ਡੀਐਸਪੀ ਗੁਰਸ਼ੇਰ ਸੰਧੂ ਦੀਆਂ ਮੁਸ਼ਕਲਾਂ ਵਧੀਆਂ, ਸਟੇਟ ਕਰਾਈਮ ਥਾਣੇ ’ਚ ਪਰਚਾ ਦਰਜ

ਹਾਈ ਕੋਰਟ ਦੇ ਹੁਕਮਾਂ ’ਤੇ ਡੀਆਈਜੀ ਦੀ ਜਾਂਚ ਰਿਪੋਰਟ ਨੂੰ ਆਧਾਰ ਬਣਾ ਕੀਤਾ ਕੇਸ ਦਰਜ

ਨਬਜ਼-ਏ-ਪੰਜਾਬ, ਮੁਹਾਲੀ, 17 ਅਕਤੂਬਰ:
ਪੰਜਾਬ ਪੁਲੀਸ ਦੇ ਬਹੁ-ਚਰਚਿਤ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਉਨ੍ਹਾਂ ਖ਼ਿਲਾਫ਼ ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣਾ ਮੁਹਾਲੀ ਵਿੱਚ ਧਾਰਾ 419, 465, 467, 468, 471 ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖਵੱਖ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਹਾਈ ਕੋਰਟ ਦੇ ਹੁਕਮਾਂ ’ਤੇ ਡੀਆਈਜੀ ਦੀ ਜਾਂਚ ਰਿਪੋਰਟ ਨੂੰ ਆਧਾਰ ਬਣਾ ਕੇ ਇਹ ਤਾਜ਼ਾ ਕਾਰਵਾਈ ਕੀਤੀ ਗਈ ਹੈ। ਉਧਰ, ਐਨਕਾਉਂਟਰ ਸਪੈਸ਼ਲਿਸਟ ਡੀਐਸਪੀ ਸੰਧੂ ਪਹਿਲਾਂ ਹੀ ਗੈਂਗਸਟਰ ਲਾਰੈਂਸ ਬਿਸਨੋਈ ਦੀ ਸੀਆਈਏ ਸਟਾਫ਼ ਵਿੱਚ ਵਿਸ਼ੇਸ਼ ਇੰਟਰਵਿਊ ਕਰਵਾਉਣ ਦੇ ਕਥਿਤ ਗੰਭੀਰ ਦੋਸ਼ਾਂ ਦੇ ਸਾਹਮਣਾ ਕਰ ਰਹੇ ਹਨ। ਡੀਐਸਪੀ ਸੰਧੂ ’ਤੇ ਆਪਣੇ ਦੋਸਤ ਬਲਜਿੰਦਰ ਸਿੰਘ ਤੋਂ ਵੱਖ-ਵੱਖ ਵਿਅਕਤੀਆਂ ਖ਼ਿਲਾਫ਼ ਸ਼ਿਕਾਇਤਾਂ ਕਰਵਾਉਣ ਅਤੇ ਉਨ੍ਹਾਂ ਦੀ ਖ਼ੁਦ ਹੀ ਜਾਂਚ ਕਰਨ ਦਾ ਦੋਸ਼ ਹੈ। ਹਾਲਾਂਕਿ ਕੇਸ ਡੀਐਸਪੀ ਸੰਧੂ ਦੇ ਖ਼ਿਲਾਫ਼ ਦਰਜ ਹੋਇਆ ਹੈ ਪਰ ਉਸ ਸਮੇਂ ਦੇ ਸੀਨੀਅਰ ਅਧਿਕਾਰੀ ਵੀ ਸੱਕ ਦੇ ਘੇਰੇ ਹਨ ਕਿਉਂਕਿ ਉਕਤ ਸਾਰੀਆਂ ਸ਼ਿਕਾਇਤਾਂ ਦੀ ਜਾਂਚ ਸੰਧੂ ਹੀ ਸੌਂਪੀ ਜਾਂਦੀ ਰਹੀ ਹੈ। ਇਸ ਮਾਮਲੇ ਤੋਂ ਪਰਦਾ ਉਦੋਂ ਉਠਿਆਂ ਜਦੋਂ ਡੀਐਸਪੀ ਸੰਧੂ ਦੀ ਉਸ ਦੇ ਖਾਸ ਦੋਸਤ ਨਾਲ ਕਿਸੇ ਗੱਲ ਨੂੰ ਲੈ ਕੇ ਅਣਬਣ ਹੋ ਗਈ। ਸੂਤਰ ਦੱਸਦੇ ਹਨ ਕਿ ਦੋਵਾਂ ਵਿੱਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਖੜਕੀ ਹੈ ਅਤੇ ਉਸ ਨੇ ਸੰਧੂ ਦੇ ਖ਼ਿਲਾਫ਼ ਸ਼ਿਕਾਇਤ ਦੇ ਕੇ ਸਾਰਾ ਕੁੱਝ ਉਗਲ ਦਿੱਤਾ।
ਹਾਈ ਕੋਰਟ ਦੇ ਹੁਕਮਾਂ ’ਤੇ ਡੀਐਸਪੀ ਖ਼ਿਲਾਫ਼ ਜਾਂਚ ਸ਼ੁਰੂ ਹੋਈ। ਬਲਜਿੰਦਰ ਸਿੰਘ ਦੇ ਦੋਸ਼ਾਂ ਬਾਰੇ ਕੀਤੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਸ਼ਿਕਾਇਤਕਰਤਾ ਦੇ ਡੀਐਸਪੀ ਗੁਰਸ਼ੇਰ ਸਿੰਘ ਨਾਲ ਚੰਗੇ ਸਬੰਧ ਸਨ। ਡੀਐਸਪੀ ਦੇ ਕਹਿਣ ’ਤੇ ਉਸ ਨੇ ਐੱਸਐੱਸਪੀ ਮੁਹਾਲੀ ਨੂੰ ਕੁੱਝ ਝੂਠੀਆਂ ਸ਼ਿਕਾਇਤਾਂ ਕੀਤੀਆਂ ਸਨ। ਅਜਿਹੀ ਹੀ ਇੱਕ ਝੂਠੀ ਸ਼ਿਕਾਇਤ ਬਲਜਿੰਦਰ ਨੇ ਅਸ਼ੋਕ ਕੁਮਾਰ ਅਤੇ ਸਮੋ ਦੇਵੀ ਖ਼ਿਲਾਫ਼ ਦਿੱਤੀ ਸੀ ਕਿ ਪਿੰਡ ਗੋਬਿੰਦਗੜ੍ਹ (ਮੁਹਾਲੀ) ਵਿੱਚ 10 ਮਰਲੇ ਦੇ ਪਲਾਟ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ।
ਦੂਜੀ ਝੂਠੀ ਸ਼ਿਕਾਇਤ ਪੰਚਕੂਲਾ ਦੇ ਅਨੁਜ ਗੋਇਲ ਖ਼ਿਲਾਫ਼ ਦਿੱਤੀ ਗਈ ਸੀ ਕਿ ਉਸ ਨੇ ਪਿੰਡ ਦਾਊਂ ਵਿੱਚ 2 ਕਨਾਲ ਜ਼ਮੀਨ ਖਰੀਦੀ ਸੀ ਪਰ ਬਾਅਦ ਵਿੱਚ ਗੋਇਲ ਭਰਾ ਉਕਤ ਜ਼ਮੀਨ ’ਤੇ ਮਾਲਕੀ ਦਾ ਦਾਅਵਾ ਕਰਨ ਲੱਗ ਪਏ। ਤੀਜੀ ਸ਼ਿਕਾਇਤ ਨਿਊਂ ਚੰਡੀਗੜ੍ਹ ਦੀ ਇੱਕ ਰੀਅਲ ਅਸਟੇਟ ਕੰਪਨੀ ਖ਼ਿਲਾਫ਼ ਕੀਤੀ ਗਈ। ਜਿਸ ਵਿੱਚ ਇਹ ਦੋਸ਼ ਲਾਇਆ ਗਿਆ ਕਿ ਕੰਪਨੀ ਦੇ ਮਾਲਕ ਤਰਨਿੰਦਰ ਸਿੰਘ ਨੇ 18 ਲੱਖ ਲੈ ਕੇ ਪਲਾਟ ਨਹੀਂ ਦਿੱਤਾ ਗਿਆ। ਸਮਝੌਤੇ ਲਈ ਸਬੰਧਤ ਵਿਅਕਤੀ ਕੋਲੋਂ ਲੱਖਾਂ ਰੁਪਏ ਰਿਸ਼ਵਤ ਦੇਣ ਦਾ ਦਬਾਅ ਪਾਇਆ ਗਿਆ।
ਚੌਥੀ ਸ਼ਿਕਾਇਤ ਕਮਲਜੀਤ ਸਿੰਘ ਵਾਸੀ ਜਲੰਧਰ ਖ਼ਿਲਾਫ਼ ਦਿੱਤ ਗਈ ਸੀ। ਜਿਸ ਵਿੱਚ ਦੋਸ਼ ਲਾਇਆ ਗਿਆ ਕਿ ਕਮਲਜੀਤ ਨੇ ਬਲਜਿੰਦਰ ਸਿੰਘ ਦੇ ਬੇਟੇ ਨੂੰ ਪੰਜਾਬ ਵਿੱਚ ਤਹਿਸੀਲਦਾਰ ਨਿਯੁਕਤ ਕਰਵਾਉਣ ਲਈ 80 ਲੱਖ ਰੁਪਏ ਲਏ ਸਨ। ਡੀਐਸਪੀ ’ਤੇ ਵਿਵਾਦਿਤ ਜ਼ਮੀਨਾਂ ਖ਼ਰੀਦ ਕੇ ਉਨ੍ਹਾਂ ਨੂੰ ਮਹਿੰਗੇ ਭਾਅ ਵਿੱਚ ਵੇਚਣ ਦੇ ਇਰਾਦੇ ਨਾਲ ਵਿਵਾਦਾਂ ਦਾ ਨਿਪਟਾਰਾ ਕਰਵਾਉਣ ਦਾ ਵੀ ਦੋਸ਼ ਲੱਗਾ ਹੈ। ਪਤਾ ਲੱਗਾ ਹੈ ਕਿ ਵਿਜੀਲੈਂਸ ਬਿਊਰੋ ਵੀ ਵੱਖਰੇ ਤੌਰ ’ਤੇ ਪੜਤਾਲ ਕਰ ਰਹੀ ਹੈ। ਐਫ਼ਆਈਆਰ ਮੁਤਾਬਕ ਇਸ ਸਮੇਂ ਡੀਅੇਸਪੀ ਸੰਧੂ ਦੀ ਅੰਮ੍ਰਿਤਸਰ ਵਿਖੇ ਤਾਇਨਾਤੀ ਦੱਸੀ ਗਈ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …