ਈ-ਚਲਾਨ: ਮੁਹਾਲੀ ਵਿੱਚ ਚਾਰ ਦਿਨਾਂ ਵਿੱਚ 6962 ਚਲਾਨ, 110 ਲੋਕਾਂ ਨੇ ਭੁਗਤਿਆਂ ਚਲਾਨ
ਚੰਡੀਗੜ੍ਹ ਤੋਂ ਬਾਅਦ ਹੁਣ ਮੁਹਾਲੀ ਵਿੱਚ ਟਰੈਫ਼ਿਕ ਨਿਯਮ ਦੀ ਉਲੰਘਣਾ ਵਾਲਿਆਂ ਦੀ ਖੈਰ ਨਹੀਂ
ਨਿਯਮ ਤੋੜਨ ਵਾਲਿਆਂ ’ਤੇ ਬਾਜ਼ ਅੱਖ ਰੱਖਣ ਲਈ 21.60 ਕਰੋੜ ਦੇ ਲਾਏ ਸੀਸੀਟੀਵੀ ਕੈਮਰੇ
ਨਬਜ਼-ਏ-ਪੰਜਾਬ, ਮੁਹਾਲੀ, 11 ਮਾਰਚ:
ਚੰਡੀਗੜ੍ਹ ਤੋਂ ਬਾਅਦ ਮੁਹਾਲੀ ਵਿੱਚ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਖੈਰ ਨਹੀਂ। ਮੁਹਾਲੀ ਪੁਲੀਸ ਨੇ ਈ-ਚਲਾਨ ਕਰਨੇ ਸ਼ੁਰੂ ਕਰ ਦਿੱਤੇ ਹਨ। ਜੋ ਵੀ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰੇਗਾ, ਚਲਾਨ ਉਸ ਦੇ ਘਰ ਪਹੁੰਚ ਜਾਵੇਗਾ। ਮੁਹਾਲੀ ਵਿੱਚ ਸਿਟੀ ਸਰਵੀਲੈਂਸ ਸਿਸਟਮ ਤੇ ਟਰੈਫ਼ਿਕ ਮੈਨੇਜਮੈਂਟ ਸਿਸਟਮ ਲਾਗੂ ਹੋਣ ’ਤੇ ਚਾਰ ਦਿਨਾਂ ਅੰਦਰ 6962 ਚਲਾਨ ਹੋਏ ਹਨ ਅਤੇ ਕਰੀਬ 110 ਵਾਹਨ ਚਾਲਕਾਂ ਨੇ ਚਲਾਨ ਦਾ ਭੁਗਤਾਨ ਕੀਤਾ ਹੈ। ਕਾਬਿਲੇਗੌਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੀ 6 ਮਾਰਚ ਨੂੰ ਮੁਹਾਲੀ ਵਿੱਚ 21.60 ਕਰੋੜ ਰੁਪਏ ਦੀ ਲਾਗਤ ਨਾਲ ਸਿਟੀ ਸਰਵੀਲੈਂਸ ਸਿਸਟਮ ਤੇ ਟਰੈਫ਼ਿਕ ਮੈਨੇਜਮੈਂਟ ਸਿਸਟਮ ਦਾ ਰਸਮੀ ਉਦਘਾਟਨ ਕੀਤਾ ਸੀ। ਇਹ ਮੁਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਦਾ ਡਰੀਮ ਪ੍ਰਾਜੈਕਟ ਸੀ।
ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ‘ਪੰਜਾਬੀ ਟ੍ਰਿਬਿਊਨ’ ਨੂੰ ਦੱਸਿਆ ਕਿ ਸੈਕਟਰ-79 ਵਿੱਚ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਨਾਲ ਮਿਲ ਕੇ 17 ਪ੍ਰਮੁੱਖ ਥਾਵਾਂ ’ਤੇ ਲੱਗੇ 351 ਹਾਈ-ਰੈਜ਼ੋਲਿਊਸ਼ਨ ਸੀਸੀਟੀਵੀ ਕੈਮਰਿਆਂ ਨੂੰ ਆਪਸ ਵਿੱਚ ਜੋੜੇਗਾ ਅਤੇ ਨਿਗਰਾਨੀ ਯਕੀਨੀ ਬਣਾਏਗਾ। ਉਨ੍ਹਾਂ ਦੱਸਿਆ ਕਿ ਹੁਣ ਤੱਕ ਤਕਰੀਬਨ ਸੱਤ ਹਜ਼ਾਰ ਚਲਾਨ ਕੀਤੇ ਜਾ ਚੁੱਕੇ ਹਨ। ਜਿਨ੍ਹਾਂ ’ਚੋਂ 100 ਤੋਂ ਵੱਧ ਲੋਕ ਚਲਾਨ ਭੁਗਤ ਚੁੱਕੇ ਹਨ ਅਤੇ ਲੱਖਾਂ ਰੁਪਏ (104,500) ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾ ਹੋਏ ਹਨ। ਉਨ੍ਹਾਂ ਦੱਸਿਆ ਕਿ ਬਿਨਾਂ ਹੈਲਮਟ ਤੋਂ ਡਰਾਈਵਿੰਗ ਕਰਨ ਵਾਲੀਆਂ ਕਰੀਬ 50 ਅੌਰਤਾਂ ਦੇ ਚਲਾਨ ਕੱਟੇ ਗਏ ਹਨ ਜਦੋਂਕਿ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਲਾਲ ਬੱਤੀ ਉੱਤੇ ਰੁਕਣ ਸਮੇਂ ਜ਼ੈਬਰਾ ਕਰਾਸਿੰਗ ਦੀ ਉਲੰਘਣਾ ਦੇ ਦੋਸ਼ ਤਹਿਤ ਵੀ ਦਰਜਨਾਂ ਚਲਾਨ ਕੀਤੇ ਗਏ ਹਨ।
ਡੀਐਸਪੀ ਬੱਲ ਨੇ ਕਿਹਾ ਕਿ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਬਿਲਕੁਲ ਬਰਦਾਸ਼ਤ ਕੀਤੀ ਜਾਵੇਗੀ ਅਤੇ ਈ-ਚਲਾਨ ਸਿਸਟਮ ਰਾਹੀਂ ਸਿਫ਼ਾਰਸ਼ ਦੀ ਕੋਈ ਗੁੰਜਾਇਸ਼ ਨਹੀਂ ਬਚਦੀ ਹੈ ਅਤੇ ਨਾ ਹੀ ਸਿਫ਼ਾਰਸ਼ ਮੰਨੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਹਾਲੀ ਸ਼ਹਿਰ ਸਮੇਤ ਸਮੁੱਚੇ ਜ਼ਿਲ੍ਹੇ ਅੰਦਰ 20 ਕੁ ਅਜਿਹੀਆਂ ਖ਼ਤਰਨਾਕ ਥਾਵਾਂ ਹਨ। ਜਿੱਥੇ ਅਕਸਰ ਤੇਜ਼ ਰਫ਼ਤਾਰੀ ਅਤੇ ਲਾਪਰਵਾਹੀ ਦੇ ਚੱਲਦਿਆਂ ਐਕਸੀਡੈਂਟ ਹੁੰਦੇ ਹਨ ਅਤੇ ਹੁਣ ਤੱਕ ਕਾਫ਼ੀ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਨਵੇਂ ਸਿਸਟਮ ਵਿੱਚ 175 ਆਟੋਮੈਟਿਕ ਨੰਬਰ ਪਲੇਟ ਸ਼ਨਾਖ਼ਤ (ਏਐਨਪੀਆਰ) ਕੈਮਰੇ, 50 ਲਾਲ ਬੱਤੀ ਉਲੰਘਣਾ ਡਿਟੈਕਸ਼ਨ ਕੈਮਰੇ, ਆਮ ਨਿਗਰਾਨੀ ਲਈ 92 ਬੁਲੇਟ ਕੈਮਰੇ, ਵਧੇਰੇ ਚੌਕਸੀ ਲਈ 18 ਪੀਟੀਜ਼ੈੱਡ (ਪੈਨ, ਟਿਲਟ ਅਤੇ ਜ਼ੂਮ) ਕੈਮਰੇ ਅਤੇ 16 ਕੈਮਰਿਆਂ ਨਾਲ ਲੈਸ ਦੋ ਮੁੱਖ ਸਥਾਨਾਂ ’ਤੇ ਸਪੀਡ ਉਲੰਘਣਾ ਡਿਟੈਕਸ਼ਨ ਸਿਸਟਮ ਸ਼ਾਮਲ ਹਨ।
ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸ਼ਹਿਰ ਵਿੱਚ ਟਰੈਫ਼ਿਕ ਕੰਟਰੋਲ ਅਤੇ ਸੀਸੀਟੀਵੀ ਕੈਮਰੇ ਲਗਾਉਣ ਦਾ ਡਰੀਮ ਪ੍ਰਾਜੈਕਟ ਸੀ, ਜੋ ਹੁਣ ਜਾ ਕੇ ਪੂਰਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਤੋਂ ਬਾਅਦ ਸਖ਼ਤੀ ਨਾਲ ਟਰੈਫ਼ਿਕ ਨਿਯਮ ਲਾਗੂ ਕਰਨ ਵਾਲਾ ਮੁਹਾਲੀ, ਪੰਜਾਬ ਦਾ ਪਹਿਲਾ ਸ਼ਹਿਰ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਹੁਣ ਮੁਹਾਲੀ ਵਿੱਚ ਸੜਕ ਹਾਦਸੇ ਘਟਣਗੇ ਅਤੇ ਵਾਰਦਾਤਾਂ ਨੂੰ ਅੰਜਾਮ ਦੇ ਕੇ ਸ਼ਹਿਰ ’ਚੋਂ ਬਾਹਰ ਭੱਜਣ ਵਾਲੇ ਅਪਰਾਧੀਆਂ ਦੀ ਪੈੜ ਨੱਪਣ ਵਿੱਚ ਵੀ ਪੁਲੀਸ ਨੂੰ ਮਦਦ ਮਿਲੇਗੀ। ਉਨ੍ਹਾਂ ਸਮੂਹ ਨਾਗਰਿਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਟਰੈਫ਼ਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਤਾਂ ਜੋ ਉਨ੍ਹਾਂ ਦੀ ਆਪਣੀ ਅਤੇ ਹੋਰਨਾਂ ਵਿਅਕਤੀਆਂ ਦੀ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਉਨ੍ਹਾਂ ਪੁਲੀਸ ਦੇ ਹਵਾਲੇ ਨਾਲ ਦੱਸਿਆ ਕਿ ਹੁਣ ਤੱਕ ਜਿੰਨੇ ਵੀ ਸੜਕ ਹਾਦਸੇ ਵਾਪਰੇ ਹਨ, ਉਨ੍ਹਾਂ ਵਿੱਚ ਜ਼ਿਆਦਾਤਰ ਲਾਪਰਵਾਹੀ ਜਾਂ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਵਾਪਰੇ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਆਵਾਜਾਈ ਨੂੰ ਸੌਖਾ ਬਣਾਉਣ ਲਈ ਮੁੱਖ ਸੜਕਾਂ ਨੂੰ ਚੌੜਾ ਤੇ ਮਜ਼ਬੂਤ ਬਣਾਇਆ ਜਾ ਰਿਹਾ ਹੈ।