ਮੁਹਾਲੀ ਵਿੱਚ ਚੈਕਿੰਗ ਦੌਰਾਨ 14 ਸਫ਼ਾਈ ਕਰਮਚਾਰੀ ਗੈਰਹਾਜ਼ਰ ਮਿਲੇ

ਮੇਅਰ ਜੀਤੀ ਸਿੱਧੂ ਵੱਲੋਂ ਵੱਖ-ਵੱਖ ਥਾਵਾਂ ’ਤੇ ਸਫ਼ਾਈ ਵਿਵਸਥਾ ਤੇ ਸਫ਼ਾਈ ਕਾਮਿਆਂ ਦੀ ਹਾਜ਼ਰੀ ਦੀ ਜਾਂਚ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਅਪਰੈਲ:
ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਅੱਜ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਕੇ ਸਫ਼ਾਈ ਕਾਰਜਾਂ ਅਤੇ ਸਫ਼ਾਈ ਕਰਮਚਾਰੀਆਂ ਦੀ ਹਾਜ਼ਰੀ ਦੀ ਅਚਨਚੇਤ ਜਾਂਚ ਕੀਤੀ। ਇਸ ਦੌਰਾਨ 14 ਸਫ਼ਾਈ ਕਰਮਚਾਰੀ ਗੈਰ-ਹਾਜ਼ਰ ਪਾਏ ਗਏ। ਮੇਅਰ ਜੀਤੀ ਸਿੱਧੂ ਨੇ ਚਿਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਅਚਨਚੇਤ ਚੈਕਿੰਗ ਦੌਰਾਨ ਕੋਈ ਕਰਮਚਾਰੀ ਗੈਰ-ਹਾਜ਼ਰ ਪਾਇਆ ਗਿਆ ਤਾਂ ਉਸਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮੇਅਰ ਅਤੇ ਡਿਪਟੀ ਮੇਅਰ ਨੇ ਅੱਜ ਸਥਾਨਕ ਫੇਜ਼-7, ਸੈਕਟਰ-70, ਸੈਕਟਰ-71, ਫੇਜ਼-3ਬੀ2 ਅਤੇ ਪਿੰਡ ਮਟੌਰ ਵਿੱਚ ਸਫ਼ਾਈ ਕਾਰਜਾਂ ਅਤੇ ਸਫ਼ਾਈ ਕਰਮਚਾਰੀਆਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਅਚਨਚੇਤ ਚੈਕਿੰਗ ਕੀਤੀ ਗਈ। ਮੇਅਰ ਜੀਤੀ ਸਿੱਧੂ ਨੇ ਨਗਰ ਨਿਗਮ ਦੇ ਸੈਨੀਟੇਸ਼ਨ ਵਿਭਾਗ ਦੇ ਸਟਾਫ਼ ਨੂੰ ਆਪੋ-ਆਪਣੀ ਬੀਟ ਵਿੱਚ ਸਾਫ਼-ਸਫ਼ਾਈ ਨੂੰ ਚੁਸਤ ਦਰੁਸਤ ਰੱਖਣ ਦੀ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਬੀਟ ਅਧਿਕਾਰੀ ਆਪੋ-ਆਪਣੀ ਬੀਟ ਵਿੱਚ ਸਫ਼ਾਈ ਪ੍ਰਬੰਧਾਂ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਣਗੇ ਅਤੇ ਜੇਕਰ ਕੋਈ ਵੀ ਲਾਪਰਵਾਹੀ ਹੋਈ ਤਾਂ ਉਨ੍ਹਾਂ ਦੀ ਜ਼ਿੰਮੇਵਾਰੀ ਤੈਅ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਜਿਹੜੇ ਇਲਾਕਿਆਂ ਵਿੱਚ ਕੂੜਾ ਕਰਕਟ ਚੁੱਕਣ ਵਾਲੀਆਂ ਟਰਾਲੀਆਂ ਘੱਟ ਸਨ। ਉੱਥੇ ਮੇਅਰ ਨੇ ਲੋੜ ਅਨੁਸਾਰ ਹੋਰ ਟਰਾਲੀਆਂ ਦੀ ਵਿਵਸਥਾ ਕਰਨ ਦੇ ਆਦੇਸ਼ ਦਿੱਤੇ।
ਡਿਪਟੀ ਮੇਅਰ ਕੁਲਜੀਤ ਬੇਦੀ ਨੇ ਕਿਹਾ ਕਿ ਸੋਮਵਾਰ ਨੂੰ ਨਗਰ ਨਿਗਮ ਦੀ ਹੋਣ ਵਾਲੀ ਮੀਟਿੰਗ ਵਿੱਚ ਮਸ਼ੀਨੀ ਸਫ਼ਾਈ ਸਬੰਧੀ ਹਾਊਸ ਵਿੱਚ ਮਤਾ ਪੇਸ਼ ਕੀਤਾ ਜਾਵੇਗਾ ਅਤੇ ਸਫ਼ਾਈ ਠੇਕੇ ਦਾ ਵਰਕ ਆਰਡਰ ਹੋਣ ਤੱਕ ਸਫ਼ਾਈ ਦੇ ਬਦਲਵੇਂ ਪ੍ਰਬੰਧ ਕੀਤੇ ਜਾਣਗੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ।

ਜ਼ਿਕਰਯੋਗ ਹੈ ਕਿ ਪਤਝੜ ਦੇ ਮੌਸਮ ਕਾਰਨ ਸੜਕਾਂ ਅਤੇ ਪਾਰਕਾਂ ਵਿੱਚ ਦਰਖਤਾਂ ਦੇ ਪੱਤੇ ਝੜ ਕੇ ਜ਼ਮੀਨ ਡਿੱਗੇ ਹੋਏ ਹਨ। ਇਨ੍ਹਾਂ ਸੁੱਕੇ ਪੱਤਿਆਂ ਨੂੰ ਚੁਕਵਾਉਣ ਲਈ ਅੰਦਰੂਨੀ ਸੜਕਾਂ ਦੀ ਸਫ਼ਾਈ ਕਰਨ ਵਾਲੇ ਸਫ਼ਾਈ ਕਰਮੀਆਂ ਨੂੰ ਮੁੱਖ ਸੜਕਾਂ ਉੱਤੇ ਸਫ਼ਾਈ ਦੇ ਕੰਮ ’ਤੇ ਲਾਇਆ ਗਿਆ ਹੈ। ਜਿਸ ਕਾਰਨ ਦੂਜੇ ਪਾਸੇ ਸਫ਼ਾਈ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…