
ਸਿਆਸੀ ਦਬਾਅ ਦੇ ਕਾਰਨ ਇਨਸਾਫ਼ ਲੈਣ ਲਈ ਭਟਕ ਰਹੀਆਂ ਹਨ ਪੀੜਤ ਅੌਰਤਾਂ
ਨਬਜ਼-ਏ-ਪੰਜਾਬ ਬਿਊਰੋ, ਸ੍ਰੀ ਮੁਕਤਸਰ ਸਾਹਿਬ, 6 ਅਗਸਤ:
ਅੌਰਤਾਂ ਦੇ ਹੱਕਾਂ ਖਾਤਰ ਸੰਘਰਸ਼ ਕਰਨ ਵਾਲੀ ਜਥੇਬੰਦੀ ਅੌਰਤ ਤੇ ਬੱਚਾ ਭਲਾਈ ਸੰਸਥਾ ਪੰਜਾਬ ਦੇ ਕੋਲ ਦੋ ਅੌਰਤਾਂ ਨੇ ਇਨਸਾਫ਼ ਲੈਣ ਲਈ ਅਰਜੀਆਂ ਦਿੱਤੀਆਂ ਹਨ। ਸੰਸਥਾ ਵੱਲੋਂ ਪੀੜਤ ਅੌਰਤਾਂ ਦੇ ਮੰਗ ਪੱਤਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਮਹਿਲਾ ਕਮਿਸ਼ਨ ਨੂੰ ਭੇਜੇ ਹਨ।
ਸੰਸਥਾ ਦੀ ਸੂਬਾ ਦਫ਼ਤਰ ਸਕੱਤਰ ਸ਼ਿੰਦਰਪਾਲ ਕੌਰ ਥਾਂਦੇਵਾਲਾ ਨੇ ਦੱਸਿਆ ਕਿ ਪਹਿਲਾ ਮਾਮਲਾ ਪੁਲੀਸ ਥਾਣਾ ਬਰੀਵਾਲਾ ਅਧੀਨ ਆਉਦੇ ਪਿੰਡ ਹਰੀਕੇ ਕਲਾਂ ਦਾ ਹੈ, ਜੋ ਵਿਧਾਨ ਸਭਾ ਹਲਕਾ ਗਿੱਦੜਬਾਹਾ ਵਿੱਚ ਆਉੁਦਾ ਹੈ। ਇੱਥੋ ਦੀ ਇਕ ਵਿਧਵਾ ਅੌਰਤ ਗੁਰਪ੍ਰੀਤ ਕੌਰ 36 ਸਾਲ ਦੀ ਜੋ ਆਪਣੀ 10 ਦੀ ਬੇਟੀ ਨਾਲ ਸਹੁਰੇ ਪਰਿਵਾਰ ਤੋਂ ਵੱਖ ਰਹਿ ਰਹੀ ਹੈ। ਕਿਉਕਿ ਪੰਜ ਸਾਲ ਪਹਿਲਾਂ ਗੁਰਪ੍ਰੀਤ ਦਾ ਪਤਾ ਨਸ਼ਿਆਂ ਦੀ ਭੇਂਟ ਚੜ੍ਹ ਗਿਆ। ਉਸ ਨੂੰ 16 ਏਕੜ ਜ਼ਮੀਨ ਆਉਂਦੀ ਸੀ। ਜਦਕਿ ਉਸ ਦੇ ਨਾਮ ਸਿਰਫ਼ 3 ਏਕੜ ਜਮੀਨ ਚੜੀ ਸੀ। ਪਰ ਮੌਤ ਹੋਣ ਤੋਂ ਬਾਅਦ ਗੁਰਪ੍ਰੀਤ ਕੌਰ ਤੇ ਉਸ ਦੀ ਬੇਟੀ ਦੇ ਨਾਮ 2 ਏਕੜ ਜ਼ਮੀਨ ਹੀ ਹੋਈ। ਸਹੁਰੇ ਪਰਿਵਾਰ ਨੇ 16 ਏਕੜ ਜਮੀਨ ਵਿਚੋਂ ਤਾਂ ਕੀ ਦੇਣਾ ਸੀ, ਉਲਟਾ ਜਿਹੜੀ ਜਮੀਨ ਮਾਵਾਂ-ਧੀਆਂ ਦੇ ਨਾਮ ਚੜੀ ਸੀ, ਉਹ ਵੀ ਨੱਪ ਲਈ।
ਗੁਰਪ੍ਰੀਤ ਆਪਣੇ ਪਤੀ ਦੇ ਮਰਨ ਤੋ ਪਹਿਲਾਂ ਆਪਣੇ ਸੱਸ-ਸਹੁਰੇ ਤੋਂ ਵੱਖ ਪਤੀ ਨਾਲ ਰਹਿ ਰਹੀ ਸੀ। ਪਰ ਜਦ ਉਸ ਦੀ ਮੌਤ ਹੋ ਗਈ ਤਾਂ ਉਸ ਦਾ ਸਹੁਰਾ ਪਰਿਵਾਰ ਉਸ ਦੇ ਘਰ ਵਿਚ ਖੜਾ ਟਰੈਕਟਰ, ਖੇਤੀ ਸੰਦ ਤੇ ਘਰ ਦਾ ਹੋਰ ਸਮਾਨ ਚੁੱਕ ਕੇ ਲੈ ਗਏ। ਫਰਵਰੀ 2020 ਵਿੱਚ ਗੁਰਪ੍ਰੀਤ ਨੂੰ ਉਸ ਦੇ ਸਹੁਰੇ ਪਰਿਵਾਰ ਨੇ ਕੁੱਟਿਆ-ਮਾਰਿਆ ਤੇ ਘਰੋਂ ਕੱਢਣ ਦੀ ਕੋਸ਼ਿਸ਼ ਕੀਤੀ। ਪਰ ਉਹ ਆਪਣੇ ਘਰ ਡਟੀ ਰਹੀ ਤੇ ਪਹਿਲਾਂ ਪੁਲੀਸ ਦੇ ਕੋਲ ਸ਼ਿਕਾਇਤ ਕੀਤੀ ਅਤੇ ਫਿਰ ਇਹ ਸਾਰਾ ਮਾਮਲਾ ਸੰਸਥਾ ਦੇ ਕੋਲ ਲਿਆਂਦਾ।
ਸੰਸਥਾ ਨੇ ਜ਼ਿਲ੍ਹਾ ਪੁਲੀਸ ਮੁਖੀ, ਡੀਐਸਪੀ ਤੇ ਪੁਲੀਸ ਇੰਸਪੈਕਟਰ ਮੰਡੀ ਬਰੀਵਾਲਾ ਨੂੰ ਮਿਲ ਕੇ ਮੰਗ ਪੱਤਰ ਦਿੱਤੇ। ਗੁਰਪ੍ਰੀਤ ਦੀ ਹਸਪਤਾਲ ਵਿੱਚ ਬਕਾਇਦਾ ਐਮਐਲਆਰ ਕੱਟੀ ਗਈ ਸੀ। ਪਰ ਤ੍ਰਾਸਦੀ ਇਹ ਹੈ ਕਿ ਰਾਜਨੀਤਿਕ ਦਬਾਅ ਦੇ ਚੱਲਦਿਆਂ ਅਜੇ ਤੱਕ ਪੁਲੀਸ ਨੇ ਉਸ ਦੀ ਐਫ਼ਆਰਆਈ ਤਾਂ ਕੀ ਕੱਟਣੀ ਸੀ, ਸਗੋਂ ਡੀਡੀਆਰ ਵੀ ਦਰਜ ਨਹੀਂ ਕੀਤੀ। ਹੁਣ ਸੰਸਥਾ ਵੱਲੋਂ ਹਲਕਾ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੰਗ ਪੱਤਰ ਦਿੱਤਾ ਗਿਆ ਕਿ ਜੇਕਰ ਗੁਰਪ੍ਰੀਤ ਦੇ ਸਹੁਰੇ ਪਰਿਵਾਰ ਦੇ ਖਿਲਾਫ਼ ਪਰਚਾ ਦਰਜ ਕਰਕੇ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਘਰ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਦੂਜਾ ਮਾਮਲਾ ਪਿੰਡ ਇਸਲਾਮ ਵਾਲਾ ਦੀ ਇਕ ਅੌਰਤ ਸਤਵੀਰ ਕੌਰ ਦਾ ਹੈ, ਜੋ ਆਂਗਣਵਾੜੀ ਵਰਕਰ ਹੈ ਤੇ ਯੂਨੀਅਨ ਦੀ ਆਗੂ ਹੈ। ਗੁਆਂਢੀਆਂ ਨਾਲ ਇਕ ਗਲੀ ਦੇ ਮਾਮਲੇ ਨੂੰ ਲੈ ਕੇ ਰੌਲਾ ਸੀ। ਗਲੀ ਦੋਵਾਂ ਘਰਾਂ ਸਾਂਝੀ ਹੈ। ਪਰ ਗੁਆਂਢੀ ਇਕੱਲੇ ਰੋਕਣਾ ਚਾਹੁੰਦੇ ਸਨ। ਜਦਕਿ ਪਿਛਲੇ 25 ਸਾਲਾਂ ਤੋਂ ਇਹ ਗਲੀ ਪ੍ਰਸ਼ਾਸ਼ਨ ਵੱਲੋਂ ਪੱਕੀ ਕੀਤੀ ਹੋਈ ਹੈ। ਸਤਵੀਰ ਕੌਰ ਦੇ ਘਰ ਦਾ ਪਾਣੀ ਉਸ ਗਲੀ ’ਚੋਂ ਨਿਕਲ ਰਿਹਾ ਹੈ ਅਤੇ ਜਲ ਘਰ ਦੇ ਪਾਣੀ ਵਾਲੀਆਂ ਪਾਇਪਾਂ ਵੀ ਇਸ ਗਲੀ ਰਾਹੀਂ ਹੀ ਸਤਵੀਰ ਕੌਰ ਦੇ ਘਰ ਨੂੰ ਲੰਘਦੀਆਂ ਹਨ। ਪਰ ਹੁਣ 26 ਜੁਲਾਈ ਦੂਜੀ ਧਿਰ ਨੇ ਗਲੀ ਦੇ ਮਾਮੂਲੀ ਤਕਰਾਰ ਨੂੰ ਲੈ ਕੇ ਸਤਵੀਰ ਕੌਰ ਅਤੇ ਉਸ ਦੇ ਪਰਿਵਾਰ ’ਤੇ ਸੰਗੀਨ ਧਾਰਾਵਾਂ ਦੇ ਅਧੀਨ ਰਾਜਨੀਤਿਕ ਦਬਾਅ ਨਾਲ ਪੁਲੀਸ ਥਾਣਾ ਅਰਨੀਵਾਲਾ ਵਿਖੇ ਪਰਚਾ ਦਰਜ ਕੀਤਾ ਗਿਆ ਹੈ। ਸੰਸਥਾ ਅਤੇ ਆਂਗਣਵਾੜੀ ਯੂਨੀਅਨ ਨੇ ਇਕ ਧੱਕੇਸ਼ਾਹੀ ਦੇ ਖਿਲਾਫ਼ ਹਲਕਾ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਸਿੰਘ ਆਵਲਾ ਨੂੰ ਇਕ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਜੇਕਰ ਇਹ ਪਰਚਾ ਰੱਦ ਨਾ ਕੀਤਾ ਗਿਆ ਤਾਂ ਉਸ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।