ਦਰਜਾ ਚਾਰ ਮੁਲਾਜ਼ਮਾਂ ਵੱਲੋਂ ਸਿੱਖਿਆ ਬੋਰਡ ਦੇ ਬਾਹਰ ਅਰਥੀ ਫੂਕ ਮੁਜ਼ਾਹਰਾ, ਵਣ ਭਵਨ ਵੱਲ ਰੋਸ ਮਾਰਚ

ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ, ਮੁੱਖ ਮੰਤਰੀ ਦਫ਼ਤਰ ਦੇ ਫ਼ੀਲਡ ਅਫ਼ਸਰ ਮੌਕੇ ’ਤੇ ਪਹੁੰਚੇ

ਨਬਜ਼-ਏ-ਪੰਜਾਬ, ਮੁਹਾਲੀ, 26 ਸਤੰਬਰ:
ਦੀ ਕਲਾਸ ਫੋਰ ਗੌਰਮਿੰਟ ਐਂਪਲਾਈਜ਼ ਯੂਨੀਅਨ ਵੱਲੋਂ ਅੱਜ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਹਰ ਪੰਜਾਬ ਦੀ ਆਪ ਸਰਕਾਰ ਦਾ ਜ਼ਬਰਦਸਤ ਪਿੱਟ ਸਿਆਪਾ ਕੀਤਾ ਅਤੇ ਹੁਕਮਰਾਨਾਂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਅਰਥੀ ਫੂਕੀ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਚੌਥਾ ਦਰਜਾ ਅਤੇ ਡੇਲੀਵੇਜ ਕਰਮਚਾਰੀਆਂ ਦੇ ਹੱਕਾਂ ਨਾਲ ਖਿਲਵਾੜ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਬਣਦਾ ਹੱਕ ਦੇਣ ਤੋਂ ਪੱਲਾ ਝਾੜ ਰਹੀ ਹੈ। ਉਨ੍ਹਾਂ ਕਿਹਾ ਕਿ ਰੈਗੂਲਰ ਦਰਜਾ ਚਾਰ ਕਰਮਚਾਰੀਆਂ ਦੀਆਂ ਵਿਚਾਰੀਆਂ ਗਈਆਂ ਮੰਗਾਂ ’ਤੇ ਅਮਲ ਕਰਵਾਉਣ ਸਬੰਧੀ ਨੋਟਿਸ ਅਤੇ ਐਡਹਾਕ, ਕੰਟਰੈਕਟ, ਡੇਲੀਵੇਜ, ਵਰਕਚਾਰਜ ਅਤੇ ਟੈਂਪਰੇਰੀ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਖੇਤਰੀ ਦਫ਼ਤਰ ਅੱਗੇ ਮੁਜ਼ਾਹਰਾ ਕੀਤਾ।
ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਘੱਟ ਪੜੇ ਲਿਖੇ ਡੇਲੀਵੇਜ ਕਰਮਚਾਰੀਆਂ (ਜੋ ਲੰਮੇ ਸਮੇਂ ਕੰਮ ਕਰ ਰਹੇ ਹਨ ਅਤੇ ਕੰਮ ਦਾ ਤਜਰਬਾ ਵੀ ਰੱਖਦੇ ਹਨ) ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਦੀ ਰੈਗੂਲਾਈਜੇਸ਼ਨ ਨੀਤੀ 2011, 2015 ਅਤੇ 2016 ਦੀਆਂ ਪਹਿਲੀਆਂ ਨੀਤੀਆਂ ਦੇ ਬਿਲਕੁਲ ਉਲਟ ਹੈ। ਮੌਜੂਦਾ ਨੀਤੀ ਤਹਿਤ ਪੰਜਾਬ ਦੇ ਜ਼ਿਆਦਾਤਰ ਕੱਚੇ ਕਰਮਚਾਰੀ ਕਵਰ ਹੀ ਨਹੀਂ ਹੋਣਗੇ।
ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਸਿੱਖਿਆ ਬੋਰਡ ਦੇ ਬਾਹਰ ਦਿੱਤੇ ਜਾ ਰਹੇ ਧਰਨੇ ਦੌਰਾਨ ਆਗੂਆਂ ਨੇ ਮੌਕੇ ’ਤੇ ਪਹੁੰਚੇ ਮੁੱਖ ਮੰਤਰੀ ਦਫ਼ਤਰ ਦੇ ਫ਼ੀਲਡ ਅਫ਼ਸਰ ਇੰਦਰਪਾਲ ਸਿੰਘ ਨੂੰ ਸਾਂਝਾ ਮੰਗ ਪੱਤਰ ਦਿੱਤਾ। ਇਸ ਮੌਕੇ ਡੀਐਸਪੀ ਹਰਸਿਮਰਨ ਸਿੰਘ ਬੱਲ ਵੀ ਮੌਜੂਦ ਸਨ। ਇਸ ਤੋਂ ਬਾਅਦ ਧਰਨਾਕਾਰੀਆਂ ਨੇ ਵਣ ਭਵਨ ਵੱਲ ਮਾਰਚ ਕੀਤਾ ਅਤੇ ਉੱਥੇ ਪਹੁੰਚ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਧਰਨੇ ਦੀ ਸਮਾਪਤੀ ਕੀਤੀ।

Load More Related Articles

Check Also

Punjab seeks legal action against BBMB Chairman for misleading hon’ble High Court

Punjab seeks legal action against BBMB Chairman for misleading hon’ble High Court Ch…