
ਦਸਹਿਰਾ ਸਮਾਗਮ: ਪੁਲੀਸ ਵੱਲੋਂ ਕਲਾਕਾਰਾਂ ਦੀ ਤਲਾਸ਼ੀ ਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਰੋਕਣ ਦਾ ਵਿਰੋਧ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਕਤੂਬਰ:
ਇੱਥੋਂ ਦੇ ਫੇਜ਼-8 ਵਿੱਚ ਦਸਹਿਰਾ ਕਮੇਟੀ ਮੁਹਾਲੀ ਵੱਲੋਂ ਆਯੋਜਿਤ ਦਸਹਿਰਾ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਫੇਰੀ ਕਾਰਨ ਕਲਾਕਾਰਾਂ ਅਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਤੇ ਆਮ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਅੱਜ ਕੋਈ ਸਿਆਸੀ ਗੱਲ ਨਹੀਂ ਕਰਨਗੇ ਕਿਉਂਕਿ ਦਸਹਿਰਾ ਦੇਖਣ ਲਈ ਅੱਜ ਸਮਾਗਮ ਵਿੱਚ ਵੱਖ-ਵੱਖ ਸਿਆਸੀ ਆਗੂ ਵੀ ਪਹੁੰਚੇ ਹੋਏ ਹਨ, ਜਿਨ੍ਹਾਂ ਦਾ ਉਹ (ਮਾਨ) ਸਵਾਗਤ ਕਰਦੇ ਹਨ ਪ੍ਰੰਤੂ ਦੂਜੇ ਪਾਸੇ ਮੁੱਖ ਮੰਤਰੀ ਦੀ ਮੌਜੂਦਗੀ ਵਿੱਚ ਮੁਹਾਲੀ ਪੁਲੀਸ ਵੱਲੋਂ ਸਮਾਗਮ ਦੌਰਾਨ ਵੱਖ-ਵੱਖ ਕਿਰਦਾਰ ਨਿਭਾਉਣ ਵਾਲੇ ਕਲਾਕਾਰਾਂ ਅਤੇ ਆਮ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਪੁਲੀਸ ਕਰਮਚਾਰੀਆਂ ਵੱਲੋਂ ਕਲਾਕਾਰਾਂ ਦੀ ਤਲਾਸ਼ੀ ਲੈਣ ਦਾ ਦਰਸ਼ਕਾਂ ਨੇ ਕਾਫ਼ੀ ਬੁਰਾ ਮਨਾਇਆ। ਭਾਜਪਾ ਆਗੂ ਤੇ ਸਾਬਕਾ ਕੌਂਸਲਰ ਅਰੁਣ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਸਮਾਗਮ ਵਿੱਚ ਆਉਣ ਲਈ ਕਾਫ਼ੀ ਜੱਦੋ-ਜਹਿਦ ਕਰਨੀ ਪਈ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਕਰਮਚਾਰੀ ਸੁਰੱਖਿਆ ਪ੍ਰਬੰਧਾਂ ਦੀ ਆੜ ਵਿੱਚ ਵਿਰੋਧੀ ਪਾਰਟੀਆਂ ਦੇ ਆਗੂਆਂ ਦਾ ਰਾਹ ਰੋਕ ਰਹੇ ਸੀ। ਬਹਿਸ ਹੋਣ ’ਤੇ ਐਸਪੀ ਅਤੇ ਡੀਐਸਪੀ ਰੈਂਕ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ। ਜਿਨ੍ਹਾਂ ਦੇ ਨਿੱਜੀ ਦਖ਼ਲ ਤੋਂ ਬਾਅਦ ਕਲਾਕਾਰਾਂ ਸਮੇਤ ਉਨ੍ਹਾਂ ਨੂੰ ਅੰਦਰ ਆਉਣ ਦਿੱਤਾ ਗਿਆ।
ਸ੍ਰੀ ਅਰੁਣ ਸ਼ਰਮਾ ਨੇ ਕਿਹਾ ਕਿ ਸ਼ਹਿਰ ਵਿੱਚ ਪਿਛਲੇ ਲੰਮੇ ਸਮੇਂ ਤੋਂ ਦਸਹਿਰਾ ਮਨਾਇਆ ਜਾ ਰਿਹਾ ਹੈ। ਲਗਪਗ ਉਹ ਕਲਾਕਾਰ ਵੱਖ-ਵੱਖ ਕਿਰਦਾਰ ਨਿਭਾਉਂਦੇ ਆ ਰਹੇ ਹਨ ਅਤੇ ਹੁਣ ਤੱਕ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਪਰ ਐਤਕੀਂ ਭਗਵੰਤ ਮਾਨ ਦੇ ਆਉਣ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਨਾਲ ਜੂਝਣਾ ਪਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਨੂੰ ਮੁਹਾਲੀ ਦੇ ਲੋਕਾਂ ਤੋਂ ਐਨਾ ਹੀ ਡਰ ਭੈਅ ਹੈ ਤਾਂ ਉਨ੍ਹਾਂ ਨੂੰ ਸਮਾਗਮ ਵਿੱਚ ਆਉਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ।

ਉਧਰ, ਰਾਮਲੀਲਾ ਅਤੇ ਦਸਹਿਰਾ ਕਮੇਟੀ ਵੱਲੋਂ ਇੱਥੋਂ ਦੇ ਸੈਕਟਰ-70 ਵਿੱਚ ਦਸਹਿਰਾ ਮਨਾਇਆ ਗਿਆ। ਸ੍ਰੀ ਰਾਮਲੀਲਾ ਅਤੇ ਦਸਹਿਰਾ ਕਮੇਟੀ ਫੇਜ਼-1, ਆਕੁੰਸ਼ ਕਲੱਬ ਮੁਹਾਲੀ, ਰਾਮਲੀਲਾ ਕਮੇਟੀ ਬਲੌਂਗੀ, ਸੋਹਾਣਾ, ਸੈਕਟਰ-67 ਸਮੇਤ ਹੋਰ ਵੱਖ-ਵੱਖ ਥਾਵਾਂ ’ਤੇ ਦਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਵੇਗਾ।