ਡੰਪਿੰਗ ਗਰਾਉਂਡ: ਮੁਹਾਲੀ ਵਾਸੀਆਂ ਨੂੰ ਕੂੜਾ ਪ੍ਰਬੰਧਨ ਸਮੱਸਿਆ ਤੋਂ ਪੱਕਾ ਛੁਟਕਾਰਾ ਮਿਲਣ ਦੀ ਆਸ ਬੱਝੀ
ਮਹਿੰਦਰ ਭਗਤ ਵੱਲੋਂ ਮੁਹਾਲੀ ਡੰਪਿੰਗ ਗਰਾਉਂਡ ਨੂੰ ਹਟਾਉਣ ਦੇ ਕੰਮ ਵਿੱਚ ਤੇਜ਼ੀ ਲਿਆਉਣ ਨਿਰਦੇਸ਼
ਸ਼ਹਿਰ ਵਾਸੀਆਂ ਅਤੇ ਸਨਅਤਕਾਰਾਂ ਦਾ ਵਫ਼ਦ ਡੰਪਿੰਗ ਗਰਾਉਂਡ ਮਸਲੇ ਦੇ ਹੱਲ ਲਈ ਕੈਬਨਿਟ ਮੰਤਰੀ ਨੂੰ ਮਿਲਿਆ
ਨਬਜ਼-ਏ-ਪੰਜਾਬ, ਮੁਹਾਲੀ, 4 ਜਨਵਰੀ:
ਮੁਹਾਲੀ ਦੇ ਬਾਸ਼ਿੰਦਿਆਂ ਅਤੇ ਸਨਅਤਕਾਰਾਂ ਨੂੰ ਨੇੜ ਭਵਿੱਖ ਵਿੱਚ ਕੂੜਾ ਪ੍ਰਬੰਧਨ ਦੀ ਸਮੱਸਿਆ ਤੋਂ ਛੁਟਕਾਰਾ ਮਿਲਣ ਦੀ ਆਸ ਬੱਝ ਗਈ ਹੈ। ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮਹਿੰਦਰ ਭਗਤ ਨੇ ਮੁਹਾਲੀ ਪ੍ਰਸ਼ਾਸਨ ਨੂੰ ਇੱਥੋਂ ਦੇ ਉਦਯੋਗਿਕ ਏਰੀਆ ਫੇਜ਼-8ਬੀ ਸਥਿਤ ਗਾਰਬੇਜ ਡੰਪਿੰਗ ਗਰਾਉਂਡ ਨੂੰ ਹਟਾਉਣ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਕਾਬਿਲੇਗੌਰ ਹੈ ਕਿ ਬੀਤੇ ਦਿਨੀਂ ਆਲ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਬਲਦੇਵ ਸਿੰਘ ਨਾਗਾ, ਉਦਯੋਗਪਤੀ ਤੇਜਿੰਦਰ ਬਾਂਸਲ, ਨਵੀਨ ਸਿੰਗਲਾ ਅਤੇ ਹੋਰਨਾਂ ਪਤਵੰਤਿਆਂ ਨੇ ਕੈਬਨਿਟ ਮੰਤਰੀ ਨਾਲ ਮੁਲਾਕਾਤ ਕਰਕੇ ਕੂੜਾ ਪ੍ਰਬੰਧਨ ਅਤੇ ਡੰਪਿੰਗ ਗਰਾਉਂਡ ਦੀ ਸਮੱਸਿਆ ਹੱਲ ਕਰਨ ਦੀ ਮੰਗ ਕੀਤੀ। ਮੀਟਿੰਗ ਵਿੱਚ ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਟੀ ਬੈਨਿਥ, ਐਕਸੀਅਨ ਰਜਿੰਦਰ ਕੁਮਾਰ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਮੀਟਿੰਗ ਵਿੱਚ ਗਾਰਬੇਜ ਡੰਪਿੰਗ ਗਰਾਉਂਡ ਨੂੰ ਹਟਾਉਣ ਅਤੇ ਉਦਯੋਗਿਕ ਤੇ ਰਿਹਾਇਸ਼ੀ ਖੇਤਰਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਹੋਰ ਨਾਗਰਿਕ ਸ਼ਿਕਾਇਤਾਂ ਸਮੇਤ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ ਗਈ। ਮੰਤਰੀ ਨੇ ਵਫ਼ਦ ਨੂੰ ਉਕਤ ਸਮੱਸਿਆਵਾਂ ਦੇ ਹੱਲ ਲਈ ਜਲਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਮੀਟਿੰਗ ਦੌਰਾਨ ਸ਼ਹਿਰ ਵਾਸੀਆਂ ਅਤੇ ਸਨਅਤਕਾਰਾਂ ਨੇ ਆਪੋ-ਆਪਣੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਅਤੇ ਕੂੜਾ ਡੰਪਿੰਗ ਗਰਾਉਂਡ ਨੂੰ ਹਟਾਉਣ ਲਈ ਇਸ ਪ੍ਰਾਜੈਕਟ ਵਿੱਚ ਤੇਜ਼ੀ ਲਿਆਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਮੁਹਾਲੀ ਦੇ ਫੇਜ਼-8ਬੀ ਵਿੱਚ ਸਨਅਤੀ ਖੇਤਰ ਦੀ ਸਾਫ਼-ਸਫ਼ਾਈ ਰੱਖਣ ਅਤੇ ਉਦਯੋਗਾਂ ਲਈ ਸੌਖਾ ਮਾਹੌਲ ਯਕੀਨੀ ਬਣਾਉਣ ’ਤੇ ਵੀ ਜ਼ੋਰ ਦਿੱਤਾ।
ਇਸ ਮੌਕੇ ਮੁਹਾਲੀ ਨਿਗਮ ਦੇ ਕਮਿਸ਼ਨਰ ਟੀ ਬੈਨਿਥ ਅਤੇ ਐਕਸੀਅਨ ਰਜਿੰਦਰ ਕੁਮਾਰ ਨੇ ਮੰਤਰੀ ਨੂੰ ਪ੍ਰਾਜੈਕਟ ਦੀ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਕੰਮ ਨੂੰ ਛੇਤੀ ਮੁਕੰਮਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਮੰਤਰੀ ਨੂੰ ਦੱਸਿਆ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਅਤੇ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਉਕਤ ਡੰਪਿੰਗ ਗਰਾਉਂਡ ਵਿੱਚ ਕੂੜਾ ਸੁੱਟਣਾ ਬੰਦ ਕਰ ਦਿੱਤਾ ਸੀ ਅਤੇ ਮੌਜੂਦਾ ਸਮੇਂ ਵਿੱਚ ਕੂੜੇ ਦੇ ਪਹਾੜ ਨੂੰ ਹਟਾਉਣ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਸ੍ਰੀ ਭਗਤ ਨੇ ਨਿਗਮ ਅਧਿਕਾਰੀਆਂ ਨੂੰ ਤੁਰੰਤ ਮੌਕੇ ਦਾ ਦੌਰਾ ਕਰਨ ਅਤੇ ਡੰਪਿੰਗ ਗਰਾਉਂਡ ਨੂੰ ਹਟਾਉਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਮੰਤਰੀ ਨੇ ਬੁਨਿਆਦੀ ਢਾਂਚੇ ਸਬੰਧੀ ਚੁਣੌਤੀਆਂ ਨਾਲ ਨਜਿੱਠਣ ਅਤੇ ਵਪਾਰ ਲਈ ਅਨੁਕੂਲ ਮਾਹੌਲ ਸਿਰਜ ਕੇ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੀ ਵਚਨਬੱਧਤਾ ਵੀ ਦੁਹਰਾਈ।