
ਸੀਜੀਸੀ ਝੰਜੇੜੀ ਵਿੱਚ ਖ਼ੂਨਦਾਨ ਕੈਂਪ ਦੌਰਾਨ 186 ਯੂਨਿਟ ਖ਼ੂਨਦਾਨ ਕੀਤਾ ਗਿਆ
ਵਿਦਿਆਰਥੀਆਂ ਤੇ ਸਟਾਫ਼ ਨੇ ਉਤਸ਼ਾਹ ਨਾਲ ਦਿੱਤਾ ਮਾਨਵਤਾ ਦੀ ਸੇਵਾ ਵਿੱਚ ਯੋਗਦਾਨ
ਇਕ ਬੋਤਲ ਖੂਨ ਇਕ ਅਨਮੋਲ ਜ਼ਿੰਦਗੀ ਬਚਾ ਸਕਦੀ ਹੈ, ਖੂਨ ਦਾਨ ਮਹਾਂ ਦਾਨ: ਧਾਲੀਵਾਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਅਪਰੈਲ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕੈਂਪਸ ਵੱਲੋਂ ਮਨੁੱਖੀ ਜਿੰਦੜੀ ਦੀ ਸੇਵਾ ਵਿੱਚ ਇਕ ਹੋਰ ਉਪਰਾਲਾ ਕਰਦੇ ਹੋਏ ਕੈਂਪਸ ਵਿੱਚ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਝੰਜੇੜੀ ਕਾਲਜ ਦੇ ਐਨਸੀਸੀ ਯੂਨਿਟ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਮਾਨਵਤਾ ਦੀ ਸੇਵਾ ਵਿੱਚ 186 ਯੂਨਿਟ ਖੂਨ ਦਾਨ ਕੀਤਾ ਗਿਆ। ਪੀਜੀਆਈ ਚੰਡੀਗੜ੍ਹ ਦੇ ਖ਼ੂਨਦਾਨ ਸੁਸਾਇਟੀ ਅਤੇ ਰੋਟਰੀ ਕਲੱਬ ਨਾਲ ਮਿਲ ਕੇ ਕਰਵਾਏ ਗਏ ਇਸ ਕੈਂਪ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਖ਼ੂਨਦਾਨ ਕਰਨ ਦਾ ਉਤਸ਼ਾਹ ਉਨ੍ਹਾਂ ਦੀ ਉਡੀਕ ਦੀ ਲੰਬੀ ਲਾਈਨ ਤੋਂ ਨਜ਼ਰ ਆਇਆ। ਇਸ ਦੌਰਾਨ ਸੀਜੀਸੀ ਗਰੁੱਪ ਮੈਂਨਜ਼ਮੈਂਟ ਅਤੇ ਪੀਜੀਆਈ ਦੇ ਸਟਾਫ਼ ਵੱਲੋਂ ਕੀਤੇ ਪ੍ਰਬੰਧ ਵੀ ਸ਼ਲਾਘਾਯੋਗ ਰਹੇ। ਇਸ ਖ਼ੂਨਦਾਨ ਕੈਂਪ ਦਾ ਉਦਘਾਟਨ ਪਦਮ ਪ੍ਰੇਮ ਸਿੰਘ ਵੱਲੋਂ ਕੀਤਾ ਗਿਆ।
ਇਸ ਮੌਕੇ ਸੀਜੀਸੀ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਖੂਨਦਾਨ ਕਰਨ ਵਾਲੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਦੀ ਸ਼ਲਾਘਾ ਸ਼ਲਾਘਾ ਕਰਦੇ ਹੋਏ ਕਿਹਾ ਕਿ ਖੂਨਦਾਨ ਮਹਾਂ ਦਾਨ ਹੁੰਦਾ ਹੈ ਜੋ ਕਿ ਅਨਮੋਲ ਜ਼ਿੰਦਗੀ ਬਚਾਉਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਨੂੰ ਹੋਰਨਾਂ ਲੋਕਾਂ ਨੂੰ ਵੀ ਖੂਨਦਾਨ ਲਈ ਪ੍ਰੇਰਿਤ ਕਰਨ ਲਈ ਕਿਹਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮਾਨਵਤਾ ਦੀ ਸੇਵਾ ਲਈ ਖੂਨਦਾਨ ਕਰਨ ਤੋਂ ਵੱਡਾ ਹੋਰ ਕੋਈ ਪਵਿੱਤਰ ਕੰਮ ਨਹੀਂ ਹੈ। ਉਨ੍ਹਾਂ ਵਿਦਿਆਰਥੀਆਂ ਦੁਆਰਾ ਮਾਨਵਤਾ ਲਈ ਕੀਤੀ ਕੋਸ਼ਿਸ਼ ਤੇ ਖੂਨਦਾਨ ਕਰਨ ਵਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆਂ ਕਿ ਇਸ ਖੂਨਦਾਨ ਕੈਂਪ ਦਾ ਇੱਕ ਹੋਰ ਉਦੇਸ਼ ਵਿਦਿਆਰਥੀਆਂ ਨੂੰ ਖੂਨਦਾਨ ਦੇ ਫ਼ਾਇਦਿਆਂ ਤੋਂ ਜਾਣੂ ਕਰਵਾਉਣਾ ਵੀ ਹੈ ਤਾਂ ਜੋ ਉਹ ਅੱਗੋਂ ਵੀ ਖੂਨਦਾਨ ਕਰਨ ਤੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਖੂਨਦਾਨ ਕਰਨ ਲਈ ਪ੍ਰੇਰਿਤ ਕਰਨ। ਇਸ ਦੌਰਾਨ ਖ਼ੂਨਦਾਨੀਆਂ ਲਈ ਦੁੱਧ,ਫਲਾਂ ਅਤੇ ਹੋਰ ਡਾਈਟ ਦਾ ਪ੍ਰਬੰਧ ਵੀ ਸੀਜੀਸੀ ਮੈਂਨਜ਼ਮੈਂਟ ਵੱਲੋਂ ਕੀਤਾ ਗਿਆ।