nabaz-e-punjab.com

ਈਡੀ ਕੇਸ: ਮੁਹਾਲੀ ਅਦਾਲਤ ਨੇ ਧਰਮਸੋਤ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ

ਨਬਜ਼-ਏ-ਪੰਜਾਬ, ਮੁਹਾਲੀ, 16 ਜਨਵਰੀ:
ਕੇਂਦਰੀ ਜਾਂਚ ਏਜੰਸੀ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਪੰਜਾਬ ਦੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਅੱਜ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਕਾਂਗਰਸ ਆਗੂ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਈਡੀ ਦੀ ਵਿਸ਼ੇਸ਼ ਟੀਮ ਧਰਮਸੋਤ ਨੂੰ ਜਲੰਧਰ ਤੋਂ ਲੈ ਕੇ ਮੁਹਾਲੀ ਅਦਾਲਤ ਆਈ ਸੀ ਅਤੇ ਮੀਡੀਆ ਨੂੰ ਝਕਾਨੀ ਦੇ ਕੇ ਬੇਸਮੈਂਟ ਦੇ ਰਸਤੇ ਅਦਾਲਤ ਵਿੱਚ ਪੇਸ਼ ਕੀਤਾ ਅਤੇ ਮਹਿਜ਼ 15 ਕੁ ਮਿੰਟਾਂ ਵਿੱਚ ਤਿੰਨ ਦਿਨ ਦਾ ਰਿਮਾਂਡ ਲੈ ਕੇ ਵਾਪਸ ਪਰਤ ਗਈ।
ਹਾਲਾਂਕਿ ਪੰਜਾਬ ਵਿੱਚ ਸਤਾ ਪਰਿਵਰਤਨ ਤੋਂ ਬਾਅਦ ਵਿਜੀਲੈਂਸ ਬਿਊਰੋ ਵੱਲੋਂ ਜੰਗਲਾਤ ਵਿਭਾਗ ਦੀ ਜ਼ਮੀਨ ਵਿੱਚ ਖੜੇ ਦਰਖ਼ਤ ਕੱਟਣ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਦੇ ਵੱਡੇ ਘੁਟਾਲੇ ਵਿੱਚ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪਿਛਲੇ ਸਾਲ 30 ਨਵੰਬਰ ਨੂੰ ਈਡੀ ਨੇ ਇਹ ਮਾਮਲਾ ਆਪਣੇ ਹੱਥਾਂ ਵਿੱਚ ਲੈ ਲਿਆ ਸੀ ਅਤੇ ਕੁੱਝ ਦਿਨ ਪਹਿਲਾਂ ਹੀ ਈਡੀ ਦੀਆਂ ਵੱਖ-ਵੱਖ ਟੀਮਾਂ ਵੱਲੋਂ ਪੰਜਾਬ ਵਿੱਚ 14 ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਸੀ। ਮਿਲੀ ਜਾਣਕਾਰੀ ਅਨੁਸਾਰ ਸੰਮਨਾਂ ਦੀ ਤਾਮੀਲ ਕਰਦੇ ਹੋਏ ਸੋਮਵਾਰ ਨੂੰ ਧਰਮਸੋਤ ਦੂਜੀ ਵਾਰ ਈਡੀ ਦੀ ਜਾਂਚ ਟੀਮ ਅੱਗੇ ਪੇਸ਼ ਹੋਏ ਸਨ ਅਤੇ ਪੁੱਛਗਿੱਛ ਦੌਰਾਨ ਧਰਮਸੋਤ ਮਨੀ ਲਾਂਡਰਿੰਗ ਅਤੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ ਤਾਂ ਈਡੀ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਪਾ ਲਈ।
ਈਡੀ ਦੀ ਜਾਣਕਾਰੀ ਅਨੁਸਾਰ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸਾਬਕਾ ਮੰਤਰੀ ਧਰਮਸੋਤ ਆਪਣੇ ਚਹੇਤੇ ਠੇਕੇਦਾਰ ਹਰਵਿੰਦਰ ਸਿੰਘ ਹੰਮੀ, ਕਾਂਗਰਸ ਵਜ਼ਾਰਤ ਦੌਰਾਨ ਉਨ੍ਹਾਂ ਨਾਲ ਓਐਸਡੀ ਰਹੇ ਕੰਵਲਪ੍ਰੀਤ ਸਿੰਘ ਰਾਹੀਂ ਰਿਸ਼ਵਤ ਦਾ ਪੈਸਾ ਲੈਂਦਾ ਸੀ। ਇਹ ਦੋਸ਼ ਵਿਜੀਲੈਂਸ ਨੇ ਵੀ ਆਪਣੀ ਜਾਂਚ ਦੌਰਾਨ ਲਗਾਏ ਸੀ। ਇਸ ਮਾਮਲੇ ਵਿੱਚ ਉਕਤ ਵਿਅਕਤੀਆਂ ਸਮੇਤ ਹੋਰਨਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਪ੍ਰੰਤੂ ਫਿਲਹਾਲ ਗ੍ਰਿਫ਼ਤਾਰੀ ਧਰਮਸੋਤ ਦੀ ਹੀ ਹੋਈ ਹੈ ਅਤੇ ਬਾਕੀ ਫ਼ਰਾਰ ਦੱਸੇ ਜਾ ਰਹੇ ਹਨ। ਇੱਕ ਹੋਰ ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆ ਦੀ ਭੂਮਿਕਾ ਬਾਰੇ ਈਡੀ ਵੱਲੋਂ ਵੱਖਰੇ ਤੌਰ ’ਤੇ ਤਫ਼ਤੀਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜੰਗਲਾਤ ਵਿਭਾਗ ਦੇ ਕਈ ਅਧਿਕਾਰੀ ਵੀ ਈਡੀ ਦੀ ਰਾਡਾਰ ’ਤੇ ਹਨ। ਈਡੀ ਦੀ ਜਾਂਚ ਟੀਮ ਲੇ ਇਸ ਮਾਮਲੇ ਵਿੱਚ ਲੋੜੀਂਦੇ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦਾ ਹਵਾਲਾ ਦੇ ਕੇ ਧਰਮਸੋਤ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀ ਧਰਮਸੋਤ ਅਤੇ ਬਾਕੀ ਸਹਿ ਮੁਲਜ਼ਮਾਂ ਦੀ ਜਾਇਦਾਦਾਂ ਅਤੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਜਾਣੀ ਹੈ। ਜਾਂਚ ਦੌਰਾਨ ਹੋਰ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …