ਮੁਹਾਲੀ ਵਿੱਚ ਛੇ ਥਾਵਾਂ ’ਤੇ ਧੂਮਧਾਮ ਨਾਲ ਮਨਾਇਆ ਗਿਆ ਦਸਹਿਰੇ ਦਾ ਤਿਉਹਾਰ

ਵਿਧਾਇਕ ਕੁਲਵੰਤ ਸਿੰਘ, ਸੰਸਦ ਮੈਂਬਰ ਮਾਲਵਿੰਦਰ ਕੰਗ ਸਮੇਤ ਵੱਖ-ਵੱਖ ਸਿਆਸੀ ਆਗੂਆਂ ਨੇ ਭਰੀ ਹਾਜ਼ਰੀ

ਸੰਸਦ ਮੈਂਬਰ ਮਾਲਵਿੰਦਰ ਕੰਗ ਨੇ ਦਸਹਿਰਾ ਕਮੇਟੀ ਨੂੰ 10 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ

ਸੈਕਟਰ-70 ਵਿੱਚ ਵੱਖਵੱਖ ਸਿਆਸੀ ਪਾਰਟੀਆਂ ਦੇ ਆਗੂ ਇੱਕ ਮੰਚ ’ਤੇ ਇਕੱਠੇ ਨਜ਼ਰ ਆਏ

ਨਬਜ਼-ਏ-ਪੰਜਾਬ, ਮੁਹਾਲੀ, 12 ਅਕਤੂਬਰ:
ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦਸਹਿਰਾ ਮੁਹਾਲੀ ਵਿੱਚ ਛੇ ਥਾਵਾਂ ’ਤੇ ਮਨਾਇਆ ਗਿਆ। ਐਤਕੀਂ ਸ਼ਹਿਰ ਵਿੱਚ ਦਸਹਿਰੇ ਸਬੰਧੀ ਦੋ ਪ੍ਰਮੁੱਖ ਸਮਾਗਮ ਹੋਏ। ਇੱਕ ਸਮਾਗਮ ਦੀ ਅਗਵਾਈ ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਕੀਤੀ ਜਦੋਂਕਿ ਦੂਜਾ ਸਮਾਗਮ ਸੈਕਟਰ-77 ਵਿੱਚ ਮਧੂ ਭੂਸ਼ਨ ਦੀ ਅਗਵਾਈ ਹੇਠ ਕਰਵਾਇਆ ਗਿਆ। ਇਨ੍ਹਾਂ ਦੋਵੇਂ ਥਾਵਾਂ ’ਤੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਸੁਰੱਖਿਆ ਪ੍ਰਬੰਧਾਂ ਦਾ ਮੋਰਚਾ ਖ਼ੁਦ ਸੰਭਾਲਿਆ। ਮੁਹਾਲੀ ਕਲਾ, ਸਭਿਆਚਾਰ ਅਤੇ ਵੈਲਫੇਅਰ ਕਲੱਬ ਵੱਲੋਂ ਸੈਕਟਰ-79 ਸਥਿਤ ਐਮਟੀ ਇੰਟਰਨੈਸ਼ਨਲ ਸਕੂਲ ਦੇ ਸਾਹਮਣੇ ਪਾਰਕ ਵਿੱਚ ਦਸਹਿਰਾ ਮਨਾਇਆ ਗਿਆ। ਕਲੱਬ ਦੇ ਜਨਰਲ ਸਕੱਤਰ ਤੇ ਸਟੇਟ ਐਵਾਰਡੀ ਫੂਲਰਾਜ ਸਿੰਘ ਨੇ ਦੱਸਿਆ ਕਿ ਵਿਧਾਇਕ ਕੁਲਵੰਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਮੁਹਾਲੀ ਵਿੱਚ ਦਸਹਿਰਾ ਮਨਾਉਣ ਲਈ ਢੁਕਵੀਂ ਜ਼ਮੀਨ ਅਲਾਟ ਕਰਵਾਉਣ ਦਾ ਭਰੋਸਾ ਦਿੱਤਾ। ਕਿਉਂਕਿ ਇਸ ਸਮੇਂ ਸ਼ਹਿਰ ਵਿੱਚ ਦਸਹਿਰਾ ਮਨਾਉਣ ਲਈ ਕੋਈ ਪੱਕੀ ਥਾਂ ਨਹੀਂ ਹੈ। ਪਿਛਲੀ ਵਾਰ ਮੁੱਖ ਮੰਤਰੀ ਭਗਵੰਤ ਮਾਨ ਵੀ ਜ਼ਮੀਨ ਦੇਣ ਲਈ ਐਲਾਨ ਕਰਕੇ ਗਏ ਸਨਠ ਲੇਕਿਨ ਉਨ੍ਹਾਂ ਦਾ ਇਹ ਐਲਾਨ ਅਖ਼ਬਾਰਾਂ ਦੀ ਹੈੱਡਲਾਈਨ ਬਣ ਕੇ ਰਹਿ ਗਿਆ ਹੈ। ਹਕੀਕਤ ਵਿੱਚ ਕੁੱਝ ਵੀ ਨਹੀਂ ਹੋਇਆ।

ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਸ੍ਰੀਮਤੀ ਪ੍ਰਭਜੋਤ ਕੌਰ, ਸਟੇਟ ਐਵਾਰਡੀ ਫੂਲਰਾਜ ਸਿੰਘ, ਕੁਲਦੀਪ ਸਿੰਘ ਸਮਾਣਾ, ਪਰਮਜੀਤ ਸਿੰਘ, ਗੁਰਮੁੱਖ ਸਿੰਘ ਸੋਹਲ, ਆਰਪੀ ਸ਼ਰਮਾ, ਰਾਜੀਵ ਵਸ਼ਿਸ਼ਟ, ਹਰਮੇਸ਼ ਸਿੰਘ ਕੁੰਭੜਾ, ਹਰਬਿੰਦਰ ਸਿੰਘ ਸੈਣੀ, ਅਰੁਣ ਗੋਇਲ ਅਤੇ ਅਕਬਿੰਦਰ ਸਿੰਘ ਗੋਸਲ ਸਮੇਤ ਹੋਰ ਪਤਵੰਤੇ ਮੌਜੂਦ ਸਨ।
ਇੰਜ ਹੀ ਮੁਹਾਲੀ ਵਿੱਚ ਪਿਛਲੇ ਸਾਢੇ ਚਾਰ ਦਹਾਕੇ ਤੋਂ ਵੱਧ ਸਮੇਂ ਤੋਂ ਫੇਜ਼-8 ਵਿੱਚ ਦਸਹਿਰਾ ਮਨਾਉਂਦੇ ਆ ਰਹੀ ਸੰਸਥਾ ਦਸਹਿਰਾ ਕਮੇਟੀ ਮੁਹਾਲੀ ਵੱਲੋਂ ਸੈਕਟਰ-77 ਵਿੱਚ 47ਵਾਂ ਦਸਹਿਰਾ ਮਨਾਇਆ ਗਿਆ। ਪ੍ਰਧਾਨ ਮਧੂ ਭੂਸ਼ਨ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮਹਿੰਦਰਾ ਅੇਂਡ ਮਹਿੰਦਰਾ ਸਵਰਾਜ ਟਰੈਕਟਰ ਦੇ ਸੀਈਓ ਹਰੀਸ਼ ਚੌਹਾਨ ਵੀ ਸ਼ਾਮਲ ਹੋਏ।

ਸ੍ਰੀ ਰਾਮਲੀਲਾ ਅਤੇ ਦਸਹਿਰਾ ਕਮੇਟੀ ਮਟੌਰ ਦੇ ਚੇਅਰਮੈਨ ਤੇ ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਨ ਦੀ ਅਗਵਾਈ ਹੇਠ ਸੈਕਟਰ-70 ਵਿੱਚ ਅਮਰ ਹਸਪਤਾਲ ਦੇ ਪਿੱਛੇ ਮੈਦਾਨ ਵਿੱਚ ਦਸਹਿਰਾ ਮਨਾਇਆ ਗਿਆ ਹੈ। ‘ਆਪ’ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਮੁੱਖ ਮਹਿਮਾਨ ਸਨ। ਉਨ੍ਹਾਂ ਨੇ ਦਸਹਿਰਾ ਕਮੇਟੀ ਨੂੰ 10 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ। ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਿਸਾਨ ਆਗੂ ਤੇਜਿੰਦਰ ਸਿੰਘ ਪੂਨੀਆ, ਕੁਲਵੰਤ ਸਿੰਘ ਤ੍ਰਿਪੜੀ, ਸ਼੍ਰੋਮਣੀ ਅਕਾਲੀ ਦਲ, ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ, ਪਰਮਜੀਤ ਸਿੰਘ ਕਾਹਲੋਂ, ਸੁਨੀਲ ਬਾਂਸਲ, ਅਸ਼ੋਕ ਗੋਇਲ, ਰਵਿੰਦਰ ਗੋਇਲ, ਜਸਪਾਲ ਬਿੱਲਾ, ਰਣਦੀਪ ਸਿੰਘ ਬੈਦਵਾਨ, ਪ੍ਰਮੋਦ ਮਿੱਤਰਾ, ਹਰਜੀਤ ਸਿੰਘ ਭੋਲੂ, ਗੁਰਮੀਤ ਮਾਮਾ, ਐਸਪੀ ਹਰਬੀਰ ਸਿੰਘ ਅਟਵਾਲ, ਡੀਐਸਪੀ ਅੇਨਪੀਐਸ ਲਹਿਲ, ਇੰਸਪੈਕਟਰ ਬੱਬਰ ਸਿੰਘ ਅਤੇ ਥਾਣਾ ਮੁਖੀ ਅਮਨਦੀਪ ਤਰੀਕਾ ਨੇ ਵੀ ਹਾਜ਼ਰੀ ਭਰੀ। ਇਸ ਸਮਾਗਮ ਵਿੱਚ ਸਾਰੀਆਂ ਪਾਰਟੀਆਂ ਦੇ ਆਗੂ ਇੱਕ ਮੰਚ ’ਤੇ ਇਕੱਠੇ ਨਜ਼ਰ ਆਏ।

ਇੰਜ ਹੀ ਅੰਕੁਸ਼ ਕਲੱਬ ਵੱਲੋਂ ਫੇਜ਼-1 ਵਿੱਚ ਦਸਹਿਰਾ ਮਨਾਇਆ ਗਿਆ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂਕਿ ਐਡਵੇਕੋਟ ਮਨਪ੍ਰੀਤ ਸਿੰਘ ਚਾਹਲ ਵਿਸ਼ੇਸ਼ ਮਹਿਮਾਨ ਸਨ। ਵੇਵ ਅਸਟੇਟ ਸੈਕਟਰ-85 ਅਤੇ ਐਮਆਰ ਐਮਜੀਐਫ਼ ਸੈਕਟਰ-105 ਵਿੱਚ ਵੀ ਦਸਹਿਰਾ ਮਨਾਇਆ ਗਿਆ। ਮੁਹਾਲੀ ਪੁਲੀਸ ਵੱਲੋਂ ਇਨ੍ਹਾਂ ਸਾਰੀਆਂ ਥਾਵਾਂ ’ਤੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਅਤੇ ਵੱਖ-ਵੱਖ ਥਾਵਾਂ ’ਤੇ ਸਪੈਸ਼ਲ ਨਾਕੇ ਲਗਾ ਕੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ।

Load More Related Articles
Load More By Nabaz-e-Punjab
Load More In General News

Check Also

Punjab Government intensifies crackdown on illegal mining

Punjab Government intensifies crackdown on illegal mining Joint task force of mining depar…