ਇਕੋਸਿਟੀ-2: ਗਮਾਡਾ ਕਿਸਾਨਾਂ ਨੂੰ ਐਲਓਆਈ ਦੇ ਕੇ ਪਲਾਟ ਦੇਣਾ ਭੁੱਲਿਆ, ਕਿਸਾਨਾਂ ’ਚ ਰੋਸ

ਇੱਕ ਦਹਾਕੇ ਤੋਂ ਖੱਜਲ-ਖੁਆਰ ਹੋ ਰਹੇ ਨੇ ਕਿਸਾਨ, ਪਲਾਟ ਮਿਲਣ ਦੀ ਉਡੀਕ ਹੋਈ ਲੰਮੀ

ਨਬਜ਼-ਏ-ਪੰਜਾਬ, ਮੁਹਾਲੀ, 15 ਸਤੰਬਰ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਕਿਸਾਨਾਂ ਨੂੰ ਐਲਓਆਈ ਦੇਣ ਤੋਂ ਬਾਅਦ ਜ਼ਮੀਨ ਮਾਲਕਾਂ ਨੂੰ ਪਲਾਟ ਦੇਣਾ ਭੁੱਲ ਗਿਆ ਹੈ। ਜਿਸ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੀੜਤ ਕਿਸਾਨ ਅਵਤਾਰ ਸਿੰਘ ਵਾਲੀਆ, ਸਤਵੀਰ ਸਿੰਘ, ਜਗਤਾਰ ਸਿੰਘ, ਮੱਖਣ ਸਿੰਘ ਅਤੇ ਜਤਿੰਦਰ ਸਿੰਘ ਨੇ ਦੱਸਿਆ ਕਿ ਗਮਾਡਾ ਵੱਲੋਂ ਸਾਲ 2013 ਵਿੱਚ ਇਕੋਸਿਟੀ-2 (ਐਕਸਟੈਂਸ਼ਨ) ਸਕੀਮ ਤਹਿਤ ਪਿੰਡ ਹੁਸ਼ਿਆਰਪੁਰ ਦੀ 96 ਏਕੜ ਜ਼ਮੀਨ ਐਕੁਆਇਰ ਕੀਤੀ ਗਈ ਸੀ। ਕਿਸਾਨਾਂ ਨੂੰ ਲੈਂਡ-ਪੁਲਿੰਗ ਸਕੀਮ ਅਧੀਨ ਪਲਾਟਾਂ ਦੇ ਐਲਓਆਈ ਪੱਤਰ ਜਾਰੀ ਕਰਕੇ ਜ਼ਮੀਨ ਨੂੰ ਛੇਤੀ ਵਿਕਸਤ ਕਰਕੇ ਪਲਾਟ ਅਲਾਟ ਕਰਨ ਦਾ ਭਰੋਸਾ ਦਿੱਤਾ ਗਿਆ। ਲੇਕਿਨ 11 ਸਾਲ ਬੀਤ ਜਾਣ ਦੇ ਬਾਵਜੂਦ ਗਮਾਡਾ ਨੇ ਜ਼ਮੀਨ ਮਾਲਕਾਂ ਨੂੰ ਹਾਲੇ ਤੱਕ ਪਲਾਟ ਨਹੀਂ ਦਿੱਤੇ।
ਅਵਤਾਰ ਸਿੰਘ ਵਾਲੀਆ ਨੇ ਦੱਸਿਆ ਕਿ ਉਕਤ 96 ਏਕੜ ਜ਼ਮੀਨ ਵਿੱਚ ਗਮਾਡਾ ਵੱਲੋਂ 106 ਰਿਹਾਇਸ਼ੀ ਪਲਾਟ, 66 ਕਮਰਸ਼ੀਅਲ ਪਲਾਟ, 2 ਵੱਡੇ ਮਿਕਸ ਲੈਂਡ ਯੂਜ਼ ਪਲਾਟ, ਇੱਕ ਖੇਡ ਕੰਪਲੈਕਸ ਅਤੇ ਇੱਕ ਵਾਟਰ ਵਰਕਸ ਦਾ ਨਕਸ਼ਾ ਪਲਾਨ ਕੀਤਾ ਗਿਆ। ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਨਾ ਤਾਂ ਗਮਾਡਾ ਨੇ ਉਕਤ ਜ਼ਮੀਨ ਨੂੰ ਵਿਕਸਤ ਕੀਤਾ ਗਿਆ ਅਤੇ ਨਾ ਹੀ ਕਿਸਾਨਾਂ ਨੂੰ ਪਲਾਟਾਂ ਦੀ ਅਲਾਟਮੈਂਟ ਕੀਤੀ ਗਈ। ਜਿਸ ਕਾਰਨ ਉਹ ਆਪਣੇ ਮਕਾਨ ਅਤੇ ਸ਼ੋਅਰੂਮ ਬਣਾਉਣ ਨੂੰ ਤਰਸ ਗਏ ਹਨ। ਪੀੜਤ ਇੱਕ ਦਹਾਕੇ ਤੋਂ ਗਮਾਡਾ ਅਧਿਕਾਰੀਆਂ ਦੇ ਤਰਲੇ ਕੱਢ ਰਹੇ ਹਨ ਲੇਕਿਨ ਕੋਈ ਉਨ੍ਹਾਂ ਦੀ ਬਾਂਹ ਫੜਨ ਨੂੰ ਤਿਆਰ ਨਹੀਂ ਹੈ।
ਪੀੜਤ ਕਿਸਾਨਾਂ ਨੇ ਕਿਹਾ ਕਿ ਇਕ ਤਾਂ ਗਮਾਡਾ ਨੇ ਉਨ੍ਹਾਂ ਦੀਆਂ ਉਪਜਾਊ ਜ਼ਮੀਨਾਂ ਅਤੇ ਬਾਗ ਹੜੱਪ ਲਏ ਗਏ, ਦੂਜਾ ਉਨ੍ਹਾਂ ਨੂੰ ਪਲਾਟਾਂ ਦੀ ਅਲਾਟਮੈਂਟ ਕਰਨ ਤੋਂ ਵੀ ਆਨਾਕਾਨੀ ਕੀਤੀ ਜਾ ਰਹੀ ਹੈ। ਜਿਸ ਕਾਰਨ ਹੁਣ ਉਨ੍ਹਾਂ ਨੂੰ ਆਪਣੇ ਪਰਿਵਾਰ ਅਤੇ ਬੱਚਿਆਂ ਦੇ ਭਵਿੱਖ ਦੀ ਚਿੰਤਾ ਸਤਾ ਰਹੀ ਹੈ ਅਤੇ ਉਹ ਖ਼ੁਦ ਨੂੰ ਠਗਿਆ ਹੋਇਆ ਮਹਿਸੂਸ ਕਰ ਰਹੇ ਹਨ। ਕਿਸਾਨਾਂ ਨੇ ਦੱਸਿਆ ਕਿ ਗਮਾਡਾ ਨੇ ਹਾਈ ਕੋਰਟ ਵਿੱਚ ਐਕੁਜੀਸ਼ਨ ਖ਼ਿਲਾਫ਼ ਦਾਇਰ ਪਟੀਸ਼ਨ ਵਿੱਚ ਇਹ ਬਿਆਨ ਦੇ ਕੇ ਖ਼ਾਰਜ ਕਰਵਾ ਦਿੱਤੀ ਕਿ ਕਿਸਾਨਾਂ ਨੂੰ ਪਲਾਟਾਂ ਦੀ ਅਲਾਟਮੈਂਟ ਕਰ ਦਿੱਤੀ ਗਈ ਹੈ ਪਰ ਅਸਲੀਅਤ ਇਹ ਹੈ ਕਿ ਅਜੇ ਤਾਈਂ ਅਲਾਟਮੈਂਟ ਦਾ ਕੰਮ ਪੈਂਡਿੰਗ ਪਿਆ ਹੈ।
ਕਿਸਾਨਾਂ ਨੇ ਦੋਸ਼ ਲਾਇਆ ਕਿ ਗਮਾਡਾ ਇਕੋਸਿਟੀ-2 (ਐਕਸਟੈਂਸ਼ਨ) ਸਕੀਮ ਲਾਂਚ ਕਰਨ ਵਿੱਚ ਹੋ ਰਹੀ ਦੇਰੀ ਕਾਰਨ ਨਿਊਂ ਚੰਡੀਗੜ੍ਹ ਵਿੱਚ ਬਿਲਡਰਾਂ ਨੂੰ ਫ਼ਾਇਦਾ ਪਹੁੰਚ ਰਿਹਾ ਹੈ ਜਦੋਂਕਿ ਗਮਾਡਾ ਦੀ ਆਪਣੀ ਅਰਬਾਂ ਦੀ ਜ਼ਮੀਨ ਬੇਆਬਾਦ ਪਈ ਹੈ। ਉਨ੍ਹਾਂ ਕਿਹਾ ਕਿ ਜੇਕਰ ਗਮਾਡਾ ਨੇ ਜਲਦੀ ਹੀ ਸਬੰਧਤ ਜ਼ਮੀਨ ਮਾਲਕਾਂ\ਕਿਸਾਨਾਂ ਨੂੰ ਪਲਾਟਾਂ ਦੀ ਅਲਾਟਮੈਂਟ ਨਾ ਕੀਤੀ ਤਾਂ ਉਹ ਗਮਾਡਾ ਵਿਰੁੱਧ ਲੜੀਵਾਰ ਸੰਘਰਸ਼ ਸ਼ੁਰੂ ਕਰਨਗੇ ਅਤੇ ਲੋੜ ਪੈਣ ’ਤੇ ਮੁੜ ਹਾਈ ਕੋਰਟ ਦਾ ਦਰਵਾਜਾ ਖੜਕਾਇਆ ਜਾਵੇਗਾ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਮੁਨੀਸ਼ ਕੁਮਾਰ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਹਾਲ ਹੀ ਵਿੱਚ ਈਕੋਸਿਟੀ-2 ਪ੍ਰਾਜੈਕਟ ਨੂੰ ਰਿਵਿਊ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਬੰਧਤ ਅਮਲੇ ਤੋਂ ਰਿਪੋਰਟ ਮੰਗੀ ਗਈ ਹੈ ਅਤੇ ਜਲਦੀ ਹੀ ਇਸ ਮਸਲੇ ਦਾ ਹੱਲ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਸਾਉਣੀ ਸੀਜ਼ਨ: ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਬਰਸਟ ਨੇ ਅਗੇਤੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

ਸਾਉਣੀ ਸੀਜ਼ਨ: ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਬਰਸਟ ਨੇ ਅਗੇਤੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਪੰਜਾਬ ਦੀਆਂ…