Nabaz-e-punjab.com

ਡੀਟੀਐੱਫ਼ ਦਾ ਵਫ਼ਦ ਅਧਿਆਪਕ ਮੰਗਾਂ ਸਬੰਧੀ ਡੀਪੀਆਈਜ਼ ਨੂੰ ਮਿਲਿਆ

ਸਿੱਖਿਆ ਮੰਤਰੀ ਦੇ ਸ਼ਹਿਰ ਵਿੱਚ 8 ਫਰਵਰੀ ਨੂੰ ਸੂਬਾ ਪੱਧਰੀ ਰੋਸ ਮੁਜ਼ਾਹਰਾ ਕਰਨ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜਨਵਰੀ:
ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐਫ਼) ਪੰਜਾਬ ਦੇ ਸੂਬਾਈ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ ਦੀ ਅਗਵਾਈ ਹੇਠ ਸੂਬਾ ਪੱਧਰੀ ਵਫ਼ਦ ਨੇ ਅਧਿਆਪਕਾਂ ਦੀਆਂ ਭੱਖਦੀਆਂ ਮੰਗਾਂ ਸਬੰਧੀ ਡੀਪੀਆਈ (ਸੈਕੰਡਰੀ) ਸੁਖਜੀਤਪਾਲ ਸਿੰਘ ਅਤੇ ਡੀਪੀਆਈ (ਐਲੀਮੈਂਟਰੀ) ਇੰਦਰਜੀਤ ਸਿੰਘ ਨਾਲ ਮੁਲਾਕਾਤ ਕੀਤੀ। ਸੂਬਾ ਸਕੱਤਰ ਸਰਵਣ ਸਿੰਘ ਅੌਜਲਾ, ਜਸਵਿੰਦਰ ਸਿੰਘ ਬਠਿੰਡਾ ਅਤੇ ਬਲਬੀਰ ਚੰਦ ਲੌਂਗੋਵਾਲ ਨੇ ਦੱਸਿਆ ਕਿ ਡੀਪੀਆਈ ਨਾਲ ਅਧਿਆਪਕ ਮਸਲਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਆਗੂਆਂ ਰੈਸ਼ਨੇਲਾਈਜ਼ੇਸ਼ਨ ਨੀਤੀ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਨੀਤੀ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਪ੍ਰਭਾਵਿਤ ਕਰਨ ਵਾਲੀ ਹੈ, ਜਿਸ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਇਸ ਬਾਰੇ ਡੀਪੀਆਈ (ਐਲੀਮੈਂਟਰੀ) ਇੰਦਰਜੀਤ ਸਿੰਘ ਨੇ ਕਿਹਾ ਕਿ ਇਹ ਸਰਕਾਰ ਦੀ ਨੀਤੀ ਹੈ। ਉਨ੍ਹਾਂ ਸਕੂਲ ਮੁਖੀਆਂ ਅਤੇ ਸੈਂਟਰ ਹੈੱਡ ਟੀਚਰ ਦੀਆਂ ਤਰੱਕੀਆਂ ਲਈ ਰਾਜ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਤੋਂ ਮੁਕੰਮਲ ਸੀਨੀਆਰਤਾ ਸੂਚੀਆਂ ਦੀ ਉਡੀਕ ਕੀਤੀ ਜਾ ਰਹੀ ਹੈ। ਉਨ੍ਹਾਂ ਸਕੂਲ ਮੁਖੀ ਵਿੱਦਿਆ ਦੇਵੀ ਨੂੰ ਛੇਤੀ ਬਹਾਲ ਕਰਨ ਦਾ ਭਰੋਸਾ ਦਿੱਤਾ।
ਆਗੂਆਂ ਨੇ ਰੈਸ਼ਨੇਲਾਈਜ਼ੇਸ਼ਨ ਨੀਤੀ ਰੱਦ ਕਰਨ, ਮਿਡਲ ਸਕੂਲਾਂ ਵਿੱਚ ਵਿਸ਼ਾਵਾਰ ਅਸਾਮੀਆਂ ਦੇਣ, ਮਾਸਟਰ ਕੇਡਰ ਤੋਂ ਲੈਕਚਰਾਰ ਕਾਡਰ ਤੇ ਹੈੱਡਮਾਸਟਰ ਦੀਆਂ ਪਦਉੱਨਤੀਆਂ ਕਰਨ, ਸਕੂਲਾਂ ਦੀ ਸਮਾਂ ਸਾਰਣੀ 9 ਪੀਰੀਅਡਾਂ ਅਨੁਸਾਰ ਬਣਾਉਣ ਦੀ ਮੰਗ ਕੀਤੀ। ਡੀਪੀਆਈ (ਸੈਕੰਡਰੀ) ਸੁਖਜੀਤਪਾਲ ਸਿੰਘ ਨੇ ਇਨ੍ਹਾਂ ਮੰਗਾਂ ’ਤੇ ਚਰਚਾ ਕਰਨ ਲਈ ਜਲਦ ਸਮਾਂ ਦੇਣ ਦਾ ਭਰੋਸਾ ਦਿੱਤਾ। ਮੀਟਿੰਗਾਂ ਉਪਰੰਤ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਪੰਜਾਬ ਸਰਕਾਰ ਦੇ ਅਧਿਆਪਕ ਵਿਰੋਧੀ ਵਤੀਰੇ ਖ਼ਿਲਾਫ਼ 8 ਫਰਵਰੀ ਨੂੰ ਸਿੱਖਿਆ ਮੰਤਰੀ ਦੇ ਜੱਦੀ ਸ਼ਹਿਰ ਸੰਗਰੂਰ ਵਿੱਚ ਸੂਬਾ ਰੋਸ ਮੁਜ਼ਾਹਰਾ ਕਰਨ ਦਾ ਫੈਸਲਾ ਲਿਆ ਗਿਆ।
ਆਗੂਆਂ ਨੇ ਸਪਸ਼ੱਟ ਕੀਤਾ ਕਿ ਸਿੱਖਿਆ ਸਕੱਤਰ ਵੱਲੋਂ ਸਮਾਰਟ ਸਕੂਲ ਬਣਾਉਣ ਦੇ ਨਾਂ ’ਤੇ ਸਕੂਲ ਮੁਖੀਆਂ ਤੇ ਅਧਿਆਪਕਾਂ ਨੂੰ ਖੱਜਲ ਖੁਆਰ ਕਰਨ ਦੀ ਤਾਨਾਸ਼ਾਹੀ ਤੇ ਅਧਿਆਪਕ ਲੇਖਕਾਂ ਦੀ ਆਵਾਜ਼ ਬੰਦ ਦੇ ਫਰਮਾਨ ਅਸਹਿਣ ਯੋਗ ਹਨ। ਉਨ੍ਹਾਂ ਦੱਸਿਆ ਕਿ ਛੇਵੇਂ ਪੇ ਕਮਿਸ਼ਨ ਦੇ ਰਿਪੋਰਟ ਜਲਦ ਜਾਰੀ ਕਰਨ, ਡੀਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ, ਸਭਨਾਂ ਵਰਗਾਂ ਦੇ ਅਧਿਆਪਕਾਂ ਦੀਆਂ ਮੰਗਾਂ ਮੰਨਣ, ਰੈਗੂਲਰ ਭਰਤੀ ਸ਼ੁਰੂ ਕਰਨ ਸਮੇਤ ਹੋਰ ਮੰਗਾਂ ਦੀ ਪੂਰਤੀ ਲਈ ਵਿਸ਼ਾਲ ਲਾਮਬੰਦੀ ਕੀਤੀ ਜਾਵੇਗੀ ਤੇ ਪੰਜਾਬ ਸਰਕਾਰ ਦਾ ਵਿਦਿਆਰਥੀ-ਅਧਿਆਪਕ ਵਿਰੋਧੀ ਚਿਹਰਾ ਜੱਗ ਜ਼ਾਹਰ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਸੰਗਰੂਰ ਦੀ ਰੈਲੀ ਲਈ ਰਾਜ ਭਰ ਵਿੱਚ ਸਰਗਰਮੀ ਕੀਤੀ ਜਾਵੇਗੀ।
ਇਸ ਮੌਕੇ ਸੁਖਵਿੰਦਰ ਸੁੱਖੀ, ਰੇਸ਼ਮ ਸਿੰਘ ਬਠਿੰਡਾ, ਰਾਮ ਸਵਰਨ ਲੱਖੇਵਾਲੀ, ਜਯੋਤੀ ਮਹਿੰਦਰੂ, ਹਰਦੇਵ ਮੁੱਲਾਂਪੁਰ, ਕਰਨੈਲ ਸਿੰਘ ਚਿੱਟੀ, ਦਲਜੀਤ ਸਮਰਾਲਾ, ਪ੍ਰਮੋਦ ਕੁਮਾਰ, ਹਰਭਗਵਾਨ ਗੁਰਨੇ, ਚਰਨਜੀਤ ਸਿੰਘ ਕਪੂਰਥਲਾ, ਨਵਤੇਜ ਸਿੰਘ, ਹਰਵਿੰਦਰ ਸਿੰਘ ਗੁਰਦਾਸਪੁਰ, ਵਿਸ਼ਵਕਾਂਤ, ਗਗਨ ਪਾਹਵਾ ਤੇ ਅਮਨਦੀਪ ਮਟਵਾਣੀ ਸਮੇਤ ਹੋਰ ਸੂਬਾ ਤੇ ਜ਼ਿਲ੍ਹਾ ਆਗੂ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…