

Load More Related Articles
Load More By Nabaz-e-Punjab
Load More In Court and Police

Check Also

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ ਮੁਹਾਲੀ ਅਦ…