ਮਨਜ਼ੂਰਸ਼ੁਦਾ ਰਸਤਾ ਨਾ ਖੋਲ੍ਹੇ ਜਾਣ ਕਾਰਨ ਸੈਕਟਰ-69 ਦੇ ਵਸਨੀਕ ਡਾਢੇ ਪ੍ਰੇਸ਼ਾਨ

ਛੇਤੀ ਲਾਂਘਾ ਨਾ ਖੋਲ੍ਹਣ ’ਤੇ ਗਮਾਡਾ ਖ਼ਿਲਾਫ਼ ਲੜੀਵਾਰ ਸੰਘਰਸ਼ ਵਿੱਢਣ ਦੀ ਚਿਤਾਵਨੀ

ਨਬਜ਼-ਏ-ਪੰਜਾਬ, ਮੁਹਾਲੀ, 17 ਜਨਵਰੀ:
ਇੱਥੋਂ ਦੇ ਸੈਕਟਰ-69 ਵਿੱਚ (ਵਣ ਭਵਨ ਵਾਲੇ ਪਾਸਿਓ) ਦਾਖ਼ਲ ਹੋਣ ਲਈ ਮਨਜ਼ੂਰਸ਼ੁਦਾ ਰਸਤਾ ਨਾ ਖੋਲ੍ਹੇ ਜਾਣ ਕਾਰਨ ਸੈਕਟਰ ਵਾਸੀ ਡਾਢੇ ਅੌਖੇ ਹਨ। ਸਮਾਜ ਸੇਵੀ ਅਤੇ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਜੇਕਰ ਗਮਾਡਾ ਨੇ 15 ਦਿਨਾਂ ਦੇ ਅੰਦਰ-ਅੰਦਰ ਕੋਈ ਠੋਸ ਕਾਰਵਾਈ ਨਾ ਕੀਤੀ ਅਤੇ ਮਨਜ਼ੂਰ ਹੋਇਆ ਲਾਂਘਾ ਨਾ ਖੋਲ੍ਹਿਆ ਤਾਂ ਉਹ ਸਮੂਹ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਅਤੇ ਸੁਸਾਇਟੀਆਂ ਦੇ ਸਹਿਯੋਗ ਨਾਲ ਗਮਾਡਾ ਵਿਰੁੱਧ ਲੜੀਵਾਰ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।
ਉਧਰ, ਇਸ ਸਬੰਧੀ ਵਾਰਡ ਨੰਬਰ-29 ਦੇ ਕੌਂਸਲਰ ਕੁਲਦੀਪ ਕੌਰ ਧਨੋਆ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਨਵੇਂ ਸਿਰਿਓਂ ਲਿਖੇ ਪੱਤਰ ਵਿੱਚ ਕਿਹਾ ਕਿ ਸੈਕਟਰ ਵਿੱਚ ਦਾਖ਼ਲ ਹੋਣ ਲਈ ਮਨਜ਼ੂਰਸ਼ੁਦਾ ਰਸਤਾ ਜੋ ਵਾਟਰ ਵਰਕਸ ਨੇੜਿਓਂ ਹੁੰਦਾ ਹੋਇਆ ਮੁੱਖ ਸੜਕ ਨਾਲ ਮਿਲਦਾ ਹੈ, ਨੂੰ ਤੁਰੰਤ ਖੋਲ੍ਹਿਆ ਜਾਵੇ। ਉਨ੍ਹਾਂ ਦੱਸਿਆ ਕਿ ਸੈਕਟਰ ਨੂੰ ਆਬਾਦ ਹੋਇਆ ਕਰੀਬ ਦੋ ਦਹਾਕੇ ਬੀਤ ਚੁੱਕੇ ਹਨ ਪ੍ਰੰਤੂ ਆਵਾਜਾਈ ਲਈ ਪੱਕਾ ਰਸਤਾ ਨਾ ਹੋਣ ਕਾਰਨ ਸੈਕਟਰ ਵਾਸੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਨੂੰ ਵਿੰਗੇ-ਟੇਢੇ ਆਰਜ਼ੀ ਰਸਤਿਆਂ ਰਾਹੀਂ ਘੁੰਮ ਕੇ ਆਪਣੇ ਘਰ ਜਾਣਾ ਪੈਂਦਾ ਹੈ, ਜਿਸ ਕਾਰਨ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ। ਬੀਬੀ ਧਨੋਆ ਮੁਤਾਬਕ ਗਮਾਡਾ ਦੀ ਇਸ ਅਣਗਹਿਲੀ ਕਾਰਨ ਕਈ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਪਾਸੇ ਨਾ ਪਹਿਲੀਆਂ ਸਰਕਾਰਾਂ ਨੇ ਧਿਆਨ ਦਿੱਤਾ ਅਤੇ ਨਾ ਹੀ ਮੌਜੂਦਾ ਸਰਕਾਰ ਨੂੰ ਕੋਈ ਚਿੰਤਾ ਹੈ।
ਰੈਜ਼ੀਡੈਂਟ ਵੈੱਲਫੇਅਰ ਸੁਸਾਇਟੀ ਦੇ ਸਕੱਤਰ ਜਗਮੋਹਨ ਸਿੰਘ ਕਾਹਲੋਂ ਤੇ ਕਰਮ ਸਿੰਘ ਮਾਵੀ ਅਤੇ ਹੋਰਨਾਂ ਪਤਵੰਤਿਆਂ ਨੇ ਕਿਹਾ ਕਿ ਰਸਤਾ ਖੋਲ੍ਹਣ ਲਈ ਕਈ ਵਾਰ ਗਮਾਡਾ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ਲੇਕਿਨ ਸਥਿਤੀ ਜਿਊਂ ਦੀ ਤਿਊਂ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਗਮਾਡਾ ਨੂੰ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਹੈ। ਇਸ ਮੌਕੇ ਦਰਸ਼ਨ ਸਿੰਘ ਬਰਾੜ, ਜਸਵੀਰ ਸਿੰਘ, ਕੈਪਟਨ ਮੱਖਣ ਸਿੰਘ, ਰਾਜਬੀਰ ਸਿੰਘ, ਰਜਿੰਦਰ ਸਿੰਘ ਕਾਲਾ, ਐਨ.ਕੇ. ਪੂੰਜ, ਪਰਵਿੰਦਰ ਸਿੰਘ, ਸੁਖਵੰਤ ਸਿੰਘ ਬਾਠ, ਆਰ.ਕੇ. ਦੁੱਗਲ, ਨੀਰਜ ਕੁਮਾਰ ਅਤੇ ਹੋਰ ਪਤਵੰਤੇ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…