Nabaz-e-punjab.com

ਡੀਐਸਪੀ ਦੀ ਪਤਨੀ ਬੋਲੀ ਪੁਲੀਸ ਨੇ ਮੇਰੇ ਬਿਆਨ ਲੈਣ ਤੋਂ ਬਿਨਾਂ ਹੀ ਦਰਜ ਕੀਤੀ ਐਫ਼ਆਈਆਰ

ਪਤਨੀ ਨੇ ਸਪੱਸ਼ਟ ਕੀਤਾ ਡੀਐਸਪੀ ਸੋਨੀ ਨੇ ਮੇਰੇ ’ਤੇ ਨਹੀਂ ਕੀਤੀ ਫਾਇਰਿੰਗ, ਸੋਨੀ ਨੂੰ ਕੀਤਾ ਜਾ ਰਿਹੈ ਬਦਨਾਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜਨਵਰੀ:
ਪੰਜਾਬ ਪੁਲੀਸ ਦੇ ਡੀਐਸਪੀ ਅਤੁਲ ਸੋਨੀ ਖ਼ਿਲਾਫ਼ ਘਰੇਲੂ ਝਗੜੇ ਦੌਰਾਨ ਆਪਣੀ ਪਤਨੀ ’ਤੇ ਫਾਇਰਿੰਗ ਕਰਨ ਦੇ ਦੋਸ਼ ਤਹਿਤ ਦਰਜ ਕੀਤੇ ਮਾਮਲੇ ਵਿੱਚ ਅੱਜ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਡੀਐਸਪੀ ਦੀ ਪਤਨੀ ਸ੍ਰੀਮਤੀ ਸੁਨੀਤਾ ਸੋਨੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੁਲੀਸ ਨੇ ਉਸ ਦੇ ਬਿਆਨ ਲੈਣ ਤੋਂ ਬਿਨਾਂ ਹੀ ਡੀਐਸਪੀ ਸੋਨੀ ਖ਼ਿਲਾਫ਼ ਐਫ਼ਆਈਆਰ ਦਰਜ ਕਰ ਦਿੱਤੀ ਹੈ।
ਇੱਥੇ ਇਹ ਦੱਸਣਯੋਗ ਹੈ ਕਿ ਬੀਤੇ ਕੱਲ੍ਹ ਐਸਐਸਪੀ ਕੁਲਦੀਪ ਸਿੰਘ ਚਾਹਲ ਸਮੇਤ ਹੋਰਨਾਂ ਅਧਿਕਾਰੀਆਂ ਨੇ ਖ਼ੁਦ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਡੀਐਸਪੀ ਅਤੁਲ ਸੋਨੀ ਦੇ ਖ਼ਿਲਾਫ਼ ਆਪਣੀ ਪਤਨੀ ’ਤੇ ਫਾਇਰਿੰਗ ਕਰਨ ਦੇ ਦੋਸ਼ ਵਿੱਚ ਸੈਂਟਰਲ ਥਾਣਾ ਫੇਜ਼-8 ਵਿੱਚ ਆਈਪੀਸੀ ਦੀ ਧਾਰਾ 307, 323 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਵਿਰੁੱਧ ਦਹੇਜ ਲਈ ਤੰਗ ਪ੍ਰੇਸ਼ਾਨ ਕਰਨ ਦੀ ਧਾਰਾ 498ਏ ਵੀ ਲਗਾਈ ਗਈ ਹੈ।
ਇੱਥੋਂ ਦੇ ਸੈਕਟਰ-68 ਸਥਿਤ ਯੂਨਾਈਟਿਡ ਹਾਊਸਿੰਗ ਸੁਸਾਇਟੀ ਦੀ ਵਸਨੀਕ ਸ੍ਰੀਮਤੀ ਸੁਨੀਤਾ ਸੋਨੀ ਨੇ ਅੱਜ ਡਿਪਟੀ ਕਮਿਸ਼ਨਰ, ਐਸਐਸਪੀ ਅਤੇ ਡੀਐਸਪੀ ਅਤੇ ਹੋਰਨਾਂ ਅਧਿਕਾਰੀਆਂ ਨੂੰ ਈਮੇਲ ਅਤੇ ਵਸਟਐਪ ’ਤੇ ਹਲਫ਼ੀਆਂ ਬਿਆਨ ਭੇਜ ਕੇ ਸਪੱਸ਼ਟ ਕੀਤਾ ਕਿ ਉਸ ਨੇ ਕਦੇ ਵੀ ਥਾਣੇ ਦਾ ਮੂੰਹ ਨਹੀਂ ਦੇਖਿਆ ਹੈ ਅਤੇ ਨਾ ਹੀ ਪੁਲੀਸ ਨੇ ਉਸ ਦੇ ਬਿਆਨ ਹੀ ਦਰਜ ਕੀਤੇ ਹਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਡੀਐਸਪੀ ਸੋਨੀ ਨੇ ਉਸ ਉੱਤੇ ਫਾਇਰਿੰਗ ਵੀ ਨਹੀਂ ਕੀਤੀ ਸੀ। ਹਾਂ ਉਨ੍ਹਾਂ ਦਾ ਆਪਸ ਵਿੱਚ ਮਾਮੂਲੀ ਘਰੇਲੂ ਝਗੜਾ ਜ਼ਰੂਰ ਹੋਇਆ ਸੀ। ਉਨ੍ਹਾਂ ਕਿਹਾ ਕਿ ਉਸ ਦੇ ਪਤੀ ਆਮ ਲੋਕਾਂ ਖਾਸ ਕਰਕੇ ਨੌਜਵਾਨਾਂ ਵਿੱਚ ਬਹੁਤ ਹਰਮਨ ਪਿਆਰੇ ਹਨ। ਉਨ੍ਹਾਂ ਇਹ ਵੀ ਖ਼ਦਸ਼ਾ ਪ੍ਰਗਟ ਕੀਤਾ ਕਿ ਪੁਲੀਸ ਵਿਭਾਗ ਵਿੱਚ ਸ਼ਾਇਦ ਕੁਝ ਸਾਥੀ ਉਸ ਤੋਂ ਖਾਰ ਖਾਂਦੇ ਹੋਣਗੇ। ਜਿਸ ਕਾਰਨ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸ੍ਰੀਮਤੀ ਸੁਨੀਤਾ ਸੋਨੀ ਨੇ ਇਹ ਵੀ ਦੱਸਿਆ ਕਿ ਉਸ ਦੇ ਪਤੀ ਬੀਤੀ ਰਾਤ ਵੀ ਘਰ ਹੀ ਸੁੱਤੇ ਸੀ, ਉਹ ਕਿਤੇ ਫਰਾਰ ਨਹੀਂ ਹੋਏ ਸੀ ਅਤੇ ਅੱਜ ਵੀ ਆਪਣੇ ਦਫ਼ਤਰ ਵਿੱਚ ਡਿਊਟੀ ’ਤੇ ਗਏ ਸੀ। ਪ੍ਰੰਤੂ ਪੁਲੀਸ ਕੇਸ ਕਰਕੇ ਪ੍ਰੇਸ਼ਾਨ ਹੋਣ ਕਾਰਨ ਉਹ ਦੋ ਤਿੰਨ ਘੰਟੇ ਬਾਅਦ ਦਫ਼ਤਰ’ਚੋਂ ਆ ਗਏ ਸੀ। ਇਸ ਬਾਰੇ ਪੁਲੀਸ ਅਧਿਕਾਰੀ ਭਲੀਭਾਂਤ ਜਾਣੂ ਹਨ। ਡੀਐਸਪੀ ਦੀ ਪਤਨੀ ਨੇ ਦੱਸਿਆ ਕਿ ਅੱਜ ਜਦੋਂ ਬਾਅਦ ਦੁਪਹਿਰ ਕਰੀਬ ਦੋ ਵਜੇ ਡੀਸੀ, ਐਸਐਸਪੀ ਅਤੇ ਡੀਐਸਪੀ ਨੂੰ ਈਮੇਲ ਅਤੇ ਵਸਟਐਪ ’ਤੇ ਹਲਫ਼ੀਆ ਬਿਆਨ ਭੇਜਿਆ ਤਾਂ ਇਸ ਤੋਂ ਬਾਅਦ ਉਸ ਨੂੰ ਜਾਂਚ ਅਧਿਕਾਰੀ ਨੇ ਫੋਨ ਕਰਕੇ ਆਖਿਆ ਕਿ ਉਹ ਆਪਣੇ ਬਿਆਨ ਦਰਜ ਕਰਵਾਉਣ ਲਈ 3 ਵਜੇ ਥਾਣੇ ਪਹੁੰਚਣ। ਉਨ੍ਹਾਂ ਕਿਹਾ ਕਿ ਉਸ ਦੇ ਪਤੀ ਪੁਲੀਸ ਵਿੱਚ ਹੋਣ ਕਰਕੇ ਉਹ ਏਨਾ ਕਾਨੂੰਨ ਤਾਂ ਜਾਣਦੇ ਹਨ ਕਿ ਕਿਸੇ ਪੀੜਤ ਦੇ ਬਿਆਨ ਦਰਜ ਕਰਨ ਤੋਂ ਬਗੈਰ ਐਫ਼ਆਈਆਰ ਦਰਜ ਨਹੀਂ ਕੀਤੀ ਜਾ ਸਕਦੀ ਹੈ, ਪ੍ਰੰਤੂ ਇਸ ਕੇਸ ਵਿੱਚ ਸਾਰਾ ਕੁਝ ਉਲਟਾ ਹੋਇਆ ਹੈ, ਪੁਲੀਸ ਨੇ ਬਿਆਨ ਲੈਣ ਤੋਂ ਬਿਨਾਂ ਹੀ ਕੇਸ ਦਰਜ ਕਰ ਦਿੱਤਾ। ਇਸ ਨਾਲ ਮੀਡੀਆ ਵਿੱਚ ਉਸ ਦੇ ਪਤੀ ਦੀ ਬਹੁਤ ਬਦਨਾਮੀ ਹੋਈ ਹੈ।
(ਬਾਕਸ ਆਈਟਮ)
ਉਧਰ, ਐਸਐਸਪੀ ਕੁਲਦੀਪ ਸਿੰਘ ਚਾਹਲ ਦਾ ਕਹਿਣਾ ਹੈ ਕਿ ਹੁਣ ਤੱਕ ਡੀਐਸਪੀ ਅਤੁਲ ਸੋਨੀ ਦੀ ਪਤਨੀ ਸ੍ਰੀਮਤੀ ਸੁਨੀਤਾ ਸੋਨੀ ਦਾ ਕੋਈ ਹਲਫ਼ੀਆ ਬਿਆਨ ਨਹੀਂ ਮਿਲਿਆ ਹੈ। ਹਲਫ਼ੀਆ ਬਿਆਨ ਦੀ ਕਾਪੀ ਮਿਲਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਉਂਜ ਐਸਐਸਪੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਬੀਤੇ ਕੱਲ੍ਹ ਡੀਐਸਪੀ ਸੋਨੀ ਦੇ ਖ਼ਿਲਾਫ਼ ਜਿਹੜਾ ਪੁਲੀਸ ਕੇਸ ਦਰਜ ਕੀਤਾ ਗਿਆ ਹੈ। ਉਹ ਡੀਐਸਪੀ ਦੀ ਪਤਨੀ ਦੀ ਲਿਖਤੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਡੀਐਸਪੀ ਦੇ ਜਾਂਚ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੀ ਸਚਾਈ ਸਾਹਮਣੇ ਆਵੇਗੀ। ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਬਰੀਕੀ ਨਾਲ ਜਾਂਚ ਕਰ ਰਹੀ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …