nabaz-e-punjab.com

ਸਰਕਾਰੀ ਦਫ਼ਤਰਾਂ ਦੇ ਸਮੇਂ ਤਬਦੀਲੀ ਕਾਰਨ ਸਭ ਤੋਂ ਵੱਧ ਵਿਅਸਤ ਮੁਹਾਲੀ ਏਅਰਪੋਰਟ ਸੜਕ ’ਤੇ ਆਵਾਜਾਈ ਹੋਈ ਸੌਖੀ

ਪੰਜਾਬ ਸੜਕ ਸੁਰੱਖਿਆ ਤੇ ਟਰੈਫ਼ਿਕ ਖੋਜ ਕੇਂਦਰ ਵੱਲੋਂ ਦਫ਼ਤਰੀ ਸਮੇਂ ਦੇ ਪ੍ਰਭਾਵ ਦਾ ਵਿਸ਼ਲੇਸ਼ਣ ਕਰਨ ਲਈ ਕੀਤਾ ਅਧਿਐਨ

ਏਡੀਜੀਪੀ ਟਰੈਫ਼ਿਕ ਏਐਸ ਰਾਏ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਫ਼ੈਸਲੇ ਨੂੰ ਨਾਗਰਿਕ ਕੇਂਦਰਿਤ ਤੇ ਵਾਤਾਵਰਨ ਪੱਖੀ ਦੱਸਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਮਈ:
ਪੰਜਾਬ ਦੀ ਆਪ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਦਾ ਸਮਾਂ ਤਬਦੀਲ ਕੀਤੇ ਜਾਣ ਨਾਲ ਨਾ ਸਿਰਫ਼ ਬਿਜਲੀ ਦੀ ਬੱਚਤ ਹੋਵੇਗੀ ਬਲਕਿ ਮੁਹਾਲੀ ਦੀ ਸਭ ਤੋਂ ਵੱਧ ਵਿਅਸਤ ਮੁਹਾਲੀ ਏਅਰਪੋਰਟ ਸੜਕ ’ਤੇ ਟਰੈਫ਼ਿਕ ਘਟਨ ਨਾਲ ਲੋਕਾਂ ਦਾ ਆਉਣ-ਜਾਣ ਸੌਖਾ ਹੋਇਆ ਹੈ। ਇਹ ਤੱਥ ਪੰਜਾਬ ਸੜਕ ਸੁਰੱਖਿਆ ਅਤੇ ਆਵਾਜਾਈ ਖੋਜ ਕੇਂਦਰ ਵੱਲੋਂ ਦਫ਼ਤਰੀ ਸਮਾਂ ਬਦਲਣ ਕਾਰਨ ਆਵਾਜਾਈ ’ਤੇ ਪੈਣ ਵਾਲੇ ਪ੍ਰਭਾਵਾਂ ਦਾ ਵਿਸ਼ਲੇਸ਼ਣ ਕਰਨ ਲਈ ਕੀਤੇ ਗਏ ਅਧਿਐਨ ਦੌਰਾਨ ਸਾਹਮਣੇ ਆਇਆ ਹੈ। ਇਸ ਫ਼ੈਸਲੇ ਨੂੰ ਲਾਗੂ ਕਰਨ ਦੇ ਪਹਿਲੇ ਦਿਨ ਮੁਹਾਲੀ ਏਅਰਪੋਰਟ ਰੋਡ (ਪੀਆਰ-7) ’ਤੇ ਭੀੜ-ਭੜੱਕੇ ਵਿੱਚ ਮਹੱਤਵਪੂਰਨ ਕਮੀ ਆਈ ਹੈ। ਕਰੀਬ 18 ਕਿੱਲੋਮੀਟਰ ਲੰਬੀ ਇਸ ਸੜਕ ’ਤੇ ਟੌਮ-ਟੌਮ ਮੈਪਸ ਰਾਹੀਂ ਕੀਤੇ ਗਏ ਟਰੈਫ਼ਿਕ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਹੈ ਕਿ ਪੀਕ ਘੰਟਿਆਂ ਦੌਰਾਨ ਅੌਸਤ ਦੇਰੀ 30-40 ਮਿੰਟਾਂ ਤੋਂ ਘਟ ਕੇ ਹੁਣ ਸਿਰਫ਼ 5-6 ਮਿੰਟ ਹੀ ਰਹਿ ਗਈ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਵੱਡੇ ਜਨਤਕ ਹਿੱਤਾਂ ਲਈ ਮੰਗਲਵਾਰ ਨੂੰ ਸਰਕਾਰੀ ਦਫ਼ਤਰਾਂ ਦਾ ਸਮਾਂ ਸਵੇਰੇ 9 ਤੋਂ 5 ਵਜੇ ਥਾਂ ਸਵੇਰੇ 7.30 ਤੋਂ 2 ਵਜੇ ਤੱਕ ਕਰ ਦਿੱਤਾ ਹੈ। ਜਿਸ ਨਾਲ ਰੋਜ਼ਾਨਾ ਲਗਪਗ 350 ਮੈਗਾਵਾਟ ਬਿਜਲੀ ਬਚੇਗੀ ਅਤੇ 2 ਮਈ ਤੋ 15 ਜੁਲਾਈ ਤੱਕ 40-45 ਕਰੋੜ ਰੁਪਏ ਦੀ ਬੱਚਤ ਹੋਣ ਦੀ ਉਮੀਦ ਹੈ।
ਏਡੀਜੀਪੀ (ਟਰੈਫ਼ਿਕ) ਏਐਸ ਰਾਏ ਨੇ ਕਿਹਾ ਕਿ ਯਾਤਰਾ ਦੇ ਸਮੇਂ ਵਿੱਚ ਕਟੌਤੀ ਨਾਲ ਡੀਜਲ/ਪੈਟਰੋਲ ਦੀ ਖਪਤ ਵਿੱਚ ਵੀ ਕਮੀ ਆਵੇਗੀ, ਜਿਸ ਨਾਲ ਲਾਗਤਾਂ ਦੀ ਬੱਚਤ ਹੋਵੇਗੀ ਜੋ ਕਿ 7500 ਲੀਟਰ ਡੀਜ਼ਲ/ਪੈਟਰੋਲ ਦੀ ਖਪਤ ਬਚੇਗੀ ਜਿਸ ਨਾਲ ਰੋਜ਼ਾਨਾ 6.75 ਲੱਖ ਰੁਪਏ ਦੀ ਬੱਚਤ ਹੋਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਲਾਗਤ ਦੀ ਬੱਚਤ ਤੋਂ ਇਲਾਵਾ, ਭੀੜ-ਭੜੱਕੇ ਵਿੱਚ ਕਮੀ ਵਾਤਾਵਰਨ ਲਈ ਵੀ ਲਾਹੇਵੰਦ ਹੈ, ਕਿਉਂਕਿ ਇਸ ਨਾਲ ਗਰੀਨਹਾਊਸ ਗੈਸਾਂ ਅਤੇ ਹਵਾ ਪ੍ਰਦੂਸ਼ਕਾਂ ਦੀ ਨਿਕਾਸੀ ਵਿੱਚ ਵੀ ਕਮੀ ਆਵੇਗੀ।
ਅਧਿਐਨ ਵਿੱਚ ਪਾਇਆ ਗਿਆ ਕਿ ਪੀਕ ਆਵਰਜ਼ ਦੌਰਾਨ, ਲਗਭਗ 7000 ਵਾਹਨ ਇੱਕ ਘੰਟੇ ਵਿੱਚ ਏਅਰਪੋਰਟ ਰੋਡ (ਪੀਆਰ-7) ਤੋਂ ਆਉਂਦੇ- ਜਾਂਦੇ ਹਨ, ਇਨ੍ਹਾਂ ’ਚੋਂ 25 ਫੀਸਦ ਦੋਪਹੀਆ ਵਾਹਨ, 64 ਫੀਸਦ ਚਾਰ ਪਹੀਆ ਵਾਹਨ ਅਤੇ ਬਾਕੀ 11 ਫੀਸਦ ਟਰੱਕ, ਬੱਸਾਂ, ਟਰੈਕਟਰ, ਮਲਟੀ-ਐਕਸਲ, ਅਤੇ ਹੋਰ ਹਨ। ਇੱਕ ਅਨੁਮਾਨ ਮੁਤਾਬਕ ਇਨ੍ਹਾਂ ਵਾਹਨਾਂ ਲਈ ਪੰਜ ਘੰਟਿਆਂ ਦੌਰਾਨ 25 ਮਿੰਟ ਦੀ ਵਾਧੂ ਦੇਰੀ ਨਾਲ ਪ੍ਰਤੀ ਦਿਨ 7500 ਲੀਟਰ ਡੀਜ਼ਲ/ਪੈਟਰੋਲ ਦੀ ਖਪਤ ਹੁੰਦੀ ਹੈ। ਤੇਲ ਦੀ ਬੱਚਤ ਦੇ ਅੰਦਾਜ਼ੇ ਕੇਂਦਰੀ ਸੜਕ ਖੋਜ ਸੰਸਥਾਨ, ਨਵੀਂ ਦਿੱਲੀ ਅਤੇ ਇੰਡੀਅਨ ਰੋਡਜ਼ ਕਾਂਗਰਸ ਦੁਆਰਾ ਉਪਲਬਧ ਵੱਖ-ਵੱਖ ਵਾਹਨਾਂ ਲਈ ਵਾਹਨ ਚਲਾਉਣ ਦੀ ਲਾਗਤ ‘ਤੇ ਆਧਾਰਿਤ ਹਨ।
ਪੀਆਰਐਸਟੀਆਰਸੀ ਦੇ ਡਾਇਰੈਕਟਰ ਡਾ: ਨਵਦੀਪ ਅਸੀਜਾ ਨੇ ਕਿਹਾ ਕਿ ਏਅਰਪੋਰਟ ਸੜਕ ਤੇ ਇਸ ਪਹਿਲਕਦਮੀ ਦੀ ਸਫਲਤਾ ਦੂਜੇ ਸ਼ਹਿਰਾਂ ਅਤੇ ਪ੍ਰਮੁੱਖ ਸੜਕਾਂ ਦੇ ਭੀੜ-ਭੜੱਕੇ ਨੂੰ ਘਟਾਉਣ, ਖ਼ਰਚਿਆਂ ਨੂੰ ਬਚਾਉਣ ਅਤੇ ਸਾਫ਼ ਵਾਤਾਵਰਨ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਾਡਲ ਵਜੋਂ ਅਮਲ ਵਿੱਚ ਲਿਆਂਦੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਰਾਜ ਦੇ ਹੋਰ ਸ਼ਹਿਰਾਂ ਨੇ ਵੀ ਪਹਿਲੇ ਦਿਨ ਅਜਿਹਾ ਹੀ ਪ੍ਰਭਾਵ ਦੇਖਿਆ ਹੋਵੇਗਾ, ਅਤੇ ਉਹ ਵੀ ਇਸਦੇ ਲੰਬੇ ਸਮੇਂ ਦੇ ਪ੍ਰਭਾਵ ਦੀ ਆਸ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਸੜਕ ਸੁਰੱਖਿਆ ਅਤੇ ਆਵਾਜਾਈ ਖੋਜ ਕੇਂਦਰ ਰਾਜ ਵਿੱਚ ਭੀੜ-ਭੜੱਕੇ ਨੂੰ ਘਟਾਉਣ ਅਤੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਨਵੀਨਤਾਕਾਰੀ ਹੱਲ ਲੱਭਣ ਲਈ ਠੋਸ ਯਤਨ ਕਰ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …