ਈ-ਚਲਾਨ: ਮੁਹਾਲੀ ਵਿੱਚ 24 ਦਿਨਾਂ ਵਿੱਚ 52 ਹਜ਼ਾਰ ਚਲਾਨ, 32 ਲੱਖ ਜੁਰਮਾਨਾ ਵਸੂਲਿਆ

ਚੰਡੀਗੜ੍ਹ ਤੋਂ ਬਾਅਦ ਹੁਣ ਮੁਹਾਲੀ ਵਿੱਚ ਟਰੈਫ਼ਿਕ ਨਿਯਮ ਦੀ ਉਲੰਘਣਾ ਵਾਲਿਆਂ ਦੀ ਖੈਰ ਨਹੀਂ

ਨਬਜ਼-ਏ-ਪੰਜਾਬ, ਮੁਹਾਲੀ, 30 ਮਾਰਚ:
ਚੰਡੀਗੜ੍ਹ ਤੋਂ ਬਾਅਦ ਮੁਹਾਲੀ ਵਿੱਚ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਖੈਰ ਨਹੀਂ। ਸ਼ਹਿਰ ਵਿੱਚ ਸਖ਼ਤੀ ਨਾਲ ਕਾਨੂੰਨ ਲਾਗੂ ਕਰਨ ਲਈ ਈ-ਚਲਾਨ ਸ਼ੁਰੂ ਕਰ ਦਿੱਤੇ ਹਨ। ਮੁਹਾਲੀ ਵਿੱਚ ਸਿਟੀ ਸਰਵੀਲੈਂਸ ਸਿਸਟਮ ਤੇ ਟਰੈਫ਼ਿਕ ਮੈਨੇਜਮੈਂਟ ਸਿਸਟਮ ਲਾਗੂ ਹੋਣ ’ਤੇ 24 ਦਿਨਾਂ ਵਿੱਚ ਲਗਪਗ 52 ਹਜ਼ਾਰ ਚਲਾਨ ਕੀਤੇ ਗਏ ਹਨ ਅਤੇ ਹੁਣ ਤੱਕ 31 ਲੱਖ 85 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਗਿਆ ਹੈ। ਕਾਬਿਲੇਗੌਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੀ 6 ਮਾਰਚ ਨੂੰ ਮੁਹਾਲੀ ਵਿੱਚ 21.60 ਕਰੋੜ ਰੁਪਏ ਦੀ ਲਾਗਤ ਨਾਲ ਸਿਟੀ ਸਰਵੀਲੈਂਸ ਸਿਸਟਮ ਤੇ ਟਰੈਫ਼ਿਕ ਮੈਨੇਜਮੈਂਟ ਸਿਸਟਮ ਦਾ ਉਦਘਾਟਨ ਕੀਤਾ ਸੀ।
ਮੁਹਾਲੀ ਦੇ ਡੀਐਸਪੀ (ਟਰੈਫ਼ਿਕ) ਕਰਨੈਲ ਸਿੰਘ ਨੇ ਦੱਸਿਆ ਕਿ ਸੈਕਟਰ-79 ਵਿੱਚ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਨਾਲ ਮਿਲ ਕੇ 17 ਪ੍ਰਮੁੱਖ ਥਾਵਾਂ ’ਤੇ ਲੱਗੇ 351 ਹਾਈ-ਰੈਜ਼ੋਲਿਊਸ਼ਨ ਸੀਸੀਟੀਵੀ ਕੈਮਰਿਆਂ ਨੂੰ ਆਪਸ ਵਿੱਚ ਜੋੜੇਗਾ ਅਤੇ ਨਿਗਰਾਨੀ ਯਕੀਨੀ ਬਣਾਏਗਾ। ਉਨ੍ਹਾਂ ਦੱਸਿਆ ਕਿ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਹੁਣ ਤੱਕ ਕਰੀਬ 52 ਹਜ਼ਾਰ ਚਲਾਨ ਕੀਤੇ ਜਾ ਚੁੱਕੇ ਹਨ। ਜਿਨ੍ਹਾਂ ਵਿੱਚ ਬਿਨਾਂ ਹੈਲਮਟ, ਸਪੌਟ ਲਾਈਨ, ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਲਾਲ ਬੱਤੀ ਉੱਤੇ ਰੁਕਣ ਸਮੇਂ ਜ਼ੈਬਰਾ ਕਰਾਸਿੰਗ ਦੀ ਉਲੰਘਣਾ ਕਰਨਾ ਸ਼ਾਮਲ ਹਨ।
ਡੀਐਸਪੀ ਕਰਨੈਲ ਸਿੰਘ ਨੇ ਕਿਹਾ ਕਿ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੁਹਾਲੀ ਸ਼ਹਿਰ ਸਮੇਤ ਸਮੁੱਚੇ ਜ਼ਿਲ੍ਹੇ ਅੰਦਰ 20 ਕੁ ਅਜਿਹੀਆਂ ਖ਼ਤਰਨਾਕ ਥਾਵਾਂ ਹਨ। ਜਿੱਥੇ ਅਕਸਰ ਤੇਜ਼ ਰਫ਼ਤਾਰੀ ਅਤੇ ਲਾਪਰਵਾਹੀ ਦੇ ਚੱਲਦਿਆਂ ਐਕਸੀਡੈਂਟ ਹੁੰਦੇ ਹਨ ਅਤੇ ਹੁਣ ਤੱਕ ਕਾਫ਼ੀ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਨਵੇਂ ਸਿਸਟਮ ਵਿੱਚ 175 ਆਟੋਮੈਟਿਕ ਨੰਬਰ ਪਲੇਟ ਸ਼ਨਾਖ਼ਤ (ਏਐਨਪੀਆਰ) ਕੈਮਰੇ, 50 ਲਾਲ ਬੱਤੀ ਉਲੰਘਣਾ ਡਿਟੈਕਸ਼ਨ ਕੈਮਰੇ, ਆਮ ਨਿਗਰਾਨੀ ਲਈ 92 ਬੁਲੇਟ ਕੈਮਰੇ, ਵਧੇਰੇ ਚੌਕਸੀ ਲਈ 18 ਪੀਟੀਜ਼ੈੱਡ (ਪੈਨ, ਟਿਲਟ ਅਤੇ ਜ਼ੂਮ) ਕੈਮਰੇ ਅਤੇ 16 ਕੈਮਰਿਆਂ ਨਾਲ ਲੈਸ ਦੋ ਮੁੱਖ ਸਥਾਨਾਂ ’ਤੇ ਸਪੀਡ ਉਲੰਘਣਾ ਡਿਟੈਕਸ਼ਨ ਸਿਸਟਮ ਸ਼ਾਮਲ ਹਨ।
ਡੀਐਸਪੀ ਕਰਨੈਲ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਾਹਨ ਚਲਾਉਂਦੇ ਸਮੇਂ ਹਮੇਸ਼ਾ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ। ਇਸ ਨਾਲ ਜਿੱਥੇ ਸੜਕਾਂ ’ਤੇ ਆਵਾਜਾਈ ਸੌਂਖੀ ਹੋਵੇਗੀ, ਉੱਥੇ ਸੜਕ ਹਾਦਸਿਆਂ ਨੂੰ ਵੀ ਠੱਲ੍ਹ ਪਵੇਗੀ। ਜਿਸ ਨਾਲ ਲੋਕਾਂ ਦੀਆਂ ਕੀਮਤੀ ਜਾਨਾਂ ਵੀ ਬਚਾਈਆਂ ਜਾ ਸਕਣਗੀਆਂ।

Load More Related Articles
Load More By Nabaz-e-Punjab
Load More In General News

Check Also

ਟਰੈਫ਼ਿਕ ਚਲਾਨ ਨਾ ਭੁਗਤਨ ਵਾਲਿਆਂ ਦੇ ਵਾਹਨਾਂ ਨੂੰ ਕੀਤਾ ਜਾਵੇਗਾ ‘ਬਲੈਕਲਿਸਟ: ਆਰਟੀਏ

ਟਰੈਫ਼ਿਕ ਚਲਾਨ ਨਾ ਭੁਗਤਨ ਵਾਲਿਆਂ ਦੇ ਵਾਹਨਾਂ ਨੂੰ ਕੀਤਾ ਜਾਵੇਗਾ ‘ਬਲੈਕਲਿਸਟ: ਆਰਟੀਏ ਨਬਜ਼-ਏ-ਪੰਜਾਬ, ਮੁਹਾਲੀ…